15 ਟਨ ਦੇਸੀ ਤੇ ਵਿਦੇਸ਼ੀ ਫੁੱਲ ਬਣਨਗੇ ਖਿੱਚ ਦਾ ਕੇਂਦਰ
ਅੰਮ੍ਰਿਤਸਰ, 14 ਅਕਤੂਬਰ (ਪੰਜਾਬ ਪੋਸਟ – ਗੁਰਪੀਤ ਸਿੰਘ) – ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ
ਹਰਿਮੰਦਰ ਸਾਹਿਬ ਵਿਖੇ ਫੁੱਲਾਂ ਦੀ ਸਜ਼ਾਵਟ ਸੰਗਤਾਂ ਲਈ ਖਿੱਚ ਦਾ ਕੇਂਦਰ ਬਣੇਗੀ।ਵੱਖ-ਵੱਖ ਤਰ੍ਹਾਂ ਦੇ ਦੇਸੀ ਤੇ ਵਿਦੇਸ਼ੀ ਫੁੱਲ ਸਜ਼ਾਵਟ ਲਈ ਵਰਤੇ ਜਾ ਰਹੇ ਹਨ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਾਈ ਇਕਬਾਲ ਸਿੰਘ ਮੁੰਬਈ ਵੱਲੋਂ ਫੁੱਲਾਂ ਦੀ ਸੇਵਾ ਆਰੰਭੀ ਗਈ ਹੈ।ਉਨ੍ਹਾਂ ਜਾਣਕਾਰੀ ਦਿੱਤੀ ਕਿ ਸਜ਼ਾਵਟ ਲਈ 15 ਟਨ ਤੋਂ ਵੱਧ ਫੁੱਲ ਲਗਾਏ ਜਾਣਗੇ।ਇਨ੍ਹਾਂ ਫੁੱਲਾਂ ਵਿਚ ਆਰਕਿਡ, ਲਿਲੀਅਮ, ਕਾਰਨੇਸ਼ਨ, ਟਾਇਗਰ ਆਰਕਿਡ, ਸਿੰਗਾਪੁਰੀ ਡਰਾਫਟ, ਸੁਗੰਧੀ ਭਰਪੂਰ ਸੋਨ ਚੰਪਾ, ਗੁਲਾਬ, ਸਟਾਰ, ਮੈਰੀਗੋਲਡ, ਜਰਬਰਾ, ਐਲਕੋਨੀਆ, ਐਨਥੋਨੀਅਮ, ਹਾਈਡੇਂਜਰ ਵਿਸ਼ੇਸ਼ ਹਨ।ਭਾਰਤ ਦੇ ਪ੍ਰਮੁੱਖ ਸ਼ਹਿਰਾਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਫੁੱਲ ਮੰਗਵਾਏ ਗਏ ਹਨ, ਜਿਨ੍ਹਾਂ ਵਿਚ ਕਲਕੱਤਾ, ਮੁੰਬਈ, ਪੂਨਾ, ਬੈਂਗਲੋਰ, ਹਾਲੈਂਡ, ਥਾਈਲੈਂਡ, ਮਲੇਸ਼ੀਆਂ ਮੁੱਖ ਹਨ।ਫੁੱਲ ਲਗਾਉਣ ਲਈ ਕਲਕੱਤਾ ਤੋਂ ਸੌਂ ਦੇ ਕਰੀਬ ਕਾਰੀਗਰ ਕੰਮ ਰਹੇ ਹਨ।ਇਸ ਤੋਂ ਇਲਾਵਾ ਮੁੰਬਈ ਤੋਂ ਵੀ ਇਕ ਸੌਂ ਤੋਂ ਵੱਧ ਸੰਗਤਾਂ ਸਹਿਯੋਗ ਲਈ ਪੁੱਜੀਆਂ ਹੋਈਆਂ ਹਨ।ਉਨ੍ਹਾਂ ਦੱਸਿਆ ਕਿ ਫੁੱਲ ਲਗਾਉਣ ਦੀ ਆਰੰਭਤਾ ਅੱਜ ਕਰ ਦਿੱਤੀ ਗਈ ਹੈ, ਜੋ ਭਲਕ ਤੱਕ ਮੁਕੰਮਲ ਹੋ ਜਾਵੇਗੀ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਾਰੀਆਂ ਤਿਆਰੀ ਮੁਕੰਮਲ ਹਨ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਣ ਲਈ ਪੁੱਜ ਰਹੀਆਂ ਹਨ।ਇਥੇ ਪੁੱਜਣ ਵਾਲੀਆਂ ਸੰਗਤਾਂ ਲਈ ਫੁੱਲਾਂ ਦੀ ਸਜ਼ਾਵਟ ਅਕਰਸ਼ਣ ਬਣੇਗੀ।ਉਨ੍ਹਾਂ ਇਹ ਵੀ ਦੱਸਿਆ ਕਿ ਫੁੱਲਾਂ ਦੀ ਸਜ਼ਾਵਟ ਜਿਥੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪਰਕਰਮਾਂ ਵਿਚ ਸਥਿਤ ਹੋਰ ਅਸਥਾਨਾਂ ਵਿਖੇ ਕੀਤੀ ਜਾਵੇਗੀ, ਉਥੇ ਹੀ ਨਗਰ ਕੀਰਤਨ ਦੌਰਾਨ ਗੱਡੀਆਂ ਵੀ ਇਨ੍ਹਾਂ ਫੁੱਲਾਂ ਨਾਲ ਸ਼ਿੰਗਾਰੀਆਂ ਜਾਣਗੀਆਂ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media