Saturday, March 7, 2026

ਸ਼੍ਰੋਮਣੀ ਕਮੇਟੀ ਤੇ ਸਰਕਾਰ ਵਡਭਾਗੇ ਸਮੇਂ ਸਿਆਸੀ ਚੁੱਲ੍ਹਾ ਬਾਲ ਕੇ ਵੋਟਾਂ ਦੀ ਰਾਜਨੀਤੀ ਤੋਂ ਗੁਰੇਜ਼ ਕਰਨ – ਭਗਵੰਤ ਮਾਨ

ਸ਼ਰਧਾਲੂਆਂ ਪਾਸੋਂ ਲਾਂਘੇ ਦੀ 20 ਡਾਲਰ ਫੀਸ ਅਰਬਾਂ ਦੇ ਬਜ਼ਟ ਵਾਲੀ ਸ਼੍ਰੋਮਣੀ ਕਮੇਟੀ ਦੇਵੇ

PPNJ3110201907

ਸੁਨਾਮ/ ਲੌਂਗੋਵਾਲ, 31 ਅਕਤੂਬਰ (ਪੰਜਾਸਬ ਪੋਸਟ – ਜਗਸੀਰ ਲੌਂਗੋਵਾਲ) – ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਸ਼੍ਰੋਮਣੀ ਕਮੇਟੀ ਅਤੇ ਸੂਬਾ ਸਰਕਾਰ ਵੱਲੋਂ ਜਗਤ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਲੈ ਕੇ ਕੀਤੀ ਜਾ ਰਹੀ ਹਉਮੇ ਦੀ ਸਿਆਸਤ ਨੂੰ ਮੰਦਭਾਗਾ ਅਤੇ ਸ਼ਰਮਨਾਕ ਦੱਸਦਿਆਂ ਕਿਹਾ ਕਿ ਅਜਿਹੇ ਵਡਭਾਗੇ ਮੌਕੇ ਦੋਵੇਂ ਧਿਰਾਂ ਨੂੰ ਸਿਆਸੀ ਚੁੱਲ੍ਹਾ ਬਾਲ ਕੇ ਕੇ ਕੀਤੀ ਜਾ ਰਹੀ ਵੋਟਾਂ ਦੀ ਰਾਜਨੀਤੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਜਿਥੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਨਾਂਅ ਆ ਗਿਆ ਹੋਵੇ, ਉਥੇ ਅਜਿਹੇ ਸਮਾਗਮਾਂ ਮੌਕੇ ਹੋਰ ਕੋਈ ਵੀ ਮਨੁੱਖ ਵੱਡਾ ਨਹੀਂ ਹੋ ਸਕਦਾ ਕਿ ਕੌਣ ਕੁਰਸੀ ਤੇ ਬੈਠੇਗਾ ਅਤੇ ਕੌਣ ਦਰੀਆਂ ਉਪਰ ਬੈਠਣਗੇ।
ਇਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਦੇ ਘਰ ਪੱਤਰਕਾਰਾਂ ਨਾਲ ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਵਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਪਾਸੋਂ 20 ਡਾਲਰ ਲਏ ਜਾਣ ਦਾ ਖ਼ਰਚ ਦਿੱਲੀ ਸਰਕਾਰ ਦੀ ਤਰਜ਼ `ਤੇ ਅਰਬਾਂ ਰੁਪਏ ਦੇ ਬਜ਼ਟ ਵਾਲੀ ਸ਼੍ਰੋਮਣੀ ਕਮੇਟੀ ਨੂੰ ਖੁਦ ਚੁੱਕਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਸੂਬਾ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੀ ਨੀਯਤ ਵਿੱਚ ਫਰਕ ਸਪੱਸ਼ਟ ਦਿਖਾਈ ਦੇ ਰਿਹਾ ਹੈ।ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਦਿਲੀ ਵਿਚ ਕਿਸਾਨਾਂ ਦੇ ਹੱਕਾਂ ਦੀ ਤਰਜ਼ਮਾਨੀ ਕਰਦਿਆਂ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਸਾਂ ਨੂੰ ਲਾਗੂ ਕੀਤਾ ਹੈ, ਜਦਕਿ ਕਾਂਗਰਸ ਅਤੇ ਅਕਾਲੀ ਭਾਜਪਾ ਦੀਆਂ ਸਰਕਾਰਾਂ ਕਿਸਾਨਾਂ ਨੂੰ ਗੁੰਮਰਾਹ ਕਰਨ ਤੇ ਉਤਾਰੂ ਹਨ।ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਅਗਲੇ ਵਰ੍ਹੇ ਦਿੱਲੀ ਮੁੜ ਸਰਕਾਰ ਬਣਾਉਣ ਦਾ ਦਾਅਵਾ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਦੇ ਬਦਲ ਵਜੋਂ ਉਭਰ ਕੇ ਸਾਹਮਣੇ ਆਵੇਗੀ।ਉਨ੍ਹਾਂ ਸੂਬੇ ਅੰਦਰ ਹਾਲ ਹੀ ਵਿੱਚ ਸੰਪੰਨ ਹੋਈਆਂ ਜਿਮਨੀ ਚੋਣਾਂ ਵਿੱਚ ਪਾਰਟੀ ਦੀ ਨਿਰਾਸ਼ਾਜਨਕ ਹਾਰ ਦੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਪ ਚੋਣਾਂ ਵਿੱਚ ਹਾਕਮ ਧਿਰਾਂ ਵੋਟਾਂ ਲੁੱਟਦੀਆਂ ਹਨ, ਲੇਕਿਨ ਢਾਈ ਸਾਲ ਬਾਅਦ ਹੋਣ ਵਾਲੀਆਂ ਆਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਪੰਜਾਬ ਅੰਦਰ ਸ਼ਾਨਦਾਰ ਪਰਦਰਸ਼ਨ ਕਰਕੇ ਸਰਕਾਰ ਬਣਾਉਣ ਦੀ ਸਮਰੱਥ ਹੋਵੇਗੀ।ਉਨ੍ਹਾਂ ਕਿਹਾ ਕਿ ਪਾਰਟੀ ਦੀ ਸੂਬਾ ਇਕਾਈ ਭਵਿੱਖ ਦੀ ਰਾਜਨੀਤੀ ਘੜਣ ਲਈ ਜਲਦੀ ਹੀ ਆਤਮ ਮੰਥਨ ਕਰੇਗੀ।
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਸੁਖਪਾਲ ਖਹਿਰਾ ਤੇ ਤੰਜ ਕੱਸਦਿਆਂ ਕਿਹਾ ਕਿ ਖਹਿਰਾ ਨੇ ਹਮੇਸ਼ਾਂ ਲੋਕ ਮੁੱਦਿਆਂ ਤੋਂ ਪਿੱਛੇ ਹਟ ਕੇ ਤਿਕੜਮਬਾਜ਼ੀ ਦੀ ਰਾਜਨੀਤੀ ਨੂੰ ਤਰਜ਼ੀਹ ਦਿੱਤੀ ਹੈ, ਜਦਕਿ ਅਜੋਕੇ ਸਮੇਂ ਨਿੱਜਵਾਦ ਅਤੇ ਤਿਕੜਮਬਾਜ਼ੀ ਵਾਲੀ ਰਾਜਨੀਤੀ ਦੇ ਦਿਨ ਪੁੱਗ ਗਏ ਹਨ।ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਵਰਗਲਾਏ ਵਿਧਾਇਕਾਂ ਲਈ ਪਾਰਟੀ ਦਾ ਰਾਹ ਪੱਧਰਾ ਹੈ, ਉਨ੍ਹਾਂ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨਾਲ ਗੱਲ ਹੋਣ ਦਾ ਦਾਅਵਾ ਵੀ ਕੀਤਾ ਹੈ।
ਇਸ ਮੌਕੇ ਵਿਧਾਇਕ ਅਮਨ ਅਰੋੜਾ, ਹਰਪ੍ਰੀਤ ਸਿੰਘ ਹੰਜਰਾ, ਲਾਭ ਸਿੰਘ ਨੀਲੋਵਾਲ ਅਤੇ ਸਰਜੀਵਨ ਗੋਇਲ ਲੱਕੀ ਆਦਿ ਹਾਜਰ ਸਨ।
 

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply