ਅੰਮ੍ਰਿਤਸਰ, 10 ਦਸੰਬਰ (ਪੰਜਾਬ ਪੋਸਟ – ਗੁਰਪ੍ਰੀਤ ੰਿਸੰਘ) – ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੀਤ
ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨਾਲ ਇਕੱਤਰਤਾ ਕਰਕੇ ਸੰਸਥਾ ਦੀ ਬਿਹਤਰੀ ਲਈ ਸਮਰਪਣ ਭਾਵਨਾ ਨਾਲ ਡਿਊਟੀ ਨਿਭਾਉਣ ਲਈ ਕਿਹਾ।ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਵੀ ਹਰ ਅਧਿਕਾਰੀ ਨੂੰ ਸੰਸਥਾ ਦੀਆਂ ਰਵਾਇਤਾਂ ਦੇ ਦਾਇਰੇ ਵਿਚ ਰਹਿ ਕੇ ਡਿਊਟੀ ਨਿਭਾਉਣ ਦੇ ਆਦੇਸ਼ ਦਿੱਤੇ।ਸ਼੍ਰੋਮਣੀ ਕਮੇਟੀ ਦੇ ਨਵ-ਨਿਯੁਕਤ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਸਿੱਖ ਇਤਿਹਾਸ, ਸਿਧਾਂਤਾਂ ਅਤੇ ਰਵਾਇਤਾਂ ਦੀ ਰੌਸ਼ਨੀ ਵਿਚ ਕਾਰਜ ਕਰਨ ਵਾਲੀ ਪੰਥ ਦੀ ਸਿਰਮੌਰ ਸੰਸਥਾ ਹੈ, ਜਿਸ ਵੱਲ ਸਮੁੱਚੇ ਕੌਮ ਦੀਆਂ ਨਜ਼ਰਾਂ ਬਣੀਆਂ ਰਹਿੰਦੀਆਂ ਹਨ।ਸ਼੍ਰੋਮਣੀ ਕਮੇਟੀ ਦੇ ਹਰ ਅਹੁਦੇਦਾਰ, ਅਧਿਕਾਰੀ ਅਤੇ ਦਰਜ਼ਾ-ਬ-ਦਰਜ਼ਾ ਕਰਮਚਾਰੀ ’ਤੇ ਸਮਾਜ ਦੇ ਦੂਸਰੇ ਵਿਭਾਗਾਂ ਤੋਂ ਵੱਖਰੀ ਜ਼ੁੰਮੇਵਾਰੀ ਹੈ, ਜਿਸ ’ਤੇ ਖਰਾ ਉਤਰਨਾ ਸਾਡਾ ਮੁੱਢਲਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਹਰ ਮੁਲਾਜ਼ਮ ਆਪਣੇ ਜ਼ੁੰਮੇ ਲੱਗੀ ਸੇਵਾ ਨੂੰ ਤਨਦੇਹੀ ਅਤੇ ਸੁਹਿਰਦ ਭਾਵਨਾ ਨਾਲ ਨਿਭਾਵੇ, ਤਾਂ ਜੋ ਸੰਗਤਾਂ ਅੰਦਰ ਸੰਸਥਾ ਦਾ ਚੰਗਾ ਅਕਸ ਜਾ ਸਕੇ।ਉਨ੍ਹਾਂ ਕਿਹਾ ਕਿ ਸਾਡੀ ਛੋਟੀ ਜਿਹੀ ਕੁਤਾਹੀ ਸੰਸਥਾ ਦੀਆਂ ਰਵਾਇਤਾਂ ਨੂੰ ਸੱਟ ਮਾਰ ਸਕਦੀ ਹੈ, ਇਸ ਲਈ ਹਰ ਮੁਲਾਜ਼ਮ ਨੂੰ ਸੁਚੇਤ ਰਹਿ ਕੇ ਗੁਰੂ ਆਸ਼ੇ ਅਨੁਸਾਰ ਕੰਮ ਕਰਨਾ ਚਾਹੀਦਾ ਹੈ।ਭਾਈ ਮਹਿਤਾ ਨੇ ਮੁੱਖ ਸਕੱਤਰ ਨੂੰ ਮੁਲਾਜ਼ਮਾਂ ਦੀ ਹਾਜ਼ਰੀ ਬਾਇਓਮੈਟ੍ਰਿਕ ਵਿਧੀ ਰਾਹੀਂ ਲਾਜ਼ਮੀ ਕਰਨ ਲਈ ਵੀ ਕਿਹਾ।
ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਆਪੋ-ਆਪਣੇ ਵਿਭਾਗਾਂ ਦੀ ਕਾਰਜਸ਼ਾਲੀ ਦੀ ਬਿਹਤਰੀ ਲਈ ਰੋਜ਼ਾਨਾ ਰਿਪੋਰਟ ਲਈ ਜਾਵੇ, ਤਾਂ ਜੋ ਬੀਤੇ ਦਿਨ ਦੇ ਮੁਲਾਂਕਣ ਦੇ ਨਾਲ-ਨਾਲ ਭਵਿੱਖੀ ਕਾਰਜਾਂ ਦੀ ਬਿਹਤਰ ਰੂਪ-ਰੇਖਾ ਬਣਾਈ ਜਾ ਸਕੇ।ਉਨ੍ਹਾਂ ਕਿਹਾ ਕਿ ਦਰਜ਼ਾ-ਬ-ਦਰਜ਼ਾ ਅਧਿਕਾਰੀਆਂ ਦਾ ਮਾਣ ਸਨਮਾਨ ਯਕੀਨੀ ਬਣਾਇਆ ਜਾਵੇ ਅਤੇ ਡਿਊਟੀ ਪ੍ਰਤੀ ਪਾਬੰਦ ਰਹਿਣ ਲਈ ਵੀ ਵਿਭਾਗਾਂ ਨੂੰ ਪ੍ਰੇਰਣਾ ਕੀਤੀ ਜਾਵੇ।ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ ਤੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ ਨੇ ਵੀ ਸੰਬੋਧਨ ਕੀਤਾ।ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਭਾਈ ਰਜਿੰਦਰ ਸਿੰਘ ਮਹਿਤਾ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਹੋਣ ’ਤੇ ਸਨਮਾਨਿਤ ਵੀ ਕੀਤਾ ਗਿਆ।
Check Also
ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …
Punjab Post Daily Online Newspaper & Print Media