ਯੂਨੀਵਰਸਿਟੀ ਵਿਚ ਲੱਗੀ ਤਿੰਨ ਦਿਨਾਂ ਪ੍ਰਦਰਸ਼ਨੀ `ਨਯਾਬ` ਪ੍ਰਤੀ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ
ਅੰਮ੍ਰਿਤਸਰ, 23 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ.
ਜਸਪਾਲ ਸਿੰਘ ਸੰਧੂ ਨੇ ਕਿਹਾ ਹੈ ਕਿ ਵਿਦਿਆਰਥੀ ਆਪਣੀ ਪੜ੍ਹਾਈ ਦੌਰਾਨ ਸਿੱਖੀਆਂ ਵੱਖ ਵੱਖ ਕਲਾਵਾਂ ਨੂੰ ਆਪਣੀ ਕਿੱਤਮੁਖੀ ਨਿਪੰੁਨਤਾ ਰਾਹੀਂ ਅੱਗੇ ਵਧਾਉਣ ਤਾਂ ਜੋ ਪੜ੍ਹਾਈ ਉਪਰੰਤ ਸਵੈ-ਰੋਜ਼ਗਾਰ ਦੇ ਮੌਕੇ ਆਪ ਪੈਦਾ ਕਰ ਸਕਣ। ਉਹ ਯੂਨੀਵਰਸਿਟੀ ਦੇ ਲਾਈਫ ਲੌਂਗ ਲਰਨਿੰਗ ਵਿਭਾਗ ਵੱਲੋਂ ਤਿੰਨ ਦਿਨਾ ਲਗਾਈ ਗਈ ਪ੍ਰਦਰਸ਼ਨੀ `ਨਯਾਬ` ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸਨ।24 ਅਕਤੂਬਰ ਤਕ ਚੱਲਣ ਵਾਲੀ ਇਸ ਪ੍ਰਦਰਸ਼ਨੀ ਦਾ ਉਦਘਾਟਨ ਗੁਰੂ ਨਾਨਕ ਦੇਵ ਯੂਨੀਵਰਸਿਟੀ-ਐਮ.ਵਾਈ.ਏ.ਐਸ ਸਪੋਰਟਸ ਮੈਡੀਸਨ ਵਿਭਾਗ ਦੇ ਮੁਖੀ, ਡਾ. ਸ਼ਵੇਤਾ ਸ਼ਿਨੋਏ ਨੇ ਕੀਤਾ। ਜਿਨ੍ਹਾਂ ਦਾ ਇਥੇ ਪੁੱਜਣ `ਤੇ ਲਾਈਫ ਲੌਂਗ ਲਰਨਿੰਗ ਵਿਭਾਗ ਦੇ ਡਾਇਰੈਕਟਰ ਡਾ. ਸਰੋਜ ਬਾਲਾ ਨੇ ਸਵਾਗਤ ਕੀਤਾ। ਸ਼ਮ੍ਹਾਂ ਰੌਸ਼ਨ ਕਰਨ ਅਤੇ ਰੀਬਨ ਕੱਟਣ ਦੀ ਰਸਮ ਉਪਰੰਤ ਮਹਿਮਾਨਾਂ ਵੱਲੋਂ ਬਹੁਤ ਨਿੱਜੀ ਦਿਲਚਸਪੀ ਲੈ ਕੇ ਵਿਦਿਆਰਥੀਆਂ ਦੇ ਹੱਥੀ ਤਿਆਰ ਕੀਤੀਆਂ ਵਸਤੂਆਂ ਦੀ ਪ੍ਰਦਰਸ਼ਨੀ ਦਾ ਆਨੰਦ ਮਾਣਿਆ ਗਿਆ। ਇਸ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਆਪਣੇ ਕੋਰਸ ਦੌਰਾਨ ਸਿੱਖੀ ਕਲਾ ਨੂੰ ਪ੍ਰਦਰਸ਼ਿਤ ਅਤੇ ਹੋਰ ਉਤਸ਼ਾਹਿਤ ਕਰਨਾ ਹੈ।
ਵਿਦਿਆਰਥੀਆਂ ਅਤੇ ਵਿਭਾਗ ਵੱਲੋਂ ਬਣਾਈਆਂ ਗਈਆਂ ਵਸਤੂਆਂ ਦੀ ਸ਼ਲਾਘਾ ਕਰਦਿਆਂ ਵਾਈਸ ਚਾਂਸਲਰ ਪ੍ਰੋ. ਸੰਧੂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਖੇਤਰ ਪਰਪੱਕ ਕਾਰੋਬਾਰੀ ਬਣਾਉਣ ਲਈ ਯੂਨੀਵਰਸਿਟੀ ਵੱਲੋਂ ਹੋਰ ਵੀ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਜੋ ਉਹ ਭਵਿੱਖ ਵਿਚ ਆਪਣੀਆਂ ਬਣਾਈਆਂ ਚੀਜ਼ਾਂ ਨੂੰ ਮਾਰਕੀਟ ਵਿਚ ਵੀ ਵੇਚ ਸਕਣ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵਿਚ ਰਿਵਾਇਤੀ ਕਲਾ ਅਤੇ ਸ਼ਿਲਪਕਾਰੀ ਪ੍ਰਤੀ ਹੋਰ ਵੀ ਜਾਗਰੂਕਤਾ ਵਧਾਉਣ ਲਈ ਮਾਰਕੀਟ ਦੇ ਨਵੇਂ ਰੁਝਾਨਾਂ ਦੇ ਅਨੁਸਾਰ ਰਿਵਾਇਤੀ ਚੀਜ਼ਾਂ ਨੂੰ ਤਿਆਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਵਿਭਾਗ ਵੱਲੋਂ ਚਲਾਏ ਜਾ ਰਹੇ ਵੱਖ ਵੱਖ ਕੋਰਸਾਂ ਨੂੰ ਉਨ੍ਹਾਂ ਵਿਦਿਆਰਥੀਆਂ ਤਕ ਪੁਚਾਉਣ ਦਾ ਜ਼ੋਰ ਦਿੱਤਾ ਜੋ ਅਜਿਹੇ ਕਾਰੋਬਾਰ ਦੇ ਨਾਲ ਆਪਣਾ ਭਵਿੱਖ ਸੰਵਾਰਨਾ ਚਾਹੁੰਦੇ ਹਨ।
ਡਾ. ਸ਼ਿਵੇਤਾ ਸ਼ਨੋਏ ਨੇ ਵਿਦਿਆਰਥੀਆਂ ਵੱਲੋਂ ਬਣਾਈਆਂ ਗਈਆਂ ਵੱਖ ਵੱਖ ਚੀਜਾਂ ਪ੍ਰਤੀ ਉਨ੍ਹਾਂ ਦੇ ਉਤਸ਼ਾਹ ਦੀ ਸ਼ਲਾਘਾ ਕਰਦਿਆਂ ਸੁਝਾਅ ਦਿੱਤਾ ਕਿ ਉਹ ਰਿਵਾਇਤੀ ਕਲਾਵਾਂ ਨੂੰ ਆਮ ਲੋਕਾਂ ਵਿਚ ਹੋਰ ਜਾਗਰੂਕ ਕਰਨ ਤਾਂ ਜੋ ਇਨ੍ਹਾਂ ਕਲਾਵਾਂ ਰਾਹੀਂ ਬਣੀਆਂ ਵਸਤੂਆਂ ਦੀ ਮੰਗ ਹੋਰ ਵੀ ਵੱਧ ਸਕੇ। ਉਨ੍ਹਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧੀਆ ਤਰੀਕੇ ਨਾਲ ਪ੍ਰਦਰਸ਼ਨੀ ਚਲਾਉਣ ਵੀ ਵਧਾਈ ਵੀ ਦਿੱਤੀ।
ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਜਿੰਨਾ ਚਿਰ ਤਕ ਉਹ ਪੜ੍ਹਾਈ ਦੇ ਨਾਲ ਨਾਲ ਭਵਿੱਖ ਵਿਚ ਕੀਤੇ ਜਾਣ ਆਪਣੇ ਕੰਮ ਜਾਂ ਖੇਤਰ ਦੀ ਨਿਸ਼ਾਨਦੇਹੀ ਨਹੀਂ ਕਰਦੇ ਓਨਾ ਚਿਰ ਤਕ ਉਨ੍ਹਾਂ ਦੀ ਸਫਲਤਾ ਦੇ ਰਾਹ ਵਿਚ ਰੁਕਾਵਟ ਆਉਣ ਦੀ ਸੰਭਾਵਨਾ ਬਣੀ ਰਹਿੰਦੀ ਹੈ।
ਡਾ. ਸਰੋਜ ਬਾਲਾ ਨੇ ਇਸ ਮੌਕੇ ਲਾਈਫ ਲੌਂਗ ਲਰਨਿੰਗ ਵਿਭਾਗ ਵੱਲੋਂ ਕੀਤੇ ਜਾ ਰਹੇ ਵੱਖ ਵੱਖ ਸਿਖਲਾਈ ਪ੍ਰੋਗਰਾਮਾਂ, ਸਰਟੀਫਿਕੇਟ/ਡਿਪਲੋਮਾਂ ਕੋਰਸਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਲਾਭ ਪੁਚਾਉਣਾ ਹੈ ਤਾਂ ਜੋ ਉਹ ਸਵੈ-ਰੁਜ਼ਗਾਰ ਲਈ ਤਿਆਰ ਹੋ ਸਕਣ। ਉਨ੍ਹਾਂ ਕਿਹਾ ਕਿ ਰਿਵਾਇਤੀ ਕੰਮਾਂ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਆਧੁਨਿਕ ਕੰਮਾਂ ਦੇ ਹਾਣ ਦਾ ਵੀ ਬਣਾਉਣ ਦੇ ਉਪਰਾਲੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਫੁਲਕਾਰੀ, ਚਿਕਨਾਕਾਰੀ, ਕਸ਼ਮੀਰੀ, ਗੁਜਰਾਤੀ ਕੁਚ ਆਦਿ ਨੂੰ ਸਿਖਾਉਣ ਤੋਂ ਇਲਾਵਾ ਟਾਈ-ਡਾਈ, ਬਾਤਿਕ, ਸਟੈਂਸਿਲ ਪ੍ਰਿੰਟਿੰਗ, ਬਲਾਕ ਪ੍ਰਿੰਟਿੰਗ, ਬੁਣਾਵਟ, ਕਰੋਸ਼ੀਆ ਦੇ ਤਰੀਕਿਆਂ ਦੇ ਨਾਲ ਬੈਡਸ਼ੀਟ, ਸਿਰਹਾਣੇ ਦੇ ਕਵਰ, ਕਮੀਜ-ਸਲਵਾਰ, ਸਾੜੀਆਂ ਆਦਿ ਉਪਰ ਕਢਾਈ ਸਿਖਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਵਾਤਾਵਰਣ ਪ੍ਰਤੀ ਵੀ ਜਾਗਰੂਕ ਕਰਨ ਹਿਤ ਪੌਦੇ ਲਗਾਉਣ, ਸਾਫ ਸਫਾਈ ਮੁਹਿੰੰਮ ਚਲਾਉਣ ਦੇ ਲਈ ਵੱਖ ਵੱਖ ਪ੍ਰੋਗਰਾਮ ਰਾਹੀਂ ਉਤਸਾਹਿਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀਆਂ ਬਣਾਈਆਂ ਵਸਤੂਆਂ ਨੂੰ ਪ੍ਰਦਰਸ਼ਨੀ ਦੇਖਣ ਆਏ ਲੋਕ ਵਸਤੂਆਂ ਨੂੰ ਖਰੀਦਣ ਵਿਚ ਵੀ ਕਾਫੀ ਦਿਲਚਸਪੀ ਵਿਖਾ ਰਹੇ ਹਨ।
ਪ੍ਰਦਰਸ਼ਨੀ ਦੇ ਦੌਰਾਨ ਵਿਦਿਆਰਥੀਆਂ ਨੇ ਜਿਥੇ ਆਏ ਮਹਿਮਾਨਾਂ ਨੂੰ ਮੇਕਅਪ, ਵਾਲਾਂ ਦੀ ਦੇਖਭਾਲ, ਚਮੜੀ ਦੀ ਦੇਖਭਾਲ, ਨੇਲ ਆਰਟ ਅਤੇ ਮਹਿੰਦੀ ਆਦਿ ਦਾ ਪ੍ਰਦਰਸ਼ਨ ਕਰ ਕੇ ਵੀ ਵਿਖਾਇਆ। ਇਸ ਮੌਕੇ ਵਿਭਾਗ ਦੇ ਵਿਦਿਆਰੀਆਂ ਨੇ ਰੰਗੋਲੀ ਦੇ ਵੱਖ ਵੱਖ ਡਿਜ਼ਾਇਨ ਵੀ ਤਿਆਰ ਕੀਤੇ ਹੋਏ ਸਨ।
ਇਸ ਮੌਕੇ ਡੀਨ ਵਿਦਿਆਰਥੀ ਭਲਾਈ, ਪ੍ਰੋ. ਹਰਦੀਪ ਸਿੰਘ, ਪ੍ਰੋ. ਮਨਿੰਦਰ ਲਾਲ ਸਿੰਘ, ਮਿਸਜ਼ ਤੇਜਪਾਲ ਕੌਰ, ਮਿਸਜ਼ ਪਰਮਜੀਤ ਕੌਰ, ਮਿਸਜ਼ ਦੇਵਕਾ, ਮਿਸਜ਼ ਅਨੂ ਚਾਵਲਾ, ਮਿਸਜ਼ ਆਂਚਲ ਉਪਲ, ਮਿਸਜ਼ ਮੀਨਾਕਸ਼ੀ ਸ਼ਰਮਾ, ਮਿਸ ਸੁਚਿਤਾ ਤੋਂ ਇਲਾਵਾ ਵੱਖ ਵੱਖ ਵਿਭਾਗ ਦੇ ਵਿਦਿਆਰਥੀ ਅਤੇ ਅਧਿਆਪਕ ਵੀ ਮੌਜੂਦ ਸਨ। ਵਰਕਿੰਗ ਵਿਮਨ ਹੋਸਟਲ ਵਿਚ ਆਯੋਜਿਤ ਇਹ ਪ੍ਰਦਰਸਨੀ 24 ਅਕਤੂਬਰ ਤਕ ਸਵੇਰੇ 10.30 ਤੋਂ ਸ਼ਾਮ 5 ਵਜੇ ਤਕ ਲੱਗੀ ਰਹੇਗੀ। ਵਿਭਾਗ ਵੱਲੋਂ ਵਿਦਿਆਰਥੀਆਂ ਦੀਆਂ ਕਲਾਵਾਂ ਨੂੰ ਹੋਰ ਉਤਸ਼ਾਹਤ ਕਰਨ ਵਾਸਤੇ ਪ੍ਰਦਰਸ਼ਨੀ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਗਿਆ ਹੈ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media