Friday, February 27, 2026

ਮਨੁੱਖੀ ਸਰੋਤ ਵਿਕਾਸ ਮੰਤਰੀ ਨੇ ਨੀਂਹ ਰੱਖ ਕੇ ਕੀਤੀ ਆਈ.ਆਈ.ਐਮ ਦੀ ਸ਼ੁਰੂਆਤ

ਪੰਜਾਬ ਕੇਂਦਰ ਸਰਕਾਰ ਦੇ ਹਰ ਚੰਗੇ ਫੈਸਲੇ ਨਾਲ ਡਟ ਕੇ ਖੜਦਾ ਹੈ-ਬਾਜਵਾ
ਅੰਮ੍ਰਿਤਸਰ, 8 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਅੰਮ੍ਰਿਤਸਰ ਆਈ.ਆਈ.ਐਮ ਦੀ ਆਪਣੀ ਇਮਾਰਤ ਦੀ ਉਡੀਕ ਅੱਜ ਉਸ ਵੇਲੇ ਪੂਰੀ ਹੋ ਗਈ, PUNJ0810201904ਜਦ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪਖਰਿਯਾਲ ਨਿਸ਼ੰਕ ਨੇ ਮਾਨਾਵਾਲਾਂ ਸਥਿਤ ਕੈਂਪਸ ਵਿੱਚ ਭੂਮੀ ਪੂਜ਼ਨ ਮਗਰੋਂ ਨੀਂਹ ਦੀਆਂ ਇੱਟਾਂ ਰੱਖ ਕੇ ਇਸ ਦੇ ਭਵਨ ਨਿਰਮਾਣ ਦਾ ਕੰਮ ਰਸਮੀ ਤੌਰ `ਤੇ ਸ਼ੁਰੂ ਕਰਵਾ ਦਿੱਤਾ।ਮੰਤਰੀ ਰਮੇਸ਼ ਨੇ ਕਿਹਾ ਕਿ ਅੱਜ ਤੋਂ ਕਰੀਬ 4 ਸਾਲ ਪਹਿਲਾਂ ਅਰੁਣ ਜੇਤਲੀ ਨੇ ਇਸ ਇਮਾਰਤ ਦਾ ਨੀਂਹ ਪੱਥਰ ਰੱਖ ਦਿੱਤਾ ਸੀ, ਪਰ ਇਕ ਏਕੜ ਜ਼ਮੀਨ, ਜੋ ਕਿ ਕੈਂਪਸ ਦੇ ਵਿੱਚ ਪੈਂਦੀ ਸੀ, ਨਾ ਮਿਲਣ ਕਾਰਨ ਇਸ ਦਾ ਕੰਮ ਰੁੱਕ ਗਿਆ। ਹੁਣ ਇਹ ਜ਼ਮੀਨ ਮਿਲ ਜਾਣ ਕਾਰਨ ਇਮਾਰਤ ਲਈ ਨਕਸ਼ਾ ਤਿਆਰ ਕਰਕੇ ਇਸ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਪਹਿਲੇ ਪੜਾਅ ਲਈ 350 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ ਅਤੇ ਅਗਲੇ ਪੜਾਅ ਲਈ ਕਰੀਬ 250 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ, ਉਹ ਵੀ ਲੋੜ ਅਨੁਸਾਰ ਦੇ ਦਿੱਤੀ ਜਾਵੇਗੀ।ਉਨਾਂ ਦੱਸਿਆ ਕਿ ਇਸ ਵਿੱਚ 600 ਵਿਦਿਆਰਥੀਆਂ ਲਈ ਹੋਸਟਲ, 25 ਵਿਦਿਆਰਥੀਆਂ ਲਈ ਘਰ, 90 ਕਰਮਚਾਰੀਆਂ ਲਈ ਰਿਹਾਇਸ਼, ਹਸਪਤਾਲ, ਬੈਂਕ ਆਦਿ ਦੀ ਵਿਵਸਥਾ ਰੱਖੀ ਗਈ ਹੈ।ਉਨਾਂ ਕਿਹਾ ਕਿ ਮੰਤਰਾਲਾ ਹਰ ਮਹੀਨੇ ਇਸ ਦੀ ਪ੍ਰਗਤੀ ਰਿਪੋਰਟ ਲੈਂਦਾ ਰਹੇਗਾ ਅਤੇ ਆਸ ਹੈ ਕਿ ਇਸ ਨੂੰ ਮਿੱਥੇ ਸਮੇਂ ਵਿਚ ਪੂਰਾ ਕਰ ਲਿਆ ਜਾਵੇਗਾ।
    ਉਨਾਂ ਦੱਸਿਆ ਕਿ ਕੇਂਦਰ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸਰਬ ਧਰਮ ਅਧਿਐਨ ਕੇਂਦਰ ਬਣਾਇਆ ਜਾਵੇਗਾ, ਜਿਥੇ ਕਿ ਗੁਰੂ ਨਾਨਕ ਦੇ ਫਲਾਸਫੇ ਦਾ ਅਧਿਐਨ ਕੀਤਾ ਜਾਵੇਗਾ।ਇਸ ਤੋਂ ਇਲਾਵਾ ਲੰਦਨ ਅਤੇ ਕੈਨੇਡਾ ਵਿਚ ਵੀ ਯੂਨੀਵਰਸਿਟੀਆਂ ਵਿਚ ਗੁਰੂ ਨਾਨਕ ਦੇਵ ਜੀ ਦੇ ਨਾਮ `ਤੇ ਪ੍ਰਚਾਰ-ਪ੍ਰਸਾਰ ਦਾ ਕੰਮ ਕੀਤਾ ਜਾਵੇਗਾ।
       ਪੰਜਾਬ ਸਰਕਾਰ ਦੀ ਤਰਫੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਉਚੇਰੀ ਸਿੱਖਿਆ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੇਂਦਰ ਸਰਕਾਰ ਵੱਲੋਂ ਅੰਮ੍ਰਿਤਸਰ ਵਿਚ ਆਈ.ਆਈ.ਐਮ ਦੀ ਕੀਤੀ ਸ਼ੁਰੂਆਤ ਲਈ ਧੰਨਵਾਦ ਕਰਦੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਲਈ ਕਰੀਬ 60 ਏਕੜ ਜ਼ਮੀਨ ਦਿੱਤੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੇ ਹਰ ਚੰਗੇ ਫੈਸਲੇ ਦੀ ਪ੍ਰਸੰਸਾ ਅਤੇ ਹਮਾਇਤ ਕਰਦੀ ਹੈ।ਉਨਾਂ ਕਿਹਾ ਕਿ ਮੁਹਾਲੀ ਵਿਚ ਵੀ ਇਸ ਸੰਸਥਾ ਦੀ ਸ਼ਾਖਾ ਖੋਲਣ ਦਾ ਪ੍ਰੋਗਰਾਮ ਹੈ, ਜਿਸ ਨੂੰ ਛੇਤੀ ਪੂਰਾ ਕੀਤਾ ਜਾਣਾ ਚਾਹੀਦਾ ਹੈ।
   ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਜਿਥੇ ਧੰਨਵਾਦ ਕੀਤਾ ਉਥੇ ਕਿਹਾ ਕਿ ਇੱਕ ਏਕੜ ਜ਼ਮੀਨ ਵਾਲਾ ਕੰਮ ਵੀ ਡਾਇਰੈਕਟਰ ਦੀ ਨਿਯੁੱਕਤੀ ਨਾ ਹੋਣ ਕਾਰਨ ਰੁਕਿਆ ਸੀ ਅਤੇ ਜਿਸ ਦਿਨ ਡਾਇਰੈਕਟਰ ਦੀ ਨਿਯੁੱਕਤੀ ਕੇਂਦਰ ਸਰਕਾਰ ਨੇ ਕਰ ਦਿੱਤੀ, ਉਸ ਦਿਨ ਤੋਂ ਹੀ ਇਹ ਹੱਲ ਹੋਣਾ ਸ਼ੁਰੂ ਹੋ ਗਿਆ ਸੀ। ਉਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਜੋ ਕਿ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਨੇ ਬਣਾਈ ਸੀ, ਨੂੰ ਸੂਬੇ ਦੀ ਤਰੱਕੀ ਲਈ ਕੇਂਦਰੀ ਦਰਜਾ ਦੇਣ ਦੀ ਮੰਗ ਕੀਤੀ।ਉਨਾਂ ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਹੀਥਰੋ ਅਤੇ ਟੋਰਾਟੋਂ ਲਈ ਉਡਾਨਾਂ ਸ਼ੁਰੂ ਕਰਨ ਦੀ ਵਕਾਲਤ ਵੀ ਕੀਤੀ।ਚੇਅਰਮੈਨ ਸੰਜੈ ਗੁਪਤਾ ਅਤੇ ਡਾਇਰੈਕਟਰ ਪ੍ਰੋ. ਨਾਗਾਰਾਜਨ ਰਾਮਾਮੂਰਥੀ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਸਾਬਕਾ ਮੰਤਰੀ ਅਨਿਲ ਜੋਸ਼ੀ, ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ, ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਰਵਾਲ, ਐਸ.ਐਸ.ਪੀ ਦਿਹਾਤੀ ਵਿਕਰਮਜੀਤ ਦੁੱਗਲ ਵੀ ਹਾਜ਼ਰ ਸਨ।
 

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply