23 ਅਕਤੂਬਰ ਨੂੰ ਸਵੇਰੇ 11.00 ਵਜੇ ਤੋਂ ਸ਼ੁਰੂ ਹੋਵੇਗਾ ਡਿਜੀਟਲ ਮਿਊਜ਼ੀਅਮ
ਕਪੂਰਥਲਾ, 22 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜੀਟਲ
ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਪ੍ਰੋਗਰਾਮ ਨਵਾਬ ਜੱਸਾ ਸਿਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਦੀ ਗਰਾਊਂਡ ਵਿਚ 23 ਅਕਤੂਬਰ ਤੋਂ ਸ਼ੁਰੂ ਹੋਵੇਗਾ।ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਅਤਿ-ਆਧੁਨਿਕ ਤਕਨੀਕਾਂ ਨਾਲ ਲਬਰੇਜ਼ ਇਹ ਪ੍ਰੋਗਰਾਮ ਲਗਾਤਾਰ ਤਿੰਨ ਦਿਨ ਲੋਕਾਂ ਨੂੰ ਰੂਹਾਨੀ ਰੰਗ ਵਿਚ ਰੰਗਣ ਲਈ ਅਧਿਆਤਮਕਤਾ ਦੀ ਛਹਿਬਰ ਲਗਾਉਣਗੇ।ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਇੰਜ: ਡੀ.ਪੀ.ਐਸ ਖਰਬੰਦਾ ਨੇ ਅੱਜ ਇਸ ਪ੍ਰੋਗਰਾਮ ਸਬੰਧੀ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਜਥੇਬਦੀਆਂ ਦੇ ਨੁਮਾਇੰਦਿਆਂ, ਕੌਂਸਲਰਾਂ, ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਅਤੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ।ਉਨਾਂ ਇਸ ਪ੍ਰੋਗਰਾਮ ਦੀ ਕਾਮਯਾਬੀ ਲਈ ਸਭਨਾਂ ਦੇ ਸਹਿਯੋਗ ਦੀ ਅਪੀਲ ਕੀਤੀ।
ਉਨਾਂ ਦੱਸਿਆ ਕਿ 23 ਤੋਂ 25 ਅਕਤੂਬਰ ਤੱਕ ਡਿਜੀਟਲ ਮਿਊਜ਼ੀਅਮ ਸਥਾਪਿਤ ਕੀਤਾ ਜਾਵੇਗਾ, ਜੋ 23 ਅਕਤੂਬਰ ਨੂੰ 11 ਵਜੇ ਤੋਂ ਸ਼ੁਰੂ ਹੋਵੇਗਾ ਅਤੇ ਸ਼ਾਮ 6 ਵਜੇ ਤੱਕ ਖੁੱਲਾ ਰਹੇਗਾ। ਉਨਾਂ ਦੱਸਿਆ ਕਿ 24 ਤੇ 25 ਅਕਤੂਬਰ ਨੂੰ ਇਹ ਮਿੳੂਜੀਅਮ ਦੋਵੇਂ ਦਿਨ ਸਵੇਰੇ 6.30 ਤੋਂ ਸ਼ਾਮ 6 ਵਜੇ ਤੱਕ ਖੁੱਲਾ ਰਹੇਗਾ। ਉਨਾਂ ਦੱਸਿਆ ਕਿ ਅਤਿ-ਆਧੁਨਿਕ ਤਕਨੀਕਾਂ ਵਾਲੇ ਇਸ ਮਿਉਜ਼ੀਅਮ ਵਿਚ ਗੁਰੂ ਸਾਹਿਬ ਦੇ ਜੀਵਨ ਬਿਰਤਾਂਤ ਨੂੰ ਮਲਟੀ ਮੀਡੀਆ ਤਕਨੀਕਾਂ ਜ਼ਰੀਏ ਰੂਪਮਾਨ ਕੀਤਾ ਜਾਵੇਗਾ। ਉਨਾਂ ਦੱਸਿਆ ਕਿ 24 ਤੇ 25 ਅਕਤੂਬਰ ਸ਼ਾਮ ਨੂੰ ਗੁਰੂ ਸਾਹਿਬ ਦੇ ਜੀਵਨ ਤੇ ਸਿੱਖਿਆਵਾਂ ’ਤੇ ਚਾਨਣਾ ਪਾਉਂਦਾ ਲਾਈਟ ਐਂਡ ਸਾੳੂਂਡ ਸ਼ੋਅ ਚੱਲਣਗੇ, ਜੋ ਕਿ ਦੋਵੇਂ ਦਿਨ ਸ਼ਾਮ 7 ਤੋਂ 7.45 ਵਜੇ ਅਤੇ 8.30 ਤੋਂ 9.15 ਵਜੇ ਤੱਕ ਹੋਣਗੇ।ਰੰਗਦਾਰ ਦਿਸ਼ ਪੇਸ਼ਕਾਰੀਆਂ, ਅਤਿ-ਆਧੁਨਿਕ ਲੇਜ਼ਰ ਤਕਨੀਕਾਂ ਅਤੇ ਵਿਲੱਖਣ ਧੁਨੀਆਂ ਵਾਲਾ 45 ਮਿੰਟ ਦਾ ਲਾਈਟ ਐਂਡ ਸਾੳੂਂਡ ਸ਼ੋਅ ਕਪੂਰਥਲਾ ਦੀ ਧਰਤੀ ’ਤੇ ਆਪਣੀ ਕਿਸਮ ਦਾ ਅਜਿਹਾ ਪਹਿਲਾ ਸ਼ੋਅ ਹੋਵੇਗਾ।
ਇਸ ਦੌਰਾਨ ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਵਾਲੇ ਲੋਕਾਂ ਨੂੰ ਕਿਸੇ ਤਰਾਂ ਦੀ ਮੁਸ਼ਕਲ ਪੇਸ਼ ਨਹੀਂ ਆਉਣੀ ਚਾਹੀਦੀ ਤਾਂ ਜੋ ਉਹ ਅਤਿ-ਆਧੁਨਿਕ ਤਕਨੀਕਾਂ ਵਾਲੇ ਇਸ ਧਾਰਮਿਕ ਪ੍ਰੋਗਰਾਮ ਦਾ ਆਨੰਦ ਮਾਣ ਸਕਣ।ਉਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਸਬੰਧੀ ਕਰਵਾਏ ਜਾ ਰਹੇ ਇਨਾਂ ਸਮਾਗਮਾਂ ਵਿਚ ਪਰਿਵਾਰਾਂ ਸਮੇਤ ਸ਼ਿਰਕਤ ਕਰਨ। ਉਨਾਂ ਕਿਹਾ ਕਿ ਇਸ ਪ੍ਰੋਗਰਾਮ ਵਿਚ ਦਾਖਲਾ ਬਿਲਕੁੱਲ ਮੁਫ਼ਤ ਹੈ ਅਤੇ ਲੋਕਾਂ ਲਈ ਹਰ ਸਹੂਲਤ ਦੇ ਪ੍ਰਬੰਧ ਕੀਤੇ ਜਾ ਚੁੱਕੇ ਹਨ। ਹਾਜ਼ਰ ਸਮੂਹ ਨੁਮਾਇੰਦਿਆਂ, ਕੌਂਸਲਰਾਂ ਅਤੇ ਹੋਰਨਾਂ ਸ਼ਖਸੀਅਤਾਂ ਵਲੋਂ ਇਸ ਪ੍ਰੋਗਰਾਮ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਤਾਰ ਸਿੰਘ ਭੁੱਲਰ, ਐਸ.ਡੀ.ਐਮ ਕਪੂਰਥਲਾ ਵਰਿੰਦਰ ਪਾਲ ਸਿੰਘ ਬਾਜਵਾ, ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ, ਏ. ਪੀ. ਆਰ. ਓ ਸ. ਹਰਦੇਵ ਸਿੰਘ ਆਸੀ, ਡੀ. ਡੀ. ਪੀ.ਓ ਹਰਜਿੰਦਰ ਸਿੰਘ ਸੰਧੂ, ਈ.ਓ ਨਗਰ ਕੌਂਸਲ ਸ੍ਰੀ ਆਦਰਸ਼ ਕੁਮਾਰ ਸ਼ਰਮਾ, ਜ਼ਿਲਾ ਸਿੱਖਿਆ ਅਫ਼ਸਰ (ਸ) ਮੱਸਾ ਸਿੰਘ ਸਿੱਧੂ, ਜ਼ਿਲਾ ਸਿੱਖਿਆ ਆਫ਼ਸਰ (ਅ) ਗੁਰਭਜਨ ਸਿੰਘ ਮੁਲਤਾਨੀ, ਪ੍ਰਿੰਸੀਪਲ ਡਾ. ਵੀ.ਕੇ ਸਿੰਘ, ਪ੍ਰੋ. ਸਰਬਜੀਤ ਸਿੰਘ ਧੀਰ, ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਸਨੇਹ ਲਤਾ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
Check Also
ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ
‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …
Punjab Post Daily Online Newspaper & Print Media