ਭੀਖੀ/ਮਾਨਸਾ, 7 ਅਕਤੂਬਰ (ਪੰਜਾਬ ਪੋਸਟ – ਕਮਲ ਕਾਂਤ) – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੋਖਰ ਖੁਰਦ, ਮਾਨਸਾ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ
ਵਿਖੇ ਪਰਾਲੀ ਨੂੰ ਅੱਗ ਨਾ ਲਾਈਏ, ਵਾਤਾਵਰਣ ਨੂੰ ਬਚਾਈਏ ਦੇ ਉਦੇਸ਼ ਤਹਿਤ ਕਿਸਾਨ ਮੇਲਾ ਲਾਇਆ ਗਿਆ।ਮੇਲੇ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਮੀਤ ਸਿੰਘ ਸਿੱਧੂ ਨੇ ਕੀਤੀ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਪਰਾਲੀ ਨੂੰ ਅੱਗ ਲਗਾਉਣ ਦੇ ਨਾਲ ਹੋਣ ਵਾਲੇ ਨੁਕਸਾਨ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ।ਉਨ੍ਹਾਂ ਕਿਹਾ ਕਿ ਇਸ ਨਾਲ ਵਾਤਾਵਰਣ ਪਦੂਸ਼ਿਤ ਹੁੰਦਾ ਹੈ, ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ ਤੇ ਮਿੱਤਰ ਕੀੜੇ ਨਸ਼ਟ ਹੋ ਜਾਂਦੇ ਹਨ।ਉਹਨਾਂ ਨੇ ਪਰਾਲੀ ਦੀ ਸਾਂਭ-ਸੰਭਾਲ ਦੀਆਂ ਮਸ਼ੀਨਾਂ ਤੇ ਮਿਲਣ ਵਾਲੀ ਸਬਸਿਡੀ ਬਾਰੇ ਦੱਸਿਆ ਅਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਪ੍ਰੇਰਿਤ ਕੀਤਾ।
ਸਹਿਯੋਗੀ ਨਿਰਦੇਸ਼ਕ ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਡਾ. ਜੀ.ਪੀ.ਐਸ ਸੋਢੀ ਨੇ ਮੁੱਖ ਮਹਿਮਾਨ, ਸਾਇੰਸਦਾਨਾਂ ਅਤੇ ਕਿਸਾਨ ਵੀਰਾਂ ਅਤੇ ਬੀਬੀਆਂ ਨੂੰ ਜੀ ਆਇਆਂ ਆਖਦਿਆਂ ਡਾ. ਸੋਢੀ ਨੇ ਕਿਸਾਨ ਵੀਰਾਂ ਅਤੇ ਬੀਬੀਆਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਨਾਲ ਜੁੜਨ ਲਈ ਕਿਹਾ।ਡਾ. ਸੋਢੀ ਨੇ ਕਿਸਾਨ ਵੀਰਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਕਰਵਾਏ ਜਾਂਦੇ ਸਹਾਇਕ ਧੰਦਿਆਂ ਦੀ ਸਿਖਲਾਈ ਲੈਣ ਲਈ ਪ੍ਰੇਰਿਆ।ਕਿਸਾਨ ਬੀਬੀਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਬੀਬੀਆਂ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਸਵੈ-ਸਹਾਇਤਾ ਗਰੁੱਪ ਬਨਾਉਣ ਦੀ ਸਿਖਲਾਈ ਲੈ ਕੇ ਨਾਰੀ ਸ਼ਸ਼ਕਤੀਕਰਨ ਵਿੱਚ ਆਪਣਾ ਯੋਗਦਾਨ ਪਾ ਸਕਦੀਆਂ ਹਨ।
ਮੇਲੇ ਵਿਚ ਵੱਖ-ਵੱਖ ਮਹਿਕਮਿਆਂ ਅਤੇ ਕੰਪਨੀਆਂ ਨੇ ਸਟਾਲ ਲਗਾ ਕੇ ਆਏ ਹੋਏ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਬਾਰੇ ਜਾਣੂ ਕਰਵਾਇਆ।ਡਾ. ਜਤਿੰਦਰ ਸਿੰਘ ਬਰਾੜ ਸਹਿਯੋਗੀ ਨਿਰਦੇਸ਼ਕ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਨੇ ਕਿਸਾਨ ਵੀਰਾਂ ਨੂੰ ਖੇਤੀ ਜਿਣਸਾਂ ਤੋਂ ਉਤਪਾਦ ਬਨਾਉਣ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾ ਬਾਰੇ ਜਾਣਕਾਰੀ ਦਿਤੀ, ਤਾਂ ਕਿ ਕਿਸਾਨ ਵੀਰ ਖੇਤੀ ਉਤਪਾਦਾਂ ਤੋਂ ਵਧੇਰੇ ਮੁਨਾਫਾ ਕਮਾ ਸਕਣ।ਡਾ. ਹਰਵਿੰਦਰ ਸਿੰਘ ਸਿੱਧੂ ਨੇ ਕਿਸਾਨ ਵੀਰਾਂ ਨੂੰ ਹਾੜ੍ਹੀ ਦੀਆਂ ਫਸਲਾਂ ਦੀਆਂ ਕਿਸਮਾਂ ਅਤੇ ਸਿਫਾਰਸ਼ਾਂ ਬਾਰੇ ਦੱਸਿਆ।ਡਾ. ਪ੍ਰਿਤਪਾਲ ਸਿੰਘ ਸਹਾਇਕ ਪ੍ਰੋਫੈਸਰ, ਭੂਮੀ ਵਿਗਿਆਨ ਨੇ ਕਿਸਾਨ ਵੀਰਾਂ ਨੂੰ ਅਗਾਮੀ ਹਾੜ੍ਹੀ ਰੁੱਤ ਦੀਆਂ ਫ਼ਸਲਾਂ ਵਿੱਚ ਰਸਾਇਣਕ ਖਾਦਾਂ ਦੀ ਸੁਚੱਜੀ ਅਤੇ ਸੰਤੁਲਿਤ ਵਰਤੋਂ ਸਬੰਧੀ ਵੀ ਜਾਣਕਾਰੀ ਦਿਤੀ ਗਈ। ਡਾ. ਗੁਰਦੀਪ ਸਿੰਘ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਉਲੀਕੇ ਸਿਖਲਾਈ ਕੋਰਸਾਂ ਅਤੇ ਹੋਰ ਪਸਾਰ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।ਡਾ. ਭਰਤ ਸਿੰਘ ਪ੍ਰੋਫੈਸਰ (ਪਸ਼ੂ ਵਿਗਿਆਨ) ਨੇ ਆਏ ਹੋਏ ਮਹਿਮਾਨਾਂ ਅਤੇ ਸਮੂਹ ਕਿਸਾਨ ਭਰਾਵਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਮੇਲੇ ਵਿਚ ਸ਼ਹਿਰ ਤੇ ਇਲਾਕੇ ਦੇ ਪਤਵੰਤਿਆਂ ਤੋਂ ਇਲਾਵਾ ਕਿਸਾਨ ਵੱਡੀ ਗਿਣਤੀ ਵਿਚ ਹਾਜ਼ਰ ਸਨ।
Check Also
ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ
ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …
Punjab Post Daily Online Newspaper & Print Media