ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਗੁਰਜੀਤ ਔਜਲਾ ਤੇ ਸ਼ਵੇਤ ਮਲਿਕ ਨੇ ਸਾਂਝੇ ਤੋਰ ‘ਤੇ ਕੀਤਾ ਉਦਘਾਟਨ
ਅੰਮ੍ਰਿਤਸਰ, 31 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਕੇਂਦਰ ਸਰਕਾਰ ਵਲੋਂ ਅੰਮ੍ਰਿਤਸਰ-ਲੰਡਨ ਸਿੱਧੀ ਹਵਾਈ ਸੇਵਾ ਅੱਜ
ਤੜਕਸਾਰ ਪਹਿਲੀ ਹਵਾਈ ਉਡਾਨ ਨਾਲ ਸ਼ੁਰੂ ਹੋ ਗਈ।ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਉਪਰੰਤ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਏਅਰ ਇੰਡੀਆ ਦੇ ਜਹਾਜ ਨੇ ਲੰਡਨ ਲਈ ਉਡਾਨ ਭਰੀ।
ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਸੰਸਦ ਵਿੱਚ ਅੰਮ੍ਰਿਤਸਰ-ਲੰਡਨ ਸਿੱਧੀ ਹਵਾਈ ਸੇਵਾ ਸ਼ੁਰੂ ਕਰਨ ਨੂੰ ਲੈ ਕੇ ਲਗਾਤਾਰ ਅਵਾਜ ਬੁਲੰਦ ਕਨ ‘ਤੇ ਸ਼ੁਰੂ ਕੀਤੀ ਗਈ ਇਸ ਹਵਾਈ ਸੇਵਾ ਦੀ ਪਹਿਲੀ ਉਡਾਨ ਦਾ ਰਸਮੀ ਉਦਘਾਟਨ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਮੈਂਬਰ ਰਾਜ ਸਭਾ ਸ਼ਵੇਤ ਮਲਿਕ ਸੂਬਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਅਤੇ ਭਾਰਤੀ ਕ੍ਰਿਕੇਟ ਟੀਮ ਦੇ ਪੰਜਾਬੀ ਖਿਡਾਰੀ ਹਰਭਜਨ ਸਿੰਘ ਵਲੋਂ ਸਾਂਝੇ ਤੌਰ ਸ਼ਮਾਂ ਰੌਸ਼ਨ ਕਰਕੇ ਕੀਤਾ ਗਿਆ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਗੁਰਜੀਤ ਸਿੰਘ ਔਜਲਾ ਤੇ ਸ਼ਵੇਤ ਮਲਿਕ ਨੇ ਸਾਂਝੇ ਤੌਰ ‘ਤੇ ਵਿਦੇਸ਼ ਵੱਸਦੇ ਸਮੂਹ ਪੰਜਾਬੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਇਸ ਉਡਾਨ ਦੇ ਸ਼ੁਰੂ ਹੋਣ ਨਾਲ ਲੰਡਨ ਵੱਸਦੇ ਪੰਜਾਬੀਆਂ ਨੂੰ ਫਾਇਦਾ ਹੋਵੇਗਾ।ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੇ ਸ਼ਹਿਰੀ ਹਵਾਬਾਜੀ ਮੰਤਰਾਲੇ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਸ਼ਤਾਬਦੀ ਸੰਬੰਧੀ ਏਅਰ ਇੰਡੀਆ ਦੇ ਜਹਾਜ ਦੇ ਪਿਛਲੇ ਹਿੱਸੇ ਤੇ ‘ੴ’ ਸ਼ਬਦ ਅਤੇ ਜਹਾਜ ਦੇ ਸਾਹਮਣੇ ਹਿੱਸੇ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸ਼ਤਾਬਦੀ ਸੰਬੰਧੀ ਵਧਾਈ ਸੰਦੇਸ਼ ਲਿਖੇ ਜਾਣ ਕਾਰਨ ਬਾਬੇ ਨਾਨਕ ਦਾ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ’ ਸਮੇਤ ਸ਼ਾਂਤੀ ਦਾ ਉਪਦੇਸ਼ ਪੂਰੀ ਦੁਨੀਆਂ ਵਿੱਚ ਜਾਵੇਗਾ। ਔਜਲਾ ਨੇ ਕਿਹਾ ਕਿ ਜੇਕਰ ਇਹ ਉਡਾਨ ਲੰਡਨ ਦੇ ਹੀਥਰੋ ਹਵਾਈ ਅੱਡੇ ਲਈ ਸ਼ੁਰੂ ਕੀਤੀ ਜਾਵੇ ਤਾਂ ਇਸ ਨਾਲ ਪੂਰੇ ਯੂਰਪ ਦੇ ਨਾਲ ਨਾਲ ਯੂ.ਐਸ.ਏ ਤੇ ਹੋਰਨਾਂ ਦੇਸ਼ ‘ਚ ਵੱਸਦੇ ਪੰਜਾਬੀਆਂ ਨੂੰ ਫਾਇਦਾ ਮਿਲੇਗਾ।ਉਨਾਂ ਕਿਹਾ ਕਿ ਉਹ ਇਸ ਉਡਾਨ ਨੂੰ ਹੀਥਰੋ ਹਵਾਈ ਅੱਡੇ ਤੋਂ ਚਲਾਉਣ ਲਈ ਆਪਣੇ ਯਤਨ ਜਾਰੀ ਰੱਖਣਗੇ।ਗੁਰਜੀਤ ਸਿੰਘ ਔਜਲਾ ਤੇ ਹੋਰਨਾਂ ਯਾਤਰੂਆਂ ਦਾ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਪਹਿਲੀ ਉਡਾਨ ਰਾਹੀਂ ਲੰਡਨ ਦੇ ਸਟੈਂਸਟਡ ਹਵਾਈ ਅੱਡੇ ਪੁੱਜਣ ‘ਤੇ ਲੰਡਨ ਵੱਸਦੇ ਪੰਜਾਬੀਆਂ ਵਲੋਂ ਢੋਲ ਦੀ ਥਾਪ ਨਾਲ ਸਵਾਗਤ ਕੀਤਾ ਗਿਆ।
ਇਥੇ ਇਹ ਹੀ ਦੱਸਣਯੋਗ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਸ਼ੁਰੂ ਕੀਤੀ ਇਹ ਉਡਾਨ ਅੱਜ ਲੰਡਨ ਦੇ ਸਟੈਂਸਟਡ ਹਵਾਈ ਤੇ ਪੁੱਜੀ ਤਾਂ ਸੰਜੋਗਵੱਸ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ‘ਤੇਰਾ-ਤੇਰਾ’ ਨੂੰ ਸਾਰਥਿਕ ਕਰਦਿਆਂ ਜਹਾਜ ਹਵਾਈ ਅੱਡੇ ਦੇ 13-ਐਲ ਕਾਊਂਟਰ ‘ਤੇ ਲੱਗਾ ਜੋ ਜਹਾਜ ਦੇ ਯਾਤਰੀਆਂ ਲਈ ਚਰਚਾ ਦਾ ਵਿਸ਼ਾ ਬਣਿਆ ਰਿਹਾ।ਇਸ ਸਮੇਂ ਹੋਰਨਾਂ ਤੋਂ ਇਲਾਵਾ ਏਅਰਪੋਰਟ ਅਥਾਰਟੀ ਦੇ ਡਾਇਰੈਕਟਰ ਮਨੋਜ ਚੌਰਸੀਆ, ਏਅਰ ਇੰਡੀਆ ਦੇ ਸੀ.ਐਮ.ਡੀ. ਅਸ਼ਨਵੀ ਲੋਹਾਨੀ, ਅੰਮ੍ਰਿਤਸਰ ਵਿਕਾਸ ਮੰਚ ਆਗੂ ਸਮੀਪ ਸਿੰਘ ਯੂ.ਐਸ.ਏ, ਕੈਪਟਨ ਅਮਿਤਾਬ ਸਿੰਘ ਡਾਇਰੈਕਟਰ ਉਪਰੇਸ਼ਨ, ਸੇਵਾ ਟਰੱਸਟ ਯੂ.ਕੇ ਆਗੂ ਚਰਨਜੀਤ ਸਿੰਘ ਸੇਖੋਂ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media