ਜਿਲ੍ਹਾ ਪ੍ਰਸ਼ਾਸਨ ਡਰਾਅ ਰਾਹੀਂ ਦੇਵੇਗਾ ਪਟਾਕੇ ਵੇਚਣ ਦੇ ਲਾਇਸੈਂਸ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਇਸ ਵਾਰ ਵੀ ਦੁਕਾਨਦਾਰ ਦੁਸਿਹਰੇ ਤੇ ਦਿਵਾਲੀ ਮੌਕੇ ਬਿਨਾਂ ਲਾਇਸੈਂਸ ਤੋਂ
ਪਟਾਕੇ ਨਹੀਂ ਵੇਚ ਸਕਣਗੇ। ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਵਲੋਂ ਸਬੰਧਤ ਐਸ.ਡੀ.ਐਮਾਂ ਨੂੰ ਵਿਸ਼ੇਸ਼ ਹਦਾਇਤ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਉਹ ਇੰਨਾਂ ਹੁਕਮਾਂ ਦੇ ਸੰਦਰਭ ਵਿਚ ਆਪਣੇ-ਆਪਣੇ ਇਲਾਕੇ ਵਿਚ ਨਾਜ਼ਾਇਜ ਤੌਰ ’ਤੇ ਪਟਾਕੇ ਵੇਚਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਛਾਪੇ ਮਾਰ ਨੇ ਸ਼ੁਰੂ ਕਰ ਦਿੱਤੇ ਹਨ।ਢਿਲੋਂ ਨੇ ਦੱਸਿਆ ਕਿ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਦਿੱਤੀਆਂ ਵਿਸ਼ੇਸ਼ ਹਦਾਇਤਾਂ ਅਨੁਸਾਰ ਦਿਵਾਲੀ ਅਤੇ ਗੁਰਪੁਰਬ ਦੇ ਤਿਉਹਾਰ ਮੌਕੇ ਪਟਾਕਿਆਂ ਦੀ ਵਿਕਰੀ ਲਈ ਅਸਥਾਈ ਲਾਇਸੈਂਸ ਜਾਰੀ ਕੀਤੇ ਜਾਣਗੇ ਅਤੇ ਜਿੰਨਾ ਦੁਕਾਨਦਾਰਾਂ ਨੇ ਇਹ ਲਾਇਸੈਂਸ ਲੈਣੇ ਹਨ, ਉਹ 7 ਅਕਤੂਬਰ ਸ਼ਾਮ 5 ਵਜੇ ਤੱਕ ਅਸਲਾ ਸ਼ਾਖਾ, ਡੀ.ਸੀ ਦਫਤਰ ਵਿਚ ਆਪਣੇ ਬਿਨੈ ਪੱਤਰ ਦੇ ਸਕਦੇ ਹਨ।ਉਨਾਂ ਦੱਸਿਆ ਕਿ ਪ੍ਰਾਪਤ ਹੋਈਆਂ ਦਰਖਾਸਤਾਂ ਵਿਚੋਂ 10 ਅਕਤੂਬਰ ਨੂੰ ਜਿਲ੍ਹਾ ਮੈਜਿਸਟਰੇਟ ਦੀ ਹਾਜ਼ਰੀ ਵਿਚ ਹੀ ਪਟਾਕਿਆਂ ਦੀ ਵਿਕਰੀ ਲਈ ਲਾਇਸੈਂਸ ਦੇਣ ਵਾਸਤੇ ਡਰਾਅ ਕੱਢੇ ਜਾਣਗੇ।
ਇਸੇ ਦੌਰਾਨ ਐਸ.ਡੀ.ਐਮ ਸ਼ਿਵਰਾਜ ਸਿੰਘ ਬੱਲ ਨੇ ਦੱਸਿਆ ਕਿ ਉਨਾਂ ਨੇ ਪਿੰਡ ਇੱਬਣ ਵਿਚ ਪਟਾਕੇ ਵਿਕਣ ਦੀ ਸੂਹ ਨੂੰ ਧਿਆਨ ਵਿਚ ਰੱਖ ਕੇ ਛਾਪੇ ਮਰਵਾਏ ਸਨ, ਪਰ ਉਥੇ ਦੁਕਾਨਾਂ ਅਤੇ ਸਟੋਰਾਂ ਦੀਆਂ ਦੁਕਾਨਾਂ ਵਿਚ ਕੋਈ ਆਤਿਸ਼ਬਾਜੀ ਨਹੀਂ ਮਿਲੀ। ਇਕ ਦੁਕਾਨਦਾਰ ਕੋਲ ਆਤਿਸ਼ਬਾਜੀ ਸੀ, ਪਰ ਉਸ ਕੋਲ ਇਸ ਲਈ ਲਾਇਸੈਂਸ ਵੀ ਸੀ, ਇਸ ਕਾਰਨ ਉਸ ਨੂੰ ਸੁਰੱਖਿਆ ਦਾ ਧਿਆਨ ਰੱਖਦੇ ਹੋਏ ਆਪਣਾ ਭੰਡਾਰ ਕਰਨ ਅਤੇ ਵੇਚਣ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ।ਬੱਲ ਨੇ ਦੱਸਿਆ ਕਿ ਸ਼ਹਿਰ ਵਿਚ ਬਿਨਾਂ ਲਾਇਸੈਂਸ ਤੋਂ ਕਿਸੇ ਨੂੰ ਪਟਾਕੇ ਨਹੀਂ ਵੇਚਣ ਦਿੱਤੇ ਜਾਣਗੇ ਅਤੇ ਜੋ ਵੀ ਅਜਿਹਾ ਗੈਰ ਕਾਨੂੰਨੀ ਕੰਮ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media