ਅੰਮ੍ਰਿਤਸਰ, 9 ਨਵੰਬਰ (ਪੰਜਾਬ ਪੋਸਟ – ਦੀ ਦਵਿੰਦਰ ਸਿੰਘ) – ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਵਿਦਿਆਰਥੀਆਂ ਵਿਚ ਤਰਕਸ਼ੀਲ
ਸੋਚ ਪ੍ਰਫੁਲਿਤ ਕਰਨ ਅਤੇ ਸਮਾਜ ਵਿਚੋਂ ਅੰਧ ਵਿਸ਼ਵਾਸ਼ਾਂ ਸਮੇਤ ਰੂੜੀਵਾਦੀ ਰਸਮਾਂ ਅਤੇ ਮਾਨਤਾਵਾਂ ਖਤਮ ਕਰਨ ਦੇ ਉਦੇਸ਼ ਨਾਲ ਸਮੁੱਚੇ ਪੰਜਾਬ ਵਿਚ ਕਰਵਾਈ ਗਈ ਤੀਜੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿਚ ਭਾਗ ਲੈਣ ਵਾਲੇ ਅਸ਼ੋਕ ਸੀਨੀਅਰ ਸੈਕੰਡਰੀ ਸਕੂਲ ਅਜੀਤ ਨਗਰ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਤਰਕਸ਼ੀਲ ਆਗੂਆਂ ਸੁਮੀਤ ਸਿੰਘ, ਜਸਪਾਲ ਬਾਸਰਕਾ, ਮੇਜਰ ਸਿੰਘ, ਅਸ਼ਵਨੀ ਕੁਮਾਰ, ਸਕੂਲ ਦੇ ਨਿਰਦੇਸ਼ਕ ਸੁਸ਼ੀਲ ਅਗਰਵਾਲ ਅਤੇ ਪ੍ਰਿੰਸੀਪਲ ਸੁਨੈਣਾ ਅਗਰਵਾਲ ਵਲੋਂ ਮਾਝਾ ਜੋਨ ਦੇ ਸੈਕੰਡਰੀ ਗਰੁੱਪ ਵਿੱਚ ਸਾਂਝੇ ਤੌਰ ’ਤੇ ਪੰਜਵਾਂ ਸਥਾਨ ਹਾਸਲ ਕਰਨ ਵਾਲੇ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਬਿਕਰਮਪ੍ਰੀਤ ਸਿੰਘ ਅਤੇ ਚੰਨਪ੍ਰੀਤ ਕੌਰ ਅਤੇ ਇਕਾਈ ਪੱਧਰ ’ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਰਾਜ ਨੰਦਿਨੀ ਅਤੇ ਸਿਮਰਪ੍ਰੀਤ ਕੌਰ ਨੂੰ ਤਰਕਸ਼ੀਲ ਕਿਤਾਬਾਂ ਦਾ ਸੈਟ ਅਤੇ ਸਨਮਾਨ ਚਿੰਨ , ਮੈਰਿਟ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਪ੍ਰੀਖਿਆ ਵਿਚ ਭਾਗ ਲੈਣ ਵਾਲੇ 40 ਹੋਰਨਾਂ ਵਿਦਿਆਰਥੀਆਂ ਨੂੰ ਵੀ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਕਾਈ ਦੇ ਜਥੇਬੰਦਕ ਮੁੱਖੀ ਸੁਮੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਚੇਤਨ ਪ੍ਰੀਖਿਆ ਰਾਹੀਂ ਵਿਦਿਆਰਥੀਆਂ ਨੂੰ ਵਹਿਮਾਂ ਭਰਮਾਂ, ਧਾਗੇ ਤਵੀਤਾਂ, ਜਾਦੂ ਟੂਣਿਆਂ, ਭੂਤਾਂ ਪ੍ਰੇਤਾਂ, ਕਾਲੇ ਇਲਮ, ਪਾਖੰਡੀ ਬਾਬਿਆਂ ਅਤੇ ਹੋਰਨਾਂ ਸਮਾਜਿਕ ਬੁਰਾਈਆਂ ਖਿਲਾਫ ਜਾਗਰੂਕ ਕਰਨ ਦੇ ਨਾਲ-ਨਾਲ ਦੁਨੀਆਂ ਦੇ ਮਹਾਨ ਵਿਗਿਆਨੀਆਂ, ਚਿੰਤਕਾਂ ਅਤੇ ਇਨਕਲਾਬੀ ਸ਼ਹੀਦਾਂ ਦੀਆਂ ਮਹਾਨ ਪ੍ਰਾਪਤੀਆਂ ਅਤੇ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਅਜਿਹਾ ਗਿਆਨ ਉਨ੍ਹਾਂ ਦੇ ਭਵਿੱਖ ਦੇ ਵਿਕਾਸ ਵਿਚ ਬੇਹਦ ਲਾਹੇਵੰਦ ਸਾਬਤ ਹੋਵੇਗਾ।ਸਕੂਲ ਦੇ ਨਿਰਦੇਸ਼ਕ ਸੁਸ਼ੀਲ ਅਗਰਵਾਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਦੇਸ਼ ਅਤੇ ਦੁਨੀਆ ਵਿੱਚ ਵਾਪਰਨ ਵਾਲੀ ਹਰ ਕੁਦਰਤੀ ਅਤੇ ਗੈਰ ਕੁਦਰਤੀ ਘਟਨਾ ਦੇ ਕਾਰਨਾਂ ਨੂੰ ਤਰਕ ਦੀ ਕਸੌਟੀ ਤੇ ਪਰਖਣਾ ਚਾਹੀਦਾ ਹੈ ਅਤੇ ਆਪਣੀ ਇਸੇ ਵਿਗਿਆਨਕ ਸੋਚ, ਸਵੈ ਵਿਸ਼ਵਾਸ ਅਤੇ ਸਖ਼ਤ ਮਿਹਨਤ ਤੇ ਭਰੋਸਾ ਕਰਕੇ ਪਾਖੰਡੀ ਬਾਬਿਆਂ ਅਤੇ ਜੋਤਸ਼ੀਆਂ ਦੀ ਲੁੱਟ ਤੋਂ ਬਚਣਾ ਚਾਹੀਦਾ ਹੈ। ਤਰਕਸ਼ੀਲ ਆਗੂ ਮੇਜਰ ਸਿੰਘ ਨੇ ਸਿਖਿਆ ਸਿਲੇਬਸ ਵਿਚ ਵਿਗਿਆਨਕ ਚੇਤਨਾ ਸਬੰਧੀ ਪਾਠਕ੍ਰਮ ਲਗਾਤਾਰ ਪੜਾਏ ਜਾਣ ਦੀ ਲੋੜ ਤੇ ਜ਼ੋਰ ਦਿੱਤਾ ਅਤੇ ਵਿਦਿਆਰਥੀਆਂ ਨੂੰ ਤਰਕਸ਼ੀਲ ਸਾਹਿਤ ਪੜ੍ਹਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸਕੂਲ ਅਧਿਆਪਕ ਬਲਬੀਰ ਕੌਰ, ਅਮਨਦੀਪ ਕੌਰ, ਹਰਦੀਪ ਸਿੰਘ, ਰਵਿੰਦਰ ਸਿੰਘ, ਵੰਦਨਾ ਸ਼ਰਮਾ, ਰਾਜਿੰਦਰ ਪਾਲ ਅਤੇ ਮੀਨਾ ਕੁਮਾਰੀ ਸ਼ਾਮਲ ਸਨ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media