Saturday, March 14, 2026

ਬੰਦੀ ਛੋੜ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿ. ਹਰਪ੍ਰੀਤ ਸਿੰਘ ਦਾ ਕੌਮ ਦੇ ਨਾਂਅ ਸੰਦੇਸ਼

ਅੰਮ੍ਰਿਤਸਰ, 28 ਅਕਤੂਬਰ (ਪੰਜਾਬ ਪੋਸਟ ਬਿਊਰੋ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਬੰਦੀ ਛੋੜ ਦਿਵਸ ਮੌਕੇ ਸੱਚਖੰਡ ਸ੍ਰੀ Giani Harpreet Sਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉੜੀ ਤੋਂ ਸਿੱਖ ਕੌਮ ਨਾਂ ਸੰਦੇਸ਼ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਨੂੰ ਬੇਲੋੜੇ ਮੁੱਦਿਆਂ ’ਤੇ ਆਪਸੀ ਟਕਰਾਅ ਤੇ ਭਰਾ ਮਾਰੂ ਜੰਗ ਛੱਡ ਕੇ ਇਕਜੁਟਤਾ ਨਾਲ ਸਿੱਖੀ ਦੇ ਦੁਸ਼ਮਣਾਂ ਦਾ ਮੁਕਾਬਲਾ ਕਰਨ ਲਈ ਕਿਹਾ।
             ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੰਦੇਸ਼ ਵਿਚ ਸਮੁੱਚੀ ਕੌਮ ਨੂੰ ਬੰਦੀ ਛੋੜ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਵਰਤਮਾਨ ਸਮੇਂ ਅੰਦਰ ਗੁਰਬਾਣੀ ਦੀ ਸਿੱਖਿਆ ਮੁਤਾਬਕ ਮਿਲ ਬੈਠ ਕੇ ਸਿਰ ਜੋੜਨ ਅਤੇ ਆਪਾ ਪੜਚੋਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਪੰਥਕ ਸ਼ਕਤੀ ਨੂੰ ਖੇਰੂ ਖੇਰੂ ਕਰਨ ਲਈ ਸਿੱਖ ਧਰਮ ਅੰਦਰ ਆਪਣੇ ਪ੍ਰਮੁੱਖ ਇਤਿਹਾਸਕ ਸਰੋਤਾਂ, ਸਿਧਾਂਤਾਂ ਅਤੇ ਰਹਿਤ ਮਰਯਾਦਾ ਸਬੰਧੀ ਵਿਵਾਦਾਂ ਨੂੰ ਤੂਲ ਦਿੱਤਾ ਜਾ ਰਿਹਾ ਹੈ। ਪੰਥਕ ਸੰਸਥਾਵਾਂ ਅਤੇ ਇਨ੍ਹਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਖਿਲਾਫ਼ ਵਰਤੀ ਜਾ ਰਹੀ ਸ਼ਬਦਾਵਲੀ ਕੌਮੀ ਸੰਸਥਾਵਾਂ ਦੀ ਤਬਾਹੀ ਦਾ ਅਧਾਰ ਬਣ ਰਹੀ ਹੈ। ਸਿੱਖਾਂ ਨੂੰ ਧਾਰਮਿਕ, ਸਮਾਜਿਕ, ਆਰਥਿਕ, ਰਾਜਨੀਤਕ ਅਤੇ ਖ਼ਾਸ ਤੌਰ ’ਤੇ ਨੌਜੁਆਨੀ ਨੂੰ ਬੌਧਿਕ ਤੌਰ ’ਤੇ ਕੰਗਾਲ ਬਣਾਉਣ ਦਾ ਕੋਝਾ ਯਤਨ ਹੋ ਰਿਹਾ ਹੈ। ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਭ ਪੰਥ ਵਿਰੋਧੀ ਤਾਕਤਾਂ ਦੀ ਸੋਚੀ ਸਮਝੀ ਗਹਿਰੀ ਸਾਜ਼ਿਸ਼ ਦਾ ਹਿੱਸਾ ਲੱਗਦਾ ਹੈ।
             ਉਨ੍ਹਾਂ ਖ਼ਾਲਸਾ ਪੰਥ ਦੀ ਵਿਰਾਸਤੀ ਭੂਮੀ ਉੱਪਰ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਨੂੰ ਮਧੋਲਣ ਦੇ ਯਤਨਾਂ ’ਤੇ ਵੀ ਤਿੱਖੇ ਸਵਾਲ ਕੀਤੇ। ਸਿੰਘ ਸਾਹਿਬ ਨੇ ਕਿਹਾ ਕਿ ਸਜ਼ਾ ਭੁਗਤਣ ਦੇ ਬਾਵਜੂਦ ਸਿੱਖ ਬੰਦੀਆਂ ਨੂੰ ਭਾਰਤੀ ਜ਼ੇਲ੍ਹਾਂ ਵਿੱਚੋਂ ਰਿਹਾਅ ਨਾ ਕਰਨਾ, ਸਿੱਖ ਵਿਰਾਸਤ ਤੇ ਸਿੱਖ ਸੱਭਿਆਚਾਰ ’ਤੇ ਗੁੱਝੇ ਹਮਲੇ, ਕੁਦਰਤੀ ਵਾਤਾਵਰਣ ਦਾ ਵਿਗਾੜ, ਖਾਲਸੇ ਦੇ ਨਿਆਰੇਪਣ ਨੂੰ ਗੰਧਲਾ ਕਰਨ ਦੇ ਮਨਸੂਬੇ, ਸ਼ਖ਼ਸੀ ਪੂਜਾ ਦਾ ਉਭਾਰ ਤੇ ਗੁਰੂਡੰਮ ਦਾ ਬੋਲਬਾਲਾ ਪੰਥ ਅੱਗੇ ਕਈ ਤਰ੍ਹਾਂ ਦੀ ਚੁਣੌਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਧਰਤੀ ਹੇਠਲੇ ਪਾਣੀ ਦਾ ਦੂਸ਼ਤ ਹੋਣਾ, ਜਰਖੇਜ ਧਰਤੀ ਦਾ ਬੰਜਰ ਹੋਣਾ, ਨਸ਼ੇ, ਕਿਸਾਨ ਖੁਦਕੁਸ਼ੀਆਂ, ਭਰੂਣ ਹੱਤਿਆ, ਨੌਜੁਆਨੀ ਦਾ ਪ੍ਰਵਾਸ ਆਦਿ ਵਿਸ਼ਿਆਂ ਨੂੰ ਵੀ ਛੋਹਿਆ। ਉਨ੍ਹਾਂ ਕਿਹਾ ਕਿ ਇਸ ਸਾਰੇ ਵਰਤਾਰੇ ਵਿਰੁੱਧ ਸਿੱਖਾਂ ਨੂੰ ਲਾਮਬੰਦ ਹੋਣਾ ਪਵੇਗਾ। ਜੇਕਰ ਸਮੂਹ ਖ਼ਾਲਸਾ ਪੰਥ ਆਪਣੀ ਕੁਦਰਤੀ ਅਤੇ ਇਤਿਹਾਸਕ ਵਿਰਾਸਤ ਵਾਲੀ ਰੂਹਾਨੀ ਜੀਵਨਧਾਰਾ ਨੂੰ ਬਚਾਉਣ ਲਈ ਇਕਜੁਟ ਨਾ ਹੋਇਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਵਾਲ ਕਰਨਗੀਆਂ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਮੁੱਚੀ ਕੌਮ ਨੂੰ ਸਵੈਮੰਥਨ ਕਰਨ ਦਾ ਸੁਨੇਹਾ ਦਿੱਤਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ 550ਵੇਂ ਪ੍ਰਕਾਸ਼ ਪੁਰਬ ਨੂੰ ਕੌਮੀ ਇਕਜੁਟਤਾ ਨਾਲ ਮਨਾਉਣ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਅੱਜ ਇਸ ਗੱਲ ਦੀ ਵੱਡੀ ਲੋੜ ਹੈ ਕਿ ਅਸੀਂ ਆਪਣੇ ਧਾਰਮਿਕ, ਸਮਾਜਿਕ, ਰਾਜਨੀਤਕ ਵਖਰੇਵੇਂ ਛੱਡ ਕੇ ਇਕ ਮੰਚ ’ਤੇ ਇਕੱਤਰ ਹੋਈਏ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਉਪਦੇਸ਼ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਤੋਂ ਸੇਧ ਲੈ ਕੇ ਅੱਗੇ ਵਧੀਏ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply