Monday, December 23, 2024

ਉੜੀਸਾ ’ਚ ਗੁਰੂ ਸਾਹਿਬ ਦੀਆਂ ਯਾਦਗਾਰਾਂ ਦੀ ਸੁਰੱਖਿਆ ਲਈ ਸ਼੍ਰੋਮਣੀ ਕਮੇਟੀ ਵਚਨਬੱਧ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ -ਗੁਰਪ੍ਰੀਤ ਸਿੰਘ) –    ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਉੜੀਸਾ ਦੇ SGPC Logoਜਗਨਨਾਥ ਪੁਰੀ ਵਿਖੇ ਸਥਿਤ ਇਤਿਹਾਸਕ ਅਸਥਾਨਾਂ ਦੀ ਸੁਰੱਖਿਆ ਅਤੇ ਸਾਂਭ-ਸੰਭਾਲ ਲਈ ਨਿਰੰਤਰ ਯਤਨ ਕੀਤੇ ਹਨ।ਇਹ ਵਿਰਾਸਤਾਂ ਸਿੱਖ ਸੰਗਤਾਂ ਲਈ ਅਤਿ ਅਹਿਮ ਹਨ, ਜਿਨ੍ਹਾਂ ਦੀ ਪ੍ਰਮਾਣਿਕਤਾ ’ਤੇ ਕਿੰਤੂ ਨਹੀਂ ਕੀਤਾ ਜਾ ਸਕਦਾ।

                ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਆਖਿਆ ਕਿ ਕੁੱਝ ਲੋਕ ਸੁਰਖੀਆਂ ਖਾਤਿਰ ਜਾਣ-ਬੁਝ ਕੇ ਉੜੀਸਾ ਦੀ ਸਿੱਖ ਵਿਰਾਸਤ ਨੂੰ ਢਾਹੁਣ ਸਬੰਧੀ ਗਲਤ ਬਿਆਨਬਾਜ਼ੀ ਕਰ ਰਹੇ ਹਨ, ਜਿਸ ਤੋਂ ਸੰਗਤ ਨੂੰ ਸੁਚੇਤ ਰਹਿਣ ਦੀ ਲੋੜ ਹੈ। ਡਾ. ਰੂਪ ਸਿੰਘ ਨੇ ਕਿਹਾ ਕਿ ਉੜੀਸਾ ਵਿਖੇ ਉਹ ਖ਼ੁਦ ਤਿੰਨ ਵਾਰ ਗਏ ਹਨ ਅਤੇ ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਨੇ ਕਈ ਵਾਰ ਵਫ਼ਦ ਵੀ ਭੇਜੇ।ਉਨ੍ਹਾਂ ਕਿਹਾ ਕਿ ਪੁਰੀ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਗੁਰਦੁਆਰਾ ਬਾਵਲੀ ਮੱਠ ਦੀ ਇਤਿਹਾਸਕ ਮਹੱਤਤਾ ਹੈ।ਇਸ ਤੋਂ ਇਲਾਵਾ ਮੰਗੂ ਮੱਠ ਅਤੇ ਪੰਜਾਬੀ ਮੱਠ ਵੀ ਵਿਰਾਸਤੀ ਯਾਦਗਾਰਾਂ ਹਨ।ਇਤਿਹਾਸਕ ਸਰੋਤਾਂ ਅੰਦਰ ਇਨ੍ਹਾਂ ਬਾਰੇ ਪ੍ਰਮਾਣਿਕਤਾ ਮਿਲਦੀ ਹੈ।ਉਨ੍ਹਾਂ ਇਹ ਵੀ ਕਿਹਾ ਕਿ ਧਰਮ ਅੰਦਰ ਇਤਿਹਾਸ ਦੇ ਨਾਲ-ਨਾਲ ਮੋਖਕ ਪ੍ਰੰਪਰਾਵਾਂ ਨੂੰ ਨਕਾਰਿਆ ਨਹੀਂ ਜਾ ਸਕਦਾ।ਸ਼੍ਰੋਮਣੀ ਕਮੇਟੀ ਵੱਲੋਂ ਉੜੀਸਾ ਦੇ ਇਤਿਹਾਸਕ ਅਸਥਾਨਾਂ ਦੀ ਸਾਂਭ-ਸੰਭਾਲ ਅਤੇ ਸੇਵਾ ਸਬੰਧੀ ਉੜੀਸਾ ਸਰਕਾਰ ਅਤੇ ਜਗਨਨਾਥ ਪੁਰੀ ਮੰਦਰ ਦੇ ਪ੍ਰਬੰਧਕਾਂ ਨਾਲ ਕਈ ਵਾਰ ਵਿਚਾਰ ਵਟਾਂਦਰਾ ਹੋਇਆ ਹੈ।ਸਰਕਾਰ ਅਤੇ ਮੰਦਰ ਪ੍ਰਬੰਧਕਾਂ ਵੱਲੋਂ ਇਨ੍ਹਾਂ ਇਤਿਹਾਸਕ ਅਸਥਾਨਾਂ ਦੀ ਸੇਵਾ-ਸੰਭਾਲ ਅਤੇ ਵਰਤਮਾਨ ਸਮੇਂ ਦੀ ਲੋੜ ਅਨੁਸਾਰ ਉਸਾਰੀਆਂ ਲਈ ਵੀ ਸ਼੍ਰੋਮਣੀ ਕਮੇਟੀ ਦੀ ਸਲਾਹ ਨਾਲ ਅੱਗੇ ਵਧਣ ਦੀ ਵਚਨਬਧਤਾ ਪ੍ਰਗਟਾਈ ਜਾ ਚੁੱਕੀ ਹੈ। ਜਦੋਂ ਵੀ ਸ਼੍ਰੋਮਣੀ ਕਮੇਟੀ ਨੂੰ ਹਰੀ ਝੰਡੀ ਮਿਲੀ ਤਾਂ ਉਥੇ ਸੰਗਤ ਲਈ ਸਹੂਲਤਾਂ ਦੀ ਵਿਵਸਥਾ ਕੀਤੀ ਜਾਵੇਗੀ।ਉਨ੍ਹਾਂ ਸਪੱਸ਼ਟ ਕੀਤਾ ਕਿ ਉੜੀਸਾ ’ਚ ਗੁਰੂ ਸਾਹਿਬ ਨਾਲ ਸਬੰਧਤ ਯਾਦਗਾਰਾਂ ਅਤੇ ਸਿੱਖ ਵਿਰਾਸਤ ਸਬੰਧੀ ਗਲਤ ਪ੍ਰਚਾਰ ਨਹੀਂ ਹੋਣਾ ਚਾਹੀਦਾ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੀ ਜ਼ੁੰਮੇਵਾਰੀ ਚੰਗੀ ਤਰ੍ਹਾਂ ਪਛਾਣਦੀ ਹੈ ਅਤੇ ਸੰਗਤ ਨੂੰ ਵੀ ਸਿੱਖ ਵਿਰਾਸਤ ਸਬੰਧੀ ਗੁੰਮਰਾਹਕੁੰਨ ਪ੍ਰਚਾਰ ਦੇ ਪ੍ਰਭਾਵ ਤੋਂ ਬਚਣਾ ਚਾਹੀਦਾ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply