ਅੰਮ੍ਰਿਤਸਰ, 8 ਅਕਤੂਬਰ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਵਿਕਾਸ ਮੰਚ ਨੇ ਅੰਮ੍ਰਿਤਸਰ-ਕਲਕੱਤਾ ਸਿੱਧੀ ਹਵਾਈ ਉਡਾਣ ਸ਼ੁਰੂ ਕਰਨ
ਲਈ ਧੰਨਵਾਦ ਕਰਦਿਆਂ ਇੰਡੀਗੋ ਏਅਰਲਾਈਜ਼ ਨੂੰ ਸੁਝਾਅ ਦਿੱਤਾ ਹੈ ਕਿ ਦਸੰਬਰ ਦੀ ਬਜ਼ਾਏ ਇਹ ਫਲਾਈਟ ਨਵੰਬਰ ਵਿੱਚ ਚਾਲੂ ਕੀਤੀ ਜਾਵੇ।
ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਨੇ ਕਿਹਾ ਹੈ ਕਿ ਇਸ ਸਾਲ ਨਵੰਬਰ ਮਹੀਨੇ ਜਗਤ-ਗੁਰੂ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ ਅਤੇ ਬਟਾਲਾ ਵਿਖੇ ਦੇਸ਼ ਵਿਦੇਸ਼ ਸਮੇਤ ਕਲਕੱਤਾ ਤੋਂ ਵੀ ਹਜ਼ਾਰਾਂ ਸੰਗਤਾਂ ਨੇ ਹਾਜਰੀਆਂ ਭਰਨੀਆ ਹਨ।ਸ਼ਰਧਾਲੂ ਸੰਗਤਾਂ ਲਈ ਇਹ ਉਡਾਣ ਤਾਂ ਹੀ ਲਾਹੇਵੰਦ ਹੋਏਗੀ ਜੇ ਇਹ ਨਵੰਬਰ ਮਹੀਨੇ ਤੋਂ ਚਾਲੂ ਕਰਕੇ ਜਾਰੀ ਰੱਖੀ ਜਾਵੇ।ਉਨਾਂ ਕਿਹਾ ਕਿ ਗੁਰਪੁਰਬ ਤਾਂ 10 ਤੋਂ 12 ਨਵੰਬਰ 2019 ਤੱਕ ਮਨਾਇਆ ਜਾਣਾ ਹੈ, ਪ੍ਰੰਤੂ ਸੰਗਤਾਂ ਨੇ ਨਵੰਬਰ ਦੇ ਆਖੀਰ ਤੱਕ ਪਾਵਨ ਧਾਰਮਿਕ ਸਥਾਨਾਂ `ਤੇ ਹਾਜ਼ਰੀਆਂ ਭਰਦੇ ਰਹਿਣਾ ਹੈ।ਦਸੰਬਰ ਮਹੀਨੇ ਅੰਮ੍ਰਿਤਸਰ-ਕਲਕੱਤਾ ਉਡਾਣ ਸ਼ੁਰੂ ਹੋਣ ਕਰ ਕੇ ਸ਼ਰਧਾਲੂ ਇਸ ਦਾ ਲਾਭ ਨਹੀਂ ਲੈ ਸਕਣਗੇ।
ਇੰਡੀਗੋ ਏਅਰਲਾਈਂਜ਼ ਵੱਲੋਂ ਜਾਰੀ ਪ੍ਰੋਗਰਾਮ ਮੁਤਾਬਿਕ ਇਹ ਉਡਾਣ ਕਲਕੱਤਾ ਹਵਾਈ ਅੱਡੇ ਤੋਂ ਤੜਕੇ 4:30 ਵਜੇ ਉਡਾਣ ਭਰੇਗੀ ਅਤੇ ਸ੍ਰੀ ਗੁਰੁ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਵਿਖੇ 7:10 ਵਜੇ ਪਹੁੰਚ ਜਾਏਗੀ।ਫਿਰ ਅੰਮ੍ਰਿਤਸਰ ਹਵਾਈ ਅੱਡੇ ਤੋਂ ਇਹ ਉਡਾਨ 10:45 ਵਜੇ ਉਡਾਨ ਭਰ ਕੇ 1:25 ਵਜੇ ਬਾਅਦ ਦੁਪਹਿਰ ਕਲਕੱਤਾ ਹਵਾਈ ਅੱਡੇ `ਤੇ ਪਹੁੰਚੇਗੀ।180 ਸੀਟਾਂ ਵਾਲਾ ਜਹਾਜ ਅੰਮ੍ਰਿਤਸਰ ਤੋਂ ਕਲਕੱਤਾ ਤੱਕ ਦਾ ਹਵਾਈ ਸਫਰ 2 ਘੰਟੇ 40 ਮਿੰਟ ਵਿਚ ਪੂਰਾ ਕਰੇਗਾ।
ਉਧਰ ਹਵਾਈ ਸੈਰ-ਸਪਾਟਾ ਖੇਤਰ ਦੇ ਮਾਹਿਰ ਹਰਜਾਪ ਸਿੰਘ ਔਜਲਾ ਅਤੇ ਮੰਚ ਪ੍ਰਧਾਨ ਮਨਮੋਹਣ ਸਿੰਘ ਬਰਾੜ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਤੋਂ ਭਾਰਤ ਦੇ ਉਤਰ ਪੂਰਬੀ ਸ਼ਹਿਰਾਂ ਗੁਹਾਟੀ, ਸਿਲੀਗੁੜੀ, ਅਗਰਤਲਾ, ਰਾਂਚੀ ਅਤੇ ਭੁਬਨੇਸ਼ਵਰ ਆਦਿ ਨਾਲ ਰਾਬਤਾ ਜੋੜਣ ਵਾਲੀ ਇਹ ਉਡਾਨ ਪੂਰੀ ਤਰ੍ਹਾਂ ਸਫਲ ਹੋਵੇਗੀ ਅਤੇ ਇਸ ਨਾਲ ਗੁਰੂ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸੈਰ ਸਪਾਟੇ ਵਿਚ ਵੀ ਇਜ਼ਾਫਾ ਹੋਵੇਗਾ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media