ਲੌਂਗੋਵਾਲ ਨੇ ਸਿੱਖਾਂ ਨੂੰ ਘੱਟਗਿਣਤੀ ਦਰਜ਼ਾ ਤੇ ਸਿੱਖ ਮਿਸ਼ਨ ਲਈ ਜਗ੍ਹਾ ਸਬੰਧੀ ਦਿੱਤਾ ਮੰਗ ਪੱਤਰ
ਅੰਮ੍ਰਿਤਸਰ, 14 ਅਕਤੂਬਰ (ਪੰਜਾਬ ਪੋਸਟ – ਗੁਰਪੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਰਾਜਪਾਲ
ਜੰਮੂ ਕਸ਼ਮੀਰ ਦੇ ਸਲਾਹਕਾਰ ਫਾਰੂਕ ਖਾਨ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਿਸ਼ਵ ਦੇ ਸਾਂਝੇ ਰਹਿਬਰ ਹਨ ਅਤੇ ਉਨ੍ਹਾਂ ਦੀ ਸਿੱਖਿਆਵਾਂ ਸ਼ਾਂਤੀ ਤੇ ਭਾਈਚਾਰਕ ਸਾਂਝ ਨਾਲ ਜੋੜਦੀਆਂ ਹਨ।ਗੁਰੂ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਬੇਹੱਦ ਖ਼ਾਸ ਮੌਕਾ ਹੈ, ਜਿਸ ’ਤੇ ਜੰਮੂ ਕਸ਼ਮੀਰ ’ਚ ਵੀ ਸਮਾਗਮ ਕਰਵਾਏ ਜਾਣਗੇ।ਉਨ੍ਹਾਂ ਆਖਿਆ ਕਿ ਉਹ ਜੰਮੂ ਯੂਨੀਵਰਸਿਟੀ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਚੇਅਰ ਸਥਾਪਿਤ ਕਰਨ ਲਈ ਵੀ ਯਤਨ ਕਰਨਗੇ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਫਾਰੂਕ ਖਾਨ ਨੂੰ `ਜੀ-ਆਇਆਂ` ਆਖਿਆ।ਉਨਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਸੱਤਿਆਪਾਲ ਮਲਿਕ ਗਵਰਨਰ ਜੰਮੂ ਕਸ਼ਮੀਰ ਦੇ ਨਾਂ ’ਤੇ ਉਨ੍ਹਾਂ ਨੂੰ ਦਿੱਤੇ ਇੱਕ ਮੰਗ ਪੱਤਰ ਵਿੱਚ ਕਿਹਾ ਹੈ ਕਿ ਜੰਮੂ ਕਸ਼ਮੀਰ ’ਚ ਸਿੱਖਾਂ ਪਾਸ ਘਟਗਿਣਤੀ ਦਾ ਦਰਜ਼ਾ ਨਹੀਂ ਹੈ, ਇਸ ਕਾਰਨ ਉਥੇ ਸਿੱਖਾਂ ਨੂੰ ਕਈ ਅਧਿਕਾਰਾਂ ਤੋਂ ਵਾਂਝੇ ਰਹਿਣਾ ਪੈ ਰਿਹਾ ਹੈ।ਉਨਾਂ ਨੂੰ ਸਰਕਾਰੀ ਨੌਕਰੀਆਂ ਅਤੇ ਹੋਰ ਸਕੀਮਾਂ ਵੀ ਪ੍ਰਾਪਤ ਨਹੀਂ ਹੁੰਦੀਆਂ।ਇਸ ਲਈ ਸਿੱਖਾਂ ਨੂੰ ਜੰਮੂ ਕਸ਼ਮੀਰ ਵਿਚ ਸਿੱਖਾਂ ਨੂੰ ਘੱਟਗਿਣਤੀ ਦਾ ਦਰਜ਼ਾ ਦਿੱਤਾ ਜਾਵੇ।ਸ਼੍ਰੋਮਣੀ ਕਮੇਟੀ ਨੇ ਜੰਮੂ ਕਸ਼ਮੀਰ ਵਿਚ ਸਿੱਖ ਮਿਸ਼ਨ ਲਈ ਜ਼ਮੀਨ ਦੇਣ ਲਈ ਵੀ ਕਿਹਾ।ਪ੍ਰਧਾਨ ਨੇ ਕਿਹਾ ਕਿ ਜੰਮੂ ਕਸ਼ਮੀਰ ’ਚ ਧਰਮ ਪ੍ਰਚਾਰ ਲਈ ਸਿੱਖ ਮਿਸ਼ਨ ਚਲਾਇਆ ਜਾ ਰਿਹਾ ਹੈ ਅਤੇ ਜੇਕਰ ਸਰਕਾਰ ਇਸ ਲਈ ਜ਼ਮੀਨ ਦਿੰਦੀ ਹੈ ਤਾਂ ਉਥੇ ਇਕ ਵਿਸ਼ਾਲ ਇਮਾਰਤ ਤਿਆਰ ਕਰਕੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਹੋਰ ਸਰਗਰਮੀ ਨਾਲ ਪ੍ਰਚਾਰਨ ਲਈ ਕਾਰਜ ਕੀਤੇ ਜਾਣਗੇ।ਫਾਰੂਕ ਖਾਨ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਦੋਵਾਂ ਮਾਮਲਿਆਂ ਸਬੰਧੀ ਮਾਨਯੋਗ ਗਵਰਨਰ ਨਾਲ ਗੱਲ ਕਰਨਗੇ।ਉਨ੍ਹਾਂ ਕਿਹਾ ਕਿ ਇਹ ਦੋਵੇਂ ਮਾਮਲੇ ਯਕੀਨਨ ਹੱਲ ਕਰਨ ਵੱਲ ਵਧਿਆ ਜਾਵੇਗਾ।
ਪ੍ਰਧਾਨ ਲੌਂਗੋਵਾਲ, ਮੁੱਖ ਸਕੱਤਰ ਡਾ. ਰੂਪ ਸਿੰਘ, ਮੈਂਬਰ ਸੁਖਵਰਸ਼ ਸਿੰਘ ਪੰਨੂ, ਸਕੱਤਰ ਮਨਜੀਤ ਸਿੰਘ ਬਾਠ, ਮਹਿੰਦਰ ਸਿੰਘ ਆਹਲੀ, ਸੁਖਦੇਵ ਸਿੰਘ ਭੂਰਾਕੋਹਨਾ ਤੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ, ਦਰਸ਼ਨ ਸਿੰਘ ਪੀ.ਏ, ਅਜੀਤ ਸਿੰਘ ਜੰਮੂ, ਜਗਤਾਰ ਸਿੰਘ, ਨਰਿੰਦਰ ਸਿੰਘ, ਜਸਪਾਲ ਸਿੰਘ ਆਦਿ ਮੌਜੂਦ ਸਨ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media