ਸੂਫ਼ੀਆਨਾ ਤੇ ਰੁਹਾਨੀ ਗਾਇਕੀ ਨਾਲ ਹਰਭਜਨ ਮਾਨ ਅੱਜ ਵੀ ਬੰਨ੍ਹਿਆਂ ਸਮਾਂ
ਸੁਲਤਾਨਪੁਰ ਲੋਧੀ (ਕਪੂਰਥਲਾ), 15 ਨਵੰਬਰ (ਪੰਜਾਬ ਪੋਸਟ ਬਿਊਰੋ) – ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਉਲੀਕੇ ਗਏ ਸਮਾਗਮਾਂ ਦੀ ਲੜੀ ਹੇਠ ਇੱਥੇ ਵਿਸ਼ੇਸ਼ ਤੌਰ `ਤੇ ਸਥਾਪਤ ਕੀਤੇ ਗਏ `ਰਬਾਬ` ਨਾ ਦੇ ਵਿਸ਼ਾਲ ਪੰਡਾਲ ਵਿੱਚ ਕਰਵਾਏ ਰੌਸ਼ਨੀ ਅਤੇ ਆਵਾਜ ਦੇ ਸੁਮੇਲ ਵਾਲੇ ਗ੍ਰੈਂਡ ਮਲਟੀ ਮੀਡੀਆ ਲਾਈਟ ਐਂਡ ਸਾਊਂਡ ਸ਼ੋਅ ਦੀ ਅਲੌਕਿਕ ਪੇਸ਼ਕਾਰੀ ਦਾ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਵੱਲੋਂ ਆਨੰਦ ਮਾਣਿਆ ਗਿਆ।
`ਚੜ੍ਹਿਆ ਸੋਧਣ ਧਰਤਿ ਲੋਕਾਈ` ਸ਼ੋਅ ਦੀ ਦਿਲਕਸ਼ ਪੇਸ਼ਕਾਰੀ ਤੋਂ ਬਾਅਦ ਪ੍ਰਸਿੱਧ ਪੰਜਾਬੀ ਗਾਇਕ ਜਰਭਜਨ ਮਾਨ ਨੇ ਅੱਜ ਦੀ ਸ਼ਾਮ ਵੀ ਗੁਰੂ ਨਾਨਕ ਦੀ ਸਿਫ਼ਤ ਅਤੇ ਸੂਫ਼ੀਆਨਾ ਕਲਾਮ ਪੇਸ਼ ਕਰਕੇ ਸਮਾਂ ਬੰਨ੍ਹਦਿਆਂ ਸਰੋਤਿਆਂ ਨੂੰ ਭਗਤੀ ਰਸ ਵਿੱਚ ਮੰਤਰ ਮੁਗਧ ਕੀਤਾ।

ਮਲਟੀ ਮੀਡੀਆ ਸ਼ੋਅ ਦੀ ਪੇਸ਼ਕਾਰੀ ਮੌਕੇ ਡਾਇਰੈਕਟਰ ਸੈਰ ਸਪਾਟਾ ਵਿਭਾਗ ਮਲਵਿੰਦਰ ਸਿੰਘ ਜੱਗੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਤਮਸਤਕ ਹੁੰਦਿਆਂ ਆਪਣੀ ਹਾਜ਼ਰੀ ਲਵਾਈ। ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਕਾਰਜਾਂ ਦਾ ਵਰਣਨ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਫਲਸਫ਼ਾ ਬਰਾਬਰੀ ਵਾਲੇ ਖੁਸ਼ਹਾਲ ਸਮਾਜ ਦੀ ਸਿਰਜਣਾ ਲਈ ਸਮਕਾਲੀ ਸਮੇਂ ਹੋਰ ਵੀ ਜ਼ਿਆਦਾ ਪ੍ਰਸੰਗਿਕ ਹੈ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਹਿਣਸ਼ੀਲਤਾ, ਸ਼ਾਂਤੀ, ਆਪਸੀ ਭਾਈਚਾਰੇ, ਮਹਿਲਾ ਸ਼ਸ਼ਕਤੀਕਰਨ, ਪ੍ਰਕਿਰਤੀ ਤੇ
ਕੁਦਰਤੀ ਸਰੋਤਾਂ ਦੀ ਰਾਖੀ ਕਰਨ ਅਤੇ ਸਰਬੱਤ ਦੇ ਭਲੇ ਦਾ ਸਰਵਵਿਆਪੀ ਉਪਦੇਸ਼ ਦਿੱਤਾ। ਇਸ ਲਈ ਮੌਜੂਦਾ ਸਮੇਂ ਦੀ ਇਹ ਮੁੱਖ ਲੋੜ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦਾ ਉਪਦੇਸ਼ ਆਪਣੇ ਜੀਵਨ ਵਿੱਚ ਦ੍ਰਿੜ ਕਰੀਏ।
ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ `ਤੇ ਦੂਰ ਦੁਰਾਡੇ ਤੋਂ ਪੁੱਜੀ ਸੰਗਤ ਜਿੱਥੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ 15 ਨਵੰਬਰ ਦੀ ਰਾਤ ਤੱਕ ਕਰਵਾਏ ਜਾ ਰਹੇ ਇਸ ਪ੍ਰਭਾਵਸ਼ਾਲੀ ਸਮਾਗਮ ਨੂੰ ਭਰਵਾਂ ਹੁੰਗਾਰਾ ਦੇ ਰਹੀ ਹੈ, ਉਥੇ ਹੀ ਇਸ ਦੀ ਰੱਜਵੀਂ ਸ਼ਲਾਘਾ ਕਰਦਿਆਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਵੀ ਜਾਣੂ ਹੋ ਰਹੀ ਹੈ।
ਸ਼ੋਅ `ਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਤੋਂ ਲੈਕੇ ਉਨ੍ਹਾਂ ਵੱਲੋਂ ਮੱਝਾਂ ਚਰਾਉਣ, ਵਿਆਹ, ਵੇਈਂ ਨਦੀ `ਚ ਚੁੱਭੀ, ਨਾ ਕੋ ਹਿੰਦੂ ਨਾ ਮੁਸਲਮਾਨ ਦਾ ਉਪਦੇਸ਼, ਉਦਾਸੀਆਂ, ਭਾਈ ਮਰਦਾਨਾ, ਭਾਈ ਲਾਲੋ ਤੇ ਨਾਲ ਮੇਲ, ਮਲਿਕ ਭਾਗੋ, ਸੱਜਣ ਠੱਗ, ਕੌਡਾ ਭੀਲ ਦਾ ਉਧਾਰ, ਵਲੀ ਕੰਧਾਰੀ ਤੇ ਸਿੱਧਾਂ ਨਾਲ ਵਾਰਤਾ, ਸ੍ਰੀ ਕਰਤਾਰਪੁਰ ਸਾਹਿਬ ਨਿਵਾਸ ਸਮੇਤ ਉਨ੍ਹਾਂ ਦੀ ਬਾਣੀ, ਉਪਦੇਸ਼ ਅਤੇ ਸਿੱਖਿਆਵਾਂ ਦੀ ਡਿਜ਼ੀਟਲ ਤਕਨੀਕਾਂ ਤੇ ਲੇਜ਼ਰ ਸ਼ੋਅ ਜ਼ਰੀਏ ਬਾਖੂਬੀ ਪੇਸ਼ਕਾਰੀ ਸੰਗਤਾਂ ਨੂੰ ਆਪ ਮੁਹਾਰੇ ਜੈਕਾਰੇ ਲਾਉਣ ਲਈ ਮਜ਼ਬੂਰ ਕਰਦੀ ਹੈ।
ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿੱਤਰਾ ਨੇ ਦਸਿਆ ਇਸ ਮੌਕੇ ਧਾਰਮਿਕ, ਰਾਜਸੀ ਤੇ ਸਮਾਜਿਕ ਸ਼ਖ਼ਸੀਅਤਾਂ ਤੋਂ ਇਲਾਵਾ ਦੂਰ ਦੁਰਾਡੇ ਤੋਂ ਪੁੱਜੀ ਸੰਗਤ ਵੀ ਮੌਜੂਦ ਸੀ।
Punjab Post Daily Online Newspaper & Print Media