Sunday, March 8, 2026

ਪੰਜਾਬ ਨੂੰ ਮੈਡੀਕਲ ਟੂਰਿਸਟ ਹੱਬ ਬਨਾਉਣ ਲਈ ਹੋਰ ਕੌਮਾਂਤਰੀ ਹਵਾਈ ਉਡਾਨਾਂ ਸ਼ੁਰੂ ਕਰਨ ਦੀ ਵਕਾਲਤ

ਪੀ.ਪੀ.ਆਈ.ਐਸ-2019

ਐਸ.ਏ.ਐਸ.ਨਗਰ (ਮੁਹਾਲੀ), 8 ਦਸੰਬਰ (ਪੰਜਾਬ ਪੋਸਟ ਬਿਊਰੋ) – ਡੈਲੀਗੇਟਾਂ ਵਲੋਂ ਆਈ.ਐਸ.ਬੀ ਮੋਹਾਲੀ ਵਿਖੇ ਆਯੋਜਿਤ ਪ੍ਰੋਗਰੈਸਿਵ ਪੰਜਾਬ ਇਨਵੈਸਟਰ Invest Punjabਸੰਮੇਲਨ-2019 ਵਿਖੇ ਹੋਏ ਸੈਸ਼ਨ ਦੌਰਾਨ ਪੰਜਾਬ ਨੂੰ ਕੌਮਾਂਤਰੀ ਤੇ ਘਰੇਲੂ ਮੈਡੀਕਲ ਟੂਰਿਜ਼ਮ ਮੈਡੀਕਲ ਟੂਰਿਸਟ ਹੱਬ ਵਜੋਂ ਵਿਕਸਿਤ ਕਰਨ ਲਈ ਹੋਰ ਕੌਮਾਂਤਰੀ ਹਵਾਈ ਉਡਾਨਾਂ ਸ਼ੁਰੂ ਕਰਨ ਦੀ ਲੋੜ `ਤੇ ਜ਼ੋਰ ਦਿੱਤਾ ਗਿਆ।
            ਪੰਜਾਬ ਨੂੰ ਹੱਬ ਵਜੋਂ ਵਿਕਸਿਤ ਕਰਨ ਲਈ ਕਰਵਾਏ ਗਏ ਵਿਸ਼ੇਸ਼ ਸੈਸ਼ਨ ਦੌਰਾਨ ਮੈਡੀਕਲ ਖੇਤਰ ਦੇ ਪ੍ਰਸਿੱਧ ਪ੍ਰਤੀਨਿਧਾਂ ਨੇ ਇਸ ਗੱਲ ਦੀ ਗਵਾਹੀ ਭਰੀ ਕਿ ਪੰਜਾਬ ਵਿਚ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ, ਹੁਨਰਮੰਦ ਤੇ ਸਿੱਖਿਅਤ ਮਨੁੱਖੀ ਸ਼ਕਤੀ ਅਤੇ ਸੂਬੇ ਵਿਚ ਨਵੇਂ ਉੱਦਮ ਸਥਾਪਿਤ ਕਰਨ ਲਈ ਸਰਕਾਰ ਦੀ ਇੱਛਾ ਸ਼ਕਤੀ, ਸਹਿਯੋਗ ਦੇ ਨਾਲ-ਨਾਲ ਹੋਟਲ ਸਨਅਤ ਸਿਖਰਾਂ `ਤੇ ਹੈ।ਉਨਾਂ ਕਿਹਾ ਕਿ ਇਸ ਅਨੁਕੂਲ ਮਾਹੌਲ ਵਿਚ ਪੰਜਾਬ ਨੂੰ ਕੌਮਾਂਤਰੀ ਪੱਧਰ `ਤੇ ਮੈਡੀਕਲ ਟੂਰਿਜ਼ਮ ਹੱਬ ਵਜੋਂ ਵਿਕਸਿਤ ਕਰਨ ਦੀਆਂ ਪੂਰੀਆਂ ਸੰਭਾਵਾਨਾਵਾਂ ਹਨ।ਇਸ ਕਾਰਜ ਲਈ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ `ਤੇ ਦਬਾਅ ਪਾ ਕੇ ਪੰਜਾਬ ਲਈ ਸੀ.ਆਈ.ਐਸ ਦੇਸ਼ਾਂ ਜਿਵੇਂ ਉਜ਼ਬੇਕਿਸਤਾਨ, ਕਜ਼ਾਕਿਸਤਾਨ ਅਤੇ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਇੰਗਲੈਂਡ, ਅਸਟਰੇਲੀਆ ਦੇ ਐਨ.ਆਰ.ਆਈ ਲਈ ਵਧੇਰੇ ਸਿੱਧੀਆਂ ਅੰਤਰਰਾਸ਼ਟਰੀ ਹਵਾਈ ਉਡਾਨਾਂ ਦੀ ਮੰਗ ਕਰਨੀ ਚਾਹੀਦੀ ਹੈ।
           ਸੈਸ਼ਨ ਦੀ ਸ਼ੁਰੂਆਤ ਵਿਚ ਅਨੁਰਾਗ ਅਗਰਵਾਲ ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਨੇ ਪੰਜਾਬ ਵਿਚ ਸਿਹਤ ਅਧਾਰਿਤ ਮੌਜੂਦਾ ਬੁਨਿਆਦੀ ਢਾਂਚੇ `ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਇਸ ਸਮੇਂ ਪੰਜਾਬ ਵਿਚ 6 ਮੈਡੀਕਲ ਕਾਲਜ, 13 ਡੈਂਟਲ ਕਾਲਜ ਤੇ ਚੰਗੀ ਗਿਣਤੀ ਵਿਚ ਨਰਸਿੰਗ ਕਾਲਜ ਮੌਜੂਦ ਹਨ।ਇਸ ਤੋਂ ਇਲਾਵਾ ਦੇਸ਼ ਦੇ ਮੈਡੀਕਲ ਖੇਤਰ ਦੀਆਂ ਪ੍ਰਸਿੱਧ ਸਿਹਤ ਸੰਸਥਾਵਾਂ ਜਿਵੇਂ ਫੋਰਟਿਸ, ਮੈਕਸ, ਆਈਵੀ, ਅਪੋਲੋ, ਮੈੱਡਕਾਰਡ, ਸਵਿਫਟ, ਗਰੇਸ਼ੀਅਨ, ਗਲੋਬਲ, ਕੈਪੀਟੋਲ, ਸੀ.ਐਮ.ਸੀ, ਡੀ.ਐਮ.ਸੀ ਵਲੋਂ ਹਸਪਤਾਲ ਸਥਾਪਿਤ ਕੀਤੇ ਗਏ ਹਨ।
           ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਮੁੰਬਈ ਦੇ ਟਾਟਾ ਮੈਮੋਰੀਅਲ ਕੇਂਦਰ ਦੇ ਸਹਿਯੋਗ ਨਾਲ ਸੰਗਰੂਰ ਵਿਖੇ 100 ਬਿਸਤਰਿਆਂ ਵਾਲੇ ਹੋਮੀ ਭਾਭਾ ਕੈਂਸਰ ਹਸਪਤਾਲ ਦੀ ਸਥਾਪਨਾ ਕੀਤੀ ਗਈ ਹੈ। ਇਸ ਹਸਪਤਾਲ ਨੇ ਮਹਿਜ਼ 2 ਸਾਲਾਂ ਵਿਚ 7000 ਮਰੀਜ਼ਾਂ ਦਾ ਇਲਾਜ ਕੀਤਾ ਹੈ ਜਦਕਿ 5 ਸਾਲਾਂ ਵਿੱਚ ਕੁੱਲ 12000 ਮਰੀਜ਼ਾਂ ਨੂੰ ਰਜਿਸਟਰ ਕੀਤਾ ਹੈ। ਉਨਾਂ ਦੱਸਿਆ ਕਿ ਚੰਡੀਗੜ ਦੇ ਗੁਆਂਢ ਵਿਚ 350 ਏਕੜ ਦੇ ਰਕਬੇ ਵਿਚ ਅਤਿ-ਆਧੁਨਿਕ ਮੈਡੀਸਿਟੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਵਿਚ ਦੇਸ਼ ਦੇ ਸਿਹਤ ਖੇਤਰ ਦੇ ਮੋਹਰੀ ਗਰੁੱਪਾਂ ਵਲੋਂ ਆਪਣੇ ਹਸਪਤਾਲ ਤੇ ਖੋਜ ਕੇਂਦਰ ਖੋਹਲੇ ਜਾ ਰਹੇ ਹਨ।
           ਪਦਮ ਭੂਸ਼ਣ ਐਵਾਰਡੀ ਡਾ ਕੇ.ਕੇ ਤਲਵਾਰ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਕੇਂਦਰੀ ਏਸ਼ੀਆਈ ਦੇਸ਼ਾਂ, ਅਮਰੀਕਾ, ਬ੍ਰਿਟੇਨ ਵਿੱਚ ਵਸਦੇ ਪਰਵਾਸੀ ਭਾਰਤੀਆਂ ਅਤੇ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਵਰਗੇ ਲਾਗਲੇ ਰਾਜਾਂ ਤੋਂ ਮੈਡੀਕਲ ਟੂਰਿਜ਼ਮ ਦੀਆਂ ਭਰਪੂਰ ਸੰਭਾਵਨਾਵਾਂ ਮੌਜੂਦ ਹਨ।ਉਨਾਂ ਕਿਹਾ, ਇਹ ਹੈਲਥਕੇਅਰ ਡਿਲੀਵਰੀ ਈਕੋਸਿਸਟਮ ਅੱਖਾਂ ਦੀ ਸਰਜਰੀ, ਕਾਰਡੀਓਲੌਜੀ, ਆਈਵੀਐਫ, ਕਮਰ ਅਤੇ ਗੋਡੇ ਬਦਲਣ, ਦੰਦਾਂ ਦੀ ਸਰਜਰੀ, ਲਈ ਉਚ ਤਕਨੀਕੀ ਸਹੂਲਤਾਂ ਨਾਲ ਲੈਸ 2173 ਤੋਂ ਵੱਧ ਮਲਟੀ-ਸਪੈਸ਼ਲਿਟੀ ਅਤੇ ਸੁਪਰ-ਸਪੈਸ਼ਲਿਟੀ ਹਸਪਤਾਲ, ਦੀ ਮੌਜੂਦਗੀ ਸਦਕਾ ਸੰਭਵ ਹੋਇਆ ਹੈ।ਉਨਾਂ ਅੱਗੇ ਕਿਹਾ ਕਿ ਮੈਡੀਕਲ ਕਾਲਜਾਂ, ਨਰਸਿੰਗ ਕਾਲਜਾਂ, ਫਾਰਮੇਸੀ ਕਾਲਜਾਂ ਅਤੇ ਖੋਜ ਸੰਸਥਾਵਾਂ ਦੇ ਬੁੱਧੀਜੀਵੀਆਂ ਦੀ ਮੌਜੂਦਗੀ ਇਸ ਵਾਤਾਵਰਣ ਵਿੱਚ ਹੋਰ ਵਾਧਾ ਕਰਦੀ ਹੈ।
            ਇਸ ਦੌਰਾਨ ਡਾ. ਕੇ.ਕੇ ਤਲਵਾੜ ਤੋਂ ਇਲਾਵਾ ਇਸ ਵਿਚਾਰ ਵਟਾਂਦਰੇ ਵਿੱਚ ਹਿੱਸਾ ਲੈਣ ਵਾਲੇ ਹੋਰ ਪੈਨਲਿਸਟਾਂ `ਚ ਡਾ: ਆਸ਼ੂਤੋਸ਼ ਰਘੂਵੰਸ਼ੀ (ਐਮਡੀ ਅਤੇ ਸੀਈਓ ਫੋਰਟਿਸ ਹੈਲਥਕੇਅਰ), ਡਾ: ਅਨੁਪਮ ਸਿਬਲ (ਜੁਆਇੰਟ ਮੈਡੀਕਲ ਡਾਇਰੈਕਟਰ ਅਪੋਲੋ ਹਸਪਤਾਲ), ਸੀ.ਡੀ.ਆਰ ਜੇਲਸਨ ਕਵਾਲਕਟ (ਸੀਈਓ ਐਸਟਰ ਮੇਡਸਿਟੀ ਕੋਚੀ), ਡਾ. ਕੰਵਲਦੀਪ ਕੌਰ (ਮੈਡੀਕਲ ਡਾਇਰੈਕਟਰ ਆਈ.ਵੀ ਹਸਪਤਾਲ) ਅਤੇ ਸਰਵਿਸ ਐਕਸਪੋਰਟ ਪ੍ਰੋਮੋਸ਼ਨ ਕੌਂਸਲ ਦੇ ਡਾਇਰੈਕਟਰ ਸ੍ਰੀਮਤੀ ਸੰਗੀਤਾ ਗੋਡਬੋਲੇ ਆਈ.ਆਰ.ਐਸ ਸ਼ਾਮਲ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply