10 ਹਜ਼ਾਰ ਤੋਂ ਵੱਧ ਲੋਕਾਂ ਨੂੰ ਆਧੁਨਿਕ ਤਕਨੀਕ ਨਾਲ ਦਿੱਤੀ ਗੁਰੂ ਸਾਹਿਬ ਬਾਰੇ ਜਾਣਕਾਰੀ
ਭੁਲੱਥ (ਕਪੂਰਥਲਾ), 9 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ
ਸਮਰਪਿਤ ਜ਼ਿਲ੍ਹੇ `ਚ ਕਰਵਾਇਆ ਗਿਆ ਵਿਲੱਖਣ ‘ਫਲੋਟਿੰਗ ਮਲਟੀ ਮੀਡੀਆ ਲਾਈਟ ਐਂਡ ਸਾਊਂਡ’ ਸ਼ੋਅ ਮਨੁੱਖਤਾ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੋਇਆ ਪਿੰਡ ਮੰਡੀ ਮੰਡ ਕੁੱਲਾ ਨੇੜੇ ਬਿਆਸ ਦਰਿਆ ਵਿੱਚ ਸੰਪਨ ਹੋਇਆ। ਸ਼ੋਆਂ ਦੌਰਾਨ 10 ਹਜ਼ਾਰ ਤੋਂ ਵੱਧ ਇਲਾਕਾ ਵਾਸੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਜੀਵਨ ਸਾਖੀਆਂ ਅਤੇ ਉਨ੍ਹਾਂ ਦੇ ਫਲਸਫੇ ਦੀ ਜਾਣਕਾਰੀ ਆਧੁਨਿਕ ਤਕਨੀਕ ਨਾਲ ਹਾਸਲ ਕੀਤੀ। ਪਹਿਲੇ ਸ਼ੋਅ ਦੀ ਤਰ੍ਹਾਂ ਅੱਜ ਪਿੰਡ ਮੰਡ ਕੁੱਲਾ ਨੇੜੇ ਬਿਆਸ ਦਰਿਆ ਵਿੱਚ ਕਰਵਾਏ ਤਿੰਨ ਸ਼ੋਅ ਸਮੁੱਚੀ ਫਿਜ਼ਾ ਨੂੰ ਅਧਿਆਤਮਕਤਾ ਦੇ ਚਾਨਣ ਨਾਲ ਰੁਸ਼ਨਾ ਗਏ।
ਡਿਪਟੀ ਕਮਿਸ਼ਨਰ ਇੰਜ: ਡੀ.ਪੀ.ਐਸ ਖਰਬੰਦਾ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਫਲੋਟਿੰਗ ਮਲਟੀ ਮੀਡੀਆ ਲਾਈਟ ਐਂਡ ਸਾਊਂਡ ਸ਼ੋਅ’ ਪੰਜਾਬ ਸਰਕਾਰ ਦਾ ਨਿਵੇਕਲਾ ਉਪਰਾਲਾ ਹੈ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਦਾਸੀਆਂ ਨੂੰ ‘ਸ਼ੋੋਅ’ ਦੌਰਾਨ ਰੂਪਮਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਵੱਖ-ਵੱਖ ਥਾਵਾਂ ’ਤੇ ਚੱਲਣ ਵਾਲੇ ‘ਫਲੋਟਿੰਗ ਮਲਟੀ ਮੀਡੀਆ ਲਾਈਟ ਐਂਡ ਸਾਊਂਡ ਸ਼ੋਅ’ ਦੌਰਾਨ ਗੁਰੂ ਸਾਹਿਬ ਦੇ ਧਾਰਮਿਕ ਸਹਿਣਸ਼ੀਲਤਾ ਅਤੇ ਭਾਈਚਾਰਕ ਸਾਂਝ ਕਾਇਮ ਕਰਨ ਦੀਆਂ ਸਿੱਖਿਆਵਾਂ ਬਾਰੇ ਸੂਬਾ ਵਾਸੀਆਂ ਨੂੰ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਸਰਬ ਸਾਂਝੀਵਾਲਤਾ ਦਾ ਸੁਨੇਹਾ ਫੈਲਾਉਣ ਦਾ ਇਹ ਇਕ ਢੁਕਵਾਂ ਯਤਨ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵਲੋਂ ਸਮਾਜ ਦੀ ਇਕਜੁੱਟਤਾ ਦਾ ਦਿਖਾਇਆ ਸਿਧਾਂਤ ਸਮਾਜਿਕ ਬੁਰਾਈਆਂ ਖਿਲਾਫ਼ ਹਮੇਸ਼ਾ ਮਨੁੱਖਤਾ ਦਾ ਰਾਹ ਦਸੇਰਾ ਬਣਿਆ ਰਹੇਗਾ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਫਲੋਟਿੰਗ ਮਲਟੀ ਮੀਡੀਆ ਲਾਈਟ ਐਂਡ ਸਾਊਂਡ ਸ਼ੋਅ’ ਸੂਬੇ ਵਿੱਚ 30 ਨਵੰਬਰ ਤੱਕ ਬਿਆਸ ਅਤੇ ਸਤਲੁਜ ਦਰਿਆਵਾਂ ’ਤੇ ਕਰਵਾਏ ਜਾ ਰਹੇ ਹਨ।ਇਸ ਮੌਕੇ ਸਿਵਲ ਅਤੇ ਜ਼ਿਲ੍ਹਾ ਪੁਲਿਸ ਦੇ ਅਧਿਕਾਰੀ, ਧਾਰਮਿਕ, ਸਮਾਜਿਕ ਸ਼ਖਸੀਅਤਾਂ ਅਤੇ ਭਾਰੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media