ਹੈਪੀ ਸੀਡਰ ਨਾਲ ਕਣਕ ਦੀ ਬਿਜ਼ਾਈ ਕਰਕੇ ਪ੍ਰਾਪਤ ਕਰ ਰਿਹੈ ਚੋਖਾ ਝਾੜ
ਲੌਂਗੋਵਾਲ, 13 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵਲੋਂ ‘ਮਿਸ਼ਨ ਤੰਦਰੁਸਤ ਪੰਜਾਬ’
ਤਹਿਤ ਕਿਸਾਨਾਂ ਨੂੰ ਪ੍ਰਦੂਸ਼ਣ ਮੁਕਤ ਵਾਤਾਵਰਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤੇ ਜ਼ਿਲੇ ਦੇ ਅਗਾਂਹਵਧੂ ਕਿਸਾਨ ਇਸ ਉਦੇਸ਼ ਦੀ ਪੂਰਤੀ ’ਚ ਪੂਰਾ ਸਹਿਯੋਗ ਦੇ ਰਹੇ ਹਨ।ਇਨਾਂ ਅਗਾਂਹਵਧੂ ਕਿਸਾਨਾਂ ਵਿਚੋਂ ਇਕ ਹੈ ਪਿੰਡ ਕਨੋਈ, ਬਲਾਕ ਸੰਗਰੂਰ ਦਾ ਅਗਾਂਹਵਧੂ ਕਿਸਾਨ ਜੋਗਾ ਸਿੰਘ ਤੂਰ, ਜਿਸ ਨੇ ਪਿਛਲੇ 5 ਸਾਲਾਂ ਤੋਂ ਪਰਾਲੀ ਨਹੀਂ ਸਾੜੀ ਹੈ।
ਪਿੰਡ ਕਨੋਈ ਵਾਸੀ ਰਣਜੀਤ ਸਿੰਘ ਦੇ ਪੁੱਤਰ ਜੋਗਾ ਸਿੰਘ ਦਾ ਮੰਨਣਾ ਹੈ ਕਿ ਜਿਥੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਕਰਕੇ ਵਾਤਾਵਰਣ ਪ੍ਰਦੂਸ਼ਣ ਹੋਣੋਂ ਬਚ ਰਿਹਾ ਹੈ, ਉਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਹੋ ਰਿਹਾ ਹੈ।ਇਸ ਨਾਲ ਬੇਲੋੜੇ ਖਰਚੇ ਘਟੇ ਹਨ ਤੇ ਆਮਦਨ ਵਧੀ ਹੈ।ਜੋਗਾ ਸਿੰਘ ਨੇ ਦੱਸਿਆ ਕਿ ਉਹ ਕੁੱਲ 11 ਏਕੜ ਜ਼ਮੀਨ ’ਤੇ ਵਾਹੀ ਕਰਦਾ ਹੈ, ਜਿਸ ਵਿਚੋਂ 9 ਏਕੜ ਜ਼ਮੀਨ ਉਸ ਦੀ ਮਾਲਕੀ ਵਾਲੀ ਅਤੇ 2 ਏਕੜ ਜ਼ਮੀਨ ਠੇਕੇ ’ਤੇ ਲਈ ਹੋਈ ਹੈ।ਉਹ ਪਿਛਲੇ 5 ਸਾਲਾਂ ਤੋਂ ਝੋਨੇ ਦੀ ਰਹਿੰਦ-ਖੂੰਹਦ ਨੂੰ ਬਿਨਾਂ ਅੱਗ ਲਾਏ ਕਣਕ ਦੀ ਬਿਜ਼ਾਈ ਕਰ ਰਿਹਾ ਹੈ।ਉਸ ਨੇ ਦੱਸਿਆ ਕਿ ਉਹ ਹੈਪੀ ਸੀਡਰ ਨਾਲ ਝੋਨੇ ਦੀ ਖੜੀ ਪਰਾਲੀ ਵਿਚ ਕਣਕ ਦੀ ਬਿਜ਼ਾਈ ਕਰਦਾ ਹੈ। ਜੋਗਾ ਸਿੰਘ ਨੇ ਦੱਸਿਆ ਕਿ ਉਸ ਤੋਂ ਪ੍ਰਭਾਵਿਤ ਹੋ ਕੇ ਪਿੰਡ ਦੇ ਹੋਰ ਕਿਸਾਨਾਂ ਨੇ ਵੀ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਨੀ ਸ਼ੁਰੂ ਕਰ ਦਿੱਤੀ ਹੈ।
ਜ਼ਿਲੇ ਦੇ ਹੋਰਨਾਂ ਕਿਸਾਨਾਂ ਨੂੰ ਸੁਨੇਹਾ ਦਿੰਦਿਆਂ ਅਗਾਂਹਵਧੁ ਕਿਸਾਨ ਨੇ ਕਿਹਾ ਕਿ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਣ ਦੇ ਨਾਲ ਨਾਲ ਪਾਣੀ ਦੀ ਬੱਚਤ ਤੇ ਨਦੀਨਾਂ ਦੀ ਰੋਕਥਾਮ ਆਦਿ ਵਿਚ ਵੀ ਮਦਦ ਮਿਲਦੀ ਹੈ।ਉਸ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਖੇਤੀਬਾੜੀ ਵਿਭਾਗ ਤੇ ਕਿਸਾਨ ਭਲਾਈ ਵਿਭਾਗ ਦੇ ਮਾਹਿਰਾਂ ਤੋਂ ਸਿਖਲਾਈ ਲੈ ਕੇ ਹੈਪੀ ਸੀਡਰ ਅਤੇ ਹੋਰਨਾਂ ਆਧੁਨਿਕ ਸੰਦਾਂ ਨਾਲ ਪਰਾਲੀ ਦੇ ਢੁਕਵੇਂ ਨਿਬੇੜਾ ਅਤੇ ਕਣਕ ਦੀ ਬਿਜ਼ਾਈ ਵੱਲ ਧਿਆਨ ਦਿੱਤਾ ਜਾਵੇ।
ਮੁੱਖ ਖੇਤੀਬਾੜੀ ਅਫਸਰ ਸੰਗਰੂਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਸਿੰਘ ਨੇ ਦੱਸਿਆ ਕਿ ਕਿਸਾਨ ਜੋਗਾ ਸਿੰਘ ਸਮੇਂ-ਸਮੇਂ ’ਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਲਾਏ ਜਾਂਦੇ ਕਿਸਾਨ ਸਿਖਲਾਈ ਕੈਂਪਾਂ ਵਿਚ ਭਾਗ ਲੈਂਦਾ ਹੈ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਲਈ ਪ੍ਰੇਰਿਤ ਕਰਦਾ ਹੈ।ਇਸ ਕਿਸਾਨ ਨੂੰ ਜ਼ਿਲਾ ਪੱਧਰੀ ਕਿਸਾਨ ਸਿਖਲਾਈ ਕੈਂਪਾਂ ਵਿੱਚ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media