Friday, September 18, 2026

ਮੈਨੇਜਰ ਦੀਨਪੁਰ ਨੇ ਸ੍ਰੀ ਦਰਬਾਰ ਸਾਹਿਬ ਦੀ ਆਮਦਨ ਤੇ ਖਰਚਿਆਂ ਦੇ ਵੇਰਵਿਆਂ ਨੂੰ ਦੱਸਿਆ ਤੱਥਹੀਣ

ਅੰਮ੍ਰਿਤਸਰ, 8 ਅਕਤੂਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਵੱਲੋਂ ਸੱਚਖੰਡ Manger Jaswinder Singhਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਵੱਲੋਂ ਨਤਮਸਤਕ ਹੋਣ ਸਮੇਂ ਭੇਟਾ ਕੀਤੀ ਜਾਂਦੀ ਮਾਇਆ, ਕੜਾਹ ਪ੍ਰਸ਼ਾਦ ਦੀ ਆਮਦਨ ਅਤੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਖਰੀਦ ਕੀਤੀਆਂ ਜਾਂਦੀਆਂ ਰਸਦਾਂ ਸਬੰਧੀ ਤੱਥਾਂ ਤੋਂ ਰਹਿਤ ਬਿਆਨਬਾਜ਼ੀ ਦਾ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਖੰਡਨ ਕੀਤਾ ਹੈ।ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਮੈਨੇਜਰ ਦੀਨਪੁਰ ਨੇ ਕਿਹਾ ਕਿ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਸਿੱਖ ਕੌਮ ਦੀ ਸਤਿਕਾਰਤ ਸ਼ਖ਼ਸ਼ੀਅਤ ਹਨ ਅਤੇ ਉਨ੍ਹਾਂ ਨੂੰ ਗਲਤ ਬਿਆਨਬਾਜ਼ੀ ਕਰਕੇ ਸੰਗਤਾਂ ਨੂੰ ਗੁੰਮਰਾਹ ਕਰਨਾ ਸ਼ੋਭਾ ਨਹੀਂ ਦਿੰਦਾ।ਉਨ੍ਹਾਂ ਆਖਿਆ ਕਿ ਸਾਬਕਾ ਜਥੇਦਾਰ ਵੱਲੋਂ ਲੰਗਰ ਸ੍ਰੀ ਗੁਰੂ ਰਾਮਦਾਸ ਵਿਖੇ ਇਕ ਟਰੱਕ ਰੋਜ਼ਾਨਾ ਘਿਉ ਖਰੀਦਣ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰੋਜ਼ਾਨਾ ਗੋਲਕ ਸਵਾ ਕਰੋੜ ਰੁਪਏ ਅਤੇ ਕੜਾਹ ਪ੍ਰਸ਼ਾਦ ਦੀ ਵੱਟਕ ਸਵਾ ਕਰੋੜ ਰੁਪਏ ਰੋਜ਼ਾਨਾ ਦੱਸਣਾ ਸਚਾਈ ਤੋਂ ਕੋਹਾਂ ਦੂਰ ਹੈ।ਉਨ੍ਹਾਂ ਦੱਸਿਆ ਕਿ ਏਨੀ ਆਮਦਨ ਤਾਂ ਸ੍ਰੀ ਦਰਬਾਰ ਸਾਹਿਬ ਸਮੇਤ ਇਸ ਨਾਲ ਸਬੰਧਤ ਸਾਰੇ ਗੁਰਦੁਆਰਿਆਂ ਦੀ ਵੀ ਨਹੀਂ ਹੈ।
               ਦੀਨਪੁਰ ਨੇ ਵੇਰਵੇ ਜਾਰੀ ਕਰਦਿਆਂ ਕਿਹਾ ਕਿ ਪਿਛਲੇ 6 ਮਹੀਨੇ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਅਤੇ ਇਨ੍ਹਾਂ ਨਾਲ ਸਬੰਧਤ 40 ਦੇ ਕਰੀਬ ਗੁਰਦੁਆਰਿਆਂ ਦੀ ਗੋਲਕ ਹਰ ਮਹੀਨੇ ਔਸਤਨ ਬਾਰ੍ਹਾਂ ਕਰੋੜ ਰੁਪਏ ਬਣਦੀ ਹੈ।ਇਸ ਤਰ੍ਹਾਂ ਇਨ੍ਹਾਂ ਸਾਰੇ ਗੁਰਦੁਆਰਿਆਂ ਦੀ ਰੋਜ਼ਾਨਾ ਔਸਤ 40 ਲੱਖ ਰੁਪਏ ਦੇ ਕਰੀਬ ਹੈ।ਇਸੇ ਤਰ੍ਹਾਂ ਕੜਾਹ ਪ੍ਰਸ਼ਾਦ ਦੀ ਵੱਟਕ ਦੀ ਮਹੀਨਾਵਾਰ ਔਸਤ 3 ਕਰੋੜ 60 ਲੱਖ ਰੁਪਏ ਹੈ।ਇਹ ਵੱਟਕ ਰੋਜ਼ਾਨਾ 12 ਲੱਖ ਰੁਪਏ ਬਣਦੀ ਹੈ।
          ਹਰ ਰੋਜ਼ ਇਕ ਟਰੱਕ ਘਿਉ ਦੇ ਜਾਅਲੀ ਬਿੱਲ ਪਾਉਣ ਦੇ ਇਲਜ਼ਾਮ ਸਬੰਧੀ ਦੀਨਪੁਰ ਨੇ ਸਪੱਸ਼ਟ ਕੀਤਾ ਕਿ ਲੰਗਰ ਸ੍ਰੀ ਗੁਰੂ ਰਾਮਦਾਸ ਵਿਖੇ ਘਿਉ ਦਾ ਟੈਂਡਰ ਸਹਿਕਾਰੀ ਅਦਾਰਾ ਵੇਰਕਾ ਮਿਲਕ ਪਲਾਂਟ ਨਾਲ ਕੀਤਾ ਗਿਆ ਹੈ।ਇਸ ਦਾ ਬਕਾਇਦਾ ਰਿਕਾਰਡ ਸ੍ਰੀ ਦਰਬਾਰ ਸਾਹਿਬ ਦਫ਼ਤਰ ਪਾਸ ਹੈ।ਉਨ੍ਹਾਂ ਕਿਹਾ ਕਿ ਲਗਾਏ ਗਏ ਸਾਰੇ ਇਲਜ਼ਾਮਾਂ ਵਿਚ ਕਿਸੇ ਕਿਸਮ ਦੀ ਸੱਚਾਈ ਨਹੀਂ ਹੈ।

Check Also

ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …

Leave a Reply