500ਵੇਂ ਪ੍ਰਕਾਸ਼ ਪੁਰਬ ਸਮੇਂ ਤਤਕਾਲੀ ਰਾਸ਼ਟਰਪਤੀ ਡਾ. ਜ਼ਾਕਿਰ ਹੁਸੈਨ ਦਾ ਭਾਸ਼ਣ ਕੀਤਾ ਸ਼ਾਮਿਲ
ਸੁਲਤਾਨਪੁਰ ਲੋਧੀ, 10 ਨਵੰਬਰ (ਪੰਜਾਬ ਪੋਸਟ ਬਿਊਰੋ) – ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ
ਸਰਕਾਰ ਵਲੋਂ ਸਰਕਾਰੀ ਮੈਗਜ਼ੀਨਾਂ ਦਾ ਨਵੰਬਰ ਦਾ ਅੰਕ ਗੁਰੂ ਸਾਹਿਬ ਨੂੰ ਸਮਰਪਿਤ ਕੀਤਾ ਗਿਆ ਹੈ, ਜਿਸ ਵਿਚ ਪਹਿਲੀ ਪਾਤਸ਼ਾਹੀ ਦੇ 500ਵੇਂ ਪ੍ਰਕਾਸ਼ ਪੁਰਬ ਮੌਕੇ ਤਤਕਾਲੀ ਰਾਸ਼ਟਰਪਤੀ ਡਾ. ਜ਼ਾਕਿਰ ਹੁਸੈਨ ਵਲੋਂ ਦਿੱਤਾ ਗਿਆ ਭਾਸ਼ਣ ਵੀ ਸ਼ਾਮਲ ਕੀਤਾ ਗਿਆ ਹੈ।ਇਸ ਤੋਂ ਇਲਾਵਾ ਸਾਬਕਾ ਰਾਸ਼ਟਰਪਤੀ ਡਾ. ਰਾਧਾਕਿ੍ਰਸ਼ਨਨ ਅਤੇ ਹੋਰਨਾਂ ਵਿਦਵਾਨਾਂ ਵਲੋਂ ਗੁਰੂ ਨਾਨਕ ਦੇਵ ਜੀ ਬਾਰੇ ਸਮੇਂ-ਸਮੇਂ ‘ਤੇ ਲਿਖੇ ਵਿਚਾਰਾਂ ਦਾ ਤਰਜਮਾ ਕਰਕੇ ਛਾਪਿਆ ਗਿਆ ਹੈ।
ਗੁਰੂ ਨਾਨਕ ਦੇਵ ਜੀ ਬਾਰੇ ਛਾਪੇ ਗਏ ਵਿਸ਼ੇਸ਼ ਅੰਕ ਵਿਚ ਸਿੱਖ ਇਤਿਹਾਸ ਵਿੱਚ ਰਾਗ ਆਧਾਰਿਤ ਗੁਰਬਾਣੀ ਗਾਇਨ ਦੇ ਆਧਾਰ ‘ਰਬਾਬ‘ ਬਾਰੇ ਉਘੇ ਲੇਖਕ ਰਵੀ ਪੰਧੇਰ ਵਲੋਂ ਲਿਖਿਆ ਖੋਜ ਭਰਪੂਰ ਲੇਖ ਵੀ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ ਰਬਾਬ ਦੀ ਇਤਿਹਾਸਕ ਮਹੱਤਤਾ ਅਤੇ ‘ਕਸ਼ਮੀਰੀ ਤੇ ਹਿੰੰਦੋਸਤਾਨੀ‘ ਰਬਾਬ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ।ਤਾਮਿਲਨਾਡੂ ਦੇ ਸਾਬਕਾ ਰਾਜਪਾਲ ਡਾ. ਉਜਲ ਸਿੰਘ ਤੇ ਪ੍ਰਸਿੱਧ ਲੇਖਕ ਡਾ. ਮਹੀਪ ਸਿੰਘ ਸਮੇਤ ਵੱਖ-ਵੱਖ ਯੂਨੀਵਰਸਿਟੀਆਂ ਤੇ ਖੋਜ ਸੰਸਥਾਵਾਂ ਦੇ ਇਤਿਹਾਸਕਾਰਾਂ ਦੇ ਲੇਖ ਲਿਖੇ ਗਏ ਹਨ।
ਪੰਜਾਬ ਸਰਕਾਰ ਵਲੋਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ‘ਚ ਪ੍ਰਕਾਸ਼ਿਤ ਕੀਤੇ ਗਏ ਇਨ੍ਹਾਂ ਰਸਾਲਿਆਂ ਨੂੰ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਸੰਗਤ `ਚ ਮੁਫ਼ਤ ਵੰਡਿਆ ਜਾ ਰਿਹਾ ਹੈ।ਇਸ ਵਿਚ 60 ਹਜ਼ਾਰ ਵਿਕਾਸ ਜਾਗ੍ਰਿਤੀ ਮੈਗ਼ਜ਼ੀਨ (ਪੰਜਾਬੀ), 15 ਹਜ਼ਾਰ ਵਿਕਾਸ ਜਾਗ੍ਰਿਤੀ ਮੈਗ਼ਜ਼ੀਨ (ਹਿੰਦੀ) ਅਤੇ 25 ਹਜ਼ਾਰ ਅਡਵਾਂਸ ਮੈਗ਼ਜ਼ੀਨ (ਅੰਗਰੇਜ਼ੀ), 40 ਹਜ਼ਾਰ ਬਰੋਸ਼ਰ (ਪੰਜਾਬੀ), 35 ਹਜ਼ਾਰ ਬਰੋਸ਼ਰ (ਅੰਗਰੇਜ਼ੀ), ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਪ੍ਰਕਾਸ਼ਿਤ 5-5 ਹਜ਼ਾਰ ਫਲੇਅਰ ਅਤੇ 15 ਹਜ਼ਾਰ ਵੈਲਕਮ ਫੋਲਡਰ ਸ਼ਾਮਿਲ ਹਨ। ਪ੍ਰਕਾਸ਼ਨਾ ਨੂੰ ਮੁਫ਼ਤ ਵੰਡਣ ਦਾ ਮੁੱਖ ਮਕਸਦ ਵੱਧ ਤੋਂ ਵੱਧ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ, ਜੀਵਨ, ਉਦਾਸੀਆਂ ਅਤੇ ਉਨ੍ਹਾਂ ਨਾਲ ਜੁੜੇ ਹੋਰਨਾਂ ਪੱਖਾਂ ਤੋਂ ਜਾਣੂ ਕਰਵਾਉਣਾ ਹੈ।
ਮੁਫ਼ਤ ਵੰਡੇ ਜਾ ਰਹੇ ਸਾਹਿਤ ਨੂੰ ਲੈ ਕੇ ਸੰਗਤਾਂ ‘ਚ ਵੀ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਤੇ ਸਰਧਾਲੂ ਪੂਰੇ ਸਤਿਕਾਰ ਸਹਿਤ ਇਨ੍ਹਾਂ ਰਸਾਲਿਆਂ ਨੂੰ ਸਵੀਕਾਰ ਕਰ ਰਹੇ ਹਨ। ਇਸ ਮੌਕੇ ਪਿੰਡ ਵਾਟਾਂਵਾਲੀ ਕਲਾਂ ਦੇ ਪੈਰਿਸ (ਫਰਾਂਸ) ਰਹਿਣ ਵਾਲੇ ਸੁਖਦੇਵ ਸਿੰਘ ਤੇ ਉਨ੍ਹਾਂ ਦੀ ਪਤਨੀ ਜੋ ਕਿ ਵਿਸ਼ੇਸ਼ ਤੌਰ ‘ਤੇ ਗੁਰਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਦਰਸ਼ਨ ਕਰਨ ਆਏ ਸਨ, ਵੀ ਪੰਜਾਬ ਸਰਕਾਰ ਦੇ ਇਸ ਉਪਰਾਲੇ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹ ਆਪਣੇ ਨਾਲ ਵਿਦੇਸ਼ ਲਿਜਾ ਕੇ ਸੰਗਤ ‘ਚ ਵੰਡਣ ਲਈ 100 ਤੋਂ ਵੱਧ ਰਸਾਲੇ ਲੈ ਕੇ ਗਏ।
Check Also
ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ
ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …
Punjab Post Daily Online Newspaper & Print Media