Sunday, August 2, 2026

ਸੁਲਤਾਨਪੁਰ ਲੋਧੀ ਵਿਖੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕੀਤੀ ਜਾਵੇ – ਜਥੇਦਾਰ ਅਕਾਲ ਤਖ਼ਤ ਸਾਹਿਬ

ਲੰਗਰ ਤੇ ਛਬੀਲ ਆਦਿ ਲਈ ਪਲਾਸਟਿਕ ਦੇ ਬਰਤਨਾਂ ਦੀ ਵਰਤੋਂ ਕਰਨ ਤੋਂ ਸੰਕੋਚ ਕਰੇ ਸੰਗਤ

ਅੰਮ੍ਰਿਤਸਰ, 31 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਉਤੇ ਦੇਸ਼-ਵਿਦੇਸ਼ ਤੋਂ ਆ ਰਹੀ ਸੰਗਤ ਨੂੰ ਅਪੀਲ ਕਰਦੇ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ, ਜਿਸ ਨੂੰ ਪੰਜਾਬ ਸਰਕਾਰ ਨੇ ਵੀ ਪਲਾਸਟਿਕ ਮੁਕਤ ਸ਼ਹਿਰ ਐਲਾਨ ਦਿੱਤਾ ਹੈ, ਦੇ ਆਲੇ-ਦੁਆਲੇ ਨੂੰ ਸਾਫ ਸੁਥਰਾ ਰੱਖਣ ਤੇ ਵਾਤਾਵਰਣ ਨੂੰ ਧਿਆਨ ਵਿਚ ਰੱਖਦੇ ਹੋਏ ਪਲਾਸਿਟਕ ਦੇ ਲਿਫਾਫੇ, ਪਲਾਸਟਿਕ ਦੇ ਡਿਸਪੋਜ਼ੇਬਲ ਬਰਤਨਾਂ ਆਦਿ ਦੀ ਵਰਤੋਂ ਨਾ ਕੀਤੀ ਜਾਵੇ। ਉਨਾਂ ਕਿਹਾ ਕਿ ਤੁਹਾਡੇ ਵੱਲੋਂ ਕੀਤੀ ਇਕ ਨਿੱਕੀ ਜਿਹੀ ਕੋਸ਼ਿਸ਼ ਗੁਰੂ ਨਗਰੀ ਨੂੰ ਸਾਫ ਰੱਖਣ ਜਿੱਥੇ ਨਾ ਕੇਵਲ ਸਹਾਈ ਸਿੱਧ ਹੋਵੇਗੀ, ਬਲਕਿ ਸਮੁੱਚੀ ਸੰਗਤ ਨੂੰ ਇਕ ਚੰਗਾ ਸੰਦੇਸ਼ ਵੀ ਜਾਵੇਗਾ, ਜਿਸ ਨਾਲ ਪੰਜਾਬ ਵਿਚ ਇਕ ਵਾਰ ਵਰਤੋਂ ਕਰਨ ਵਾਲੀ ਪਲਾਸਟਿਕ ਦੀ ਵਰਤੋਂ ਵੀ ਘੱਟੇਗੀ।
                  ਉਨਾਂ ਲੰਗਰ ਲਗਾਉਣ ਵਾਲੀਆਂ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਲੰਗਰਾਂ ਲਈ ਸਟੀਲ ਆਦਿ ਦੇ ਬਰਤਨ ਵਰਤਣ ਜਾਂ ਫਿਰ ਪੱਤਿਆਂ ਤੋਂ ਬਣੀਆਂ ਡਿਸਪੋਜ਼ੇਬਲ ਪਲੇਟਾਂ ਦੀ ਵਰਤੋਂ ਕਰਨ, ਕਿਉਂਕਿ ਪੱਤਿਆਂ ਤੋਂ ਬਣੇ ਬਰਤਨ ਮਿੱਟੀ ਵਿਚ ਮਿੱਟੀ ਹੋ ਜਾਂਦੇ ਹਨ, ਪਰ ਪਲਾਸਟਿਕ ਦੇ ਬਣੇ ਡਿਸਪੋਜ਼ੇਬਲ ਗਿਲਾਸ ਜਾਂ ਪਲੇਟਾਂ ਆਦਿ ਸੈਂਕੜੇ ਸਾਲ ਤੱਕ ਗਲਦੇ ਨਹੀਂ, ਜਿਸ ਕਾਰਨ ਗੰਦਗੀ ਦਾ ਘਰ ਬਣ ਜਾਂਦੇ ਹਨ। ਜੇਕਰ ਇੰਨਾਂ ਨੂੰ ਤੁਸੀਂ ਅੱਗ ਨਾਲ ਸਾੜਨ ਦੀ ਕੋਸ਼ਿਸ਼ ਵੀ ਕਰੋਗੇ, ਤਾਂ ਇਹ ਹਵਾ ਵਿਚ ਕਈ ਤਰਾਂ ਦੀਆਂ ਗੈਸਾਂ ਛੱਡਣਗੇ, ਜੋ ਕਿ ਮਨੁੱਖੀ ਸਰੀਰ ਲਈ ਘਾਤਕ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਅਪੀਲ ਕੀਤੀ ਕਿ ਇੰਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਵਾਰ ਵਰਤੋਂ ਵਿਚ ਆਉਣ ਵਾਲੀ ਪਲਾਸਟਿਕ ਅਤੇ ਪਲਾਸਟਿਕ ਦੇ ਬਰਤਨਾਂ ਦੀ ਵਰਤੋਂ ਨਾ ਕੀਤੀ ਜਾਵੇ।

Check Also

ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ

ਅੰਮ੍ਰਿਤਸਰ,  1 ਅਗਸਤ  (ਜਗਦੀਪ ਸਿੰਘ)  – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …

Leave a Reply