ਅੰਮ੍ਰਿਤਸਰ, 31 ਅਕਤੂਬਰ (ਪੰਜਾਬ ਪੋਸਟ -ਗੁਰਪ੍ਰੀਤ ਸਿੰਘ) – ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ ਫਰੀਦਕੋਟ ਵਿਖੇ ਰਾਤ ਦੇ ਵਿਸ਼ਰਾਮ ਮਗਰੋਂ ਅੱਜ ਅਗਲੇ ਪੜਾਅ ਡਰੋਲੀ ਭਾਈ ਲਈ ਰਵਾਨਾ ਹੋਇਆ।ਅਗਲੇ ਪੜਾਅ ਲਈ ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਖਾਲਸਾ ਦੀਵਾਨ ਫਰੀਦਕੋਟ ਵਿਖੇ ਧਾਰਮਿਕ ਦੀਵਾਨ ਸਜਾਏ ਗਏ।ਰਾਗੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ।ਇਸ ਦੌਰਾਨ ਕਥਾਵਾਚਕ ਭਾਈ ਸਰਬਜੀਤ ਸਿੰਘ ਲੁਧਿਆਣਾ ਨੇ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੁੱਚੇ ਵਿਸ਼ਵ ਦੇ ਸਰਬਸਾਂਝੇ ਰਹਿਬਰ ਹਨ, ਜਿਨ੍ਹਾਂ ਦੀ ਵਿਚਾਰਧਾਰਾ ਮਾਨਵਤਾ ਨੂੰ ਇਕ ਧਾਗੇ ਵਿਚ ਪਰੋਂਦੀ ਹੈ।ਗੁਰੂ ਸਾਹਿਬ ਨੇ ਦੱਬੇ ਕੁਚਲੇ ਲੋਕਾਂ ਦੀ ਅਵਾਜ਼ ਬਣਦਿਆਂ ਹੱਕ ਸੱਚ ਦਾ ਨਾਅਰਾ ਬੁਲੰਦ ਕੀਤਾ ਅਤੇ ਅਨਿਆਂ ਦਾ ਡਟਵਾਂ ਵਿਰੋਧ ਕੀਤਾ।ਭਾਈ ਸਰਬਜੀਤ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਹੋਰ ਰਹੇ ਵਿਸ਼ਾਲ ਸਮਾਗਮਾਂ ਦੌਰਾਨ ਸ਼ਮੂਲੀਅਤ ਲਈ ਸ਼੍ਰੋਮਣੀ ਕਮੇਟੀ ਤਰਫੋਂ ਸੰਗਤ ਨੂੰ ਸੱਦਾ ਦਿੱਤਾ।ਸ਼੍ਰੋਮਣੀ ਕਮੇਟੀ ਵੱਲੋਂ ਪੰਜ ਪਿਆਰੇ ਸਾਹਿਬਾਨ ਅਤੇ ਨਿਸ਼ਾਨਚੀ ਸਿੰਘਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨ ਦਿੱਤਾ ਗਿਆ।ਨਗਰ ਕੀਰਤਨ ਦੌਰਾਨ ਹਾਜ਼ਰ ਰਹੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਿੰਦਰ ਕੌਰ ਭੋਲੂਆਣਾ, ਸਤਪਾਲ ਸਿੰਘ ਤਲਵੰਡੀ ਭਾਈ, ਦਰਸ਼ਨ ਸਿੰਘ ਸ਼ੇਰਖਾਂ, ਸ਼ੇਰ ਸਿੰਘ ਮੰਡਵਾਲਾ, ਪਰਮਬੰਸ ਸਿੰਘ ਰੁਮਾਣਾ, ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਸਤਨਾਮ ਸਿੰਘ ਝਬਾਲ, ਧਰਮਿੰਦਰ ਸਿੰਘ ਆਦਿ ਮੌਜੂਦ ਸਨ। ਇਸ ਤੋਂ ਪਹਿਲਾਂ ਬੀਤੇ ਰਾਤ ਨਗਰ ਕੀਰਤਨ ਦੇ ਫਰੀਦਕੋਟ ਹਲਕੇ ਵਿਚ ਪੁੱਜਣ ਸਮੇਂ ਮਨਤਾਰ ਸਿੰਘ ਬਰਾੜ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਭਰਵਾਂ ਸਵਾਗਤ ਕੀਤਾ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਵੱਲੋਂ ਨਗਰ ਕੀਰਤਨ ਦੇ ਬਦਲਵੇਂ ਪ੍ਰਬੰਧਾਂ ਨੂੰ ਲੈ ਕੇ ਅੱਜ ਮੀਤ ਸਕੱਤਰ ਤੇਜਿੰਦਰ ਸਿੰਘ ਪੱਡਾ ਦੀ ਅਗਵਾਈ ਵਿਚ ਮੁਲਾਜ਼ਮਾਂ ਦਾ ਜਥਾ ਰਵਾਨਾ ਕੀਤਾ।ਇਹ ਜਥਾ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸ਼੍ਰੋਮਣੀ ਕਮੇਟੀ ਦੇ ਮੈਂਬਰ ਭਗਵੰਤ ਸਿੰਘ ਸਿਆਲਕਾ, ਸਕੱਤਰ ਮਨਜੀਤ ਸਿੰਘ ਬਾਠ ਤੇ ਹੋਰਾਂ ਵੱਲੋਂ ਸਿਰੋਪਾਓ ਦੇ ਕੇ ਰਵਾਨਾ ਕੀਤਾ ਗਿਆ।
Check Also
ਸੰਸਦ ਵਿੱਚ ਉਠਿਆ ਕੈਂਸਰ ਦਾ ਗੰਭੀਰ ਮੁੱਦਾ: ਐਮ.ਪੀ ਔਜਲਾ ਨੇ ਤੁੰਗ ਢਾਬ ਡਰੇਨ ਨੂੰ ਦੱਸਿਆ ਵੱਡਾ ਕਾਰਨ
ਅੰਮ੍ਰਿਤਸਰ, 3 ਅਪ੍ਰੈਲ (ਜਗਦੀਪ ਸਿੰਘ) – ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੰਸਦ ਵਿੱਚ ਪੰਜਾਬ …
Punjab Post Daily Online Newspaper & Print Media