ਫੁੱਲਾਂ ਦੀ ਕਾਸ਼ਤਕਾਰੀ ਦੇ ਸਕਦੀ ਖੇਤੀਬਾੜੀ ਨੂੰ ਨਵੀਆਂ ਦਿਸ਼ਾਵਾਂ – ਡਾ. ਗੁਪਤਾ
ਅੰਮ੍ਰਿਤਸਰ, 12 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 50ਵੇਂ ਸਥਾਪਨਾ ਦਿਵਸ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁੁਰਬ ਨੂੰ ਸਮਰਪਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਗੋਲਡਨ ਜੁਬਲੀ ਫੁੱਲਾਂ ਦਾ ਮੇਲਾ ਮਹਿਕਾਂ ਬਿਖੇਰਦਾ, ਕੁਦਰਤ ਪਿਆਰ ਕਰਨ, ਵਾਤਾਵਰਣ ਨੂੰ ਬਚਾਉਣ ਅਤੇ ਫੁੱਲਾਂ ਦੀ ਖੇਤੀਬਾੜੀ `ਚ ਅਸੀਮ ਸੰਭਾਵਨਾਵਾਂ ਨੂੰ ਤਲਾਸ਼ਣ ਦਾ ਸੰਦੇਸ਼ਾਂ ਦਿੰਦਾ ਹੋਇਆ ਸੰਪੰਨ ਹੋ ਗਿਆ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਸ ਪੰਜਵੇਂ ਭਾਈ ਵੀਰ ਸਿੰਘ ਫਲਾਵਰ, ਪਲਾਂਟਸ ਅਤੇ ਰੰਗੋਲੀ ਮੇਲੇ ਅੰਤਿਮ ਦਿਨ ਵਿਚ ਜਿਥੇ ਫੁੱਲਾਂ ਦੀ ਖੇਤੀਬਾੜੀ ਅਤੇ ਲੈਂਡਸਕੇਪਿੰਗ ਦੀ ਮਹੱਤਤਾ ਨੂੰ ਉਭਾਰਦਾ ਮਾਲੀਆਂ ਅਤੇ ਇਨਾਮ ਜੇਤੂਆਂ ਦੇ ਨਾਂ ਰਿਹਾ।ਮੇਲੇ ਦੌਰਾਨ ਅੱਜ ਤੀਜੇ ਦਿਨ ਵੀ ਜਿਥੇ ਵੱਡੀ ਸੰਖਿਆ ਦੇ ਵਿਚ ਫੁੱਲ ਪ੍ਰੇਮੀਆਂ ਨੇ ਬਹੁਤ ਉਤਸ਼ਾਹ ਦੇ ਨਾਲ ਫੁੱਲਾਂ ਦੇ ਇਸ ਮੇਲੇ ਦਾ ਆਨੰਦ ਮਾਣਿਆ ਉਥੇ ਮੁਕਾਬਲਿਆਂ ਵਿਚ ਜੇਤੂ ਰਹਿਣ ਵਾਲੇ ਕਾਲਜਾਂ ਅਤੇ ਸੰਸਥਾਵਾਂ ਦੇ ਨੁਮਾਂਇੰਦੇ ਵੀ ਉਚੇਚੇ ਤੌਰ ਹਾਜਰ ਸਨ।
ਸੈਮੀਨਾਰ ਦੌਰਾਨ ਯੂਨੀਵਰਸਿਟੀ ਦੇ ਬੋਟਾਨੀਕਲ ਅਤੇ ਵਾਤਾਵਰਣ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਡਾ. ਅਵਿਨਾਸ਼ ਕੌਰ ਨਾਗਪਾਲ ਨੇ ਦਰਖਤਾਂ, ਝਾੜੀਆਂ ਅਤੇ ਫੁੱਲਾਂ ਦੇ ਨਾਲ ਆਲੇ-ਦੁਆਲੇ ਨੂੰ ਸੁੰਦਰ ਬਣਾਉਣ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਇਸ ਦੇ ਨਾਲ ਸਿਰਫ ਸਾਡਾ ਆਲਾ ਦੁਆਲਾ ਖੂਬਸੂਰਤ ਹੀ ਨਹੀਂ ਬਣਦਾ ਸਗੋਂ ਇਕ ਅਜਿਹਾ ਸਾਫ ਸੁਥਰਾ ਵਾਤਾਵਰਣ ਵੀ ਤਿਆਰ ਹੁੰਦਾ ਹੈ ਜਿਸ ਦੇ ਨਾਲ ਸ਼ੁੱਧ ਹਵਾ, ਸ਼ੁੱਧ ਪਾਣੀ, ਮਾਨਸਿਕ ਖੇੜਾ ਅਤੇ ਜੜੀਆਂ ਬੂਟੀਆਂ ਭਰਪੂਰ ਖਜਾਨਾ ਵੀ ਮਿਲਦਾ ਹੈ।ਇਸ ਦੀ ਬਦੌਲਤ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸਾਫ ਸੁਥਰਾ ਕੈਂਪਸ ਬਣਾਉਣ ਵਜੋਂ ਵੱਡੇ ਕੈਂਪਸ ਵਾਲੀਆਂ ਯੂਨੀਵਰਸਿਟੀਆਂ ਵਿਚੋਂ ਪਹਿਲੇ ਸਥਾਨ `ਤੇ ਚੁਣਿਆ ਗਿਆ ਹੈ।
ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਦੇ ਕਾਲਜ ਆਫ ਹੌਰਟੀਕਲਚਰ ਦੇ ਡੀਨ ਡਾ. ਵਾਈ.ਸੀ ਗੁਪਤਾ ਵੱਲੋਂ ਪ੍ਰਾਪਤ `ਫੁੱਲਾਂ ਦੀ ਵਪਾਰਕ ਪੈਦਾਵਾਰ ਦੀਆਂ ਸੰਭਾਵਨਾਵਾਂ` ਵਿਸ਼ੇ ਉਪਰ ਮੁੱਖ ਭਾਸ਼ਣ ਉਨ੍ਹਾਂ ਦੀ ਗੈਰਹਾਜ਼ਰੀ ਵਿਚ ਡਾ. ਜਸਵਿੰਦਰ ਸਿੰਘ ਬਿਲਗਾ ਨੇ ਪੜ੍ਹਿਆ ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਖੇਤੀਬਾੜੀ ਧੰਧੇ ਨੂੰ ਹੋਰ ਲਾਹੇਵੰਦ ਬਣਾਉਣ ਲਈ ਇਸ ਵਿਚ ਵਿਭਿੰਨਤਾ ਜ਼ਰੂਰੀ ਹੈ।ਫੁੱਲਾਂ ਦੇ ਕਾਰੋਬਾਰ ਨੂੰ ਉਤਸ਼ਾਹਤ ਕਰਕੇ ਸਿਰਫ ਫੁੱਲਾਂ ਦੀ ਖੇਤੀ ਨੂੰ ਹੀ ਨਹੀਂ ਸਗੋਂ ਇਸ ਨਾਲ ਜੁੜੇ ਹੋਰ ਕਈ ਕਾਰੋਬਾਰਾਂ ਨੂੰ ਸਫਲਤਾ ਨਾਲ ਚਲਾ ਕੇ ਰੋਜ਼ਗਾਰ ਦੇ ਵਸੀਲੇ ਪੈਦਾ ਕੀਤੇ ਜਾ ਸਕਦੇ ਹਨ।ਉਨ੍ਹਾਂ ਕਿਹਾ ਕਿ ਕਿਸੇ ਸਮੇਂ ਸ਼ਹਿਰਾਂ ਦੇ ਵਿਚ ਟੋਕਰੀਆਂ ਵਿਚ ਰੱਖ ਕੇ ਫੁੱਲ ਵੇਚੇ ਜਾਂਦੇ ਸਨ ਜਦੋਂਕਿ ਅੱਜ ਵੱਡੇ ਵੱਡੇ ਕਾਰੋਬਾਰੀ ਇਸ ਕਾਰੋਬਾਰ ਨਾਲ ਜੁੜ ਚੁੱਕੇ ਹਨ ਅਤੇ ਹਰੇਕ ਸ਼ਹਿਰ ਵਿਚ ਤੀਹ ਤੋਂ ਪੰਜਾਹ ਵੱਡੀਆਂ ਦੁਕਾਨਾਂ ਹਨ। ਉਨ੍ਹਾਂ ਵੱਲੋਂ ਫੁੱਲਾਂ ਦੇ ਕਾਰੋਬਾਰ ਲਈ ਮਾਰਕੀਟਿੰਗ ਤਿਆਰ ਕਰਨ ਬਾਰੇ ਵੀ ਦੱਸਿਆ ਗਿਆ।
ਸੈਮੀਨਾਰ ਦੇ ਆਰਗੇਨਾਈਜ਼ਿੰਗ ਸੈਕਟਰੀ ਪ੍ਰੋ. ਸਤਵਿੰਦਰਜੀਤ ਕੌਰ ਨੇ ਧੰਨਵਾਦ ਕਰਦਿਆਂ ਕਿਹਾ ਕਿ ਫੁੱਲ ਅਤੇ ਪੌਦੇ ਕੁਦਰਤ ਦੀ ਇਕ ਨਿਆਮਤ ਹੈ ਅਤੇ ਇਸ ਨਿਆਮਤ ਨੂੰ ਹਰ ਇਨਸਾਨ ਨੂੰ ਮਾਨਣ ਦਾ ਹੱਕ ਹੈ ਪਰ ਇਸ ਦੇ ਨਾਲ ਇਹ ਫਰਜ਼ ਵੀ ਬਣਦਾ ਹੈ ਅਸੀ ਵਾਤਾਵਰਣ ਪ੍ਰਤੀ ਸੁਚੇਤ ਹੁੰਦੇ ਹੋਏ ਵੱਧ ਤੋਂ ਵੱਧ ਫੁੱਲਾਂ ਅਤੇ ਪੌਦਿਆਂ ਦੀ ਕਾਸ਼ਤ ਕਰੀਏ ਤਾਂ ਸਾਡਾ ਵਾਤਾਵਰਣ ਸਾਫ ਅਤੇ ਸੁੰਦਰ ਹੋ ਸਕੇ।
ਇਨਾਮ ਵੰਡ ਸਮਾਰੋਹ ਵਿਚ ਪਹਿਲੇ ਸਥਾਨ `ਤੇ ਰਹੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੀ ਟਰਾਫੀ ਪ੍ਰਿੰਸੀਪਲ ਡਾ. ਗੁਰਿੰਦਰ ਸਿੰਘ ਸਮਰਾ ਉਚੇਚੇ ਤੌਰ `ਤੇ ਪੁੱਜੇ ਅਤੇ ਉਨ੍ਹਾਂ ਨੇ ਯੂਨੀਵਰਸਿਟੀ ਵੱਲੋਂ ਵਾਤਾਵਰਣ ਪ੍ਰਤੀ ਜਾਗਰੂਕਤਾ ਲਿਆਉਣ ਲਈ ਕੀਤੇ ਜਾ ਰਹੇ ਇਸ ਉਪਰਾਲੇ ਲਈ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦਾ ਧੰਨਵਾਦ ਕੀਤਾ।ਵਿਅਕਤੀਗਤ ਤੌਰ `ਤੇ ਚਾਰ ਸ਼੍ਰੇਣੀਆਂ ਵਿਚ ਪਹਿਲਾ ਸਥਾਨ ਹਾਸਲ ਕਰਕੇ ਓਵਰਆਲ ਦੂਜੇ ਸਥਾਨ ਜੈ ਸਿੰਘ ਗਿੱਲ ਨੇ ਪ੍ਰਾਪਤ ਕੀਤਾ ਅਤੇ ਸਾਂਝੇ ਤੌਰ ਤੀਜੇ ਸਥਾਨ `ਤੇ ਖਾਲਸਾ ਕਾਲਜ ਆਫ ਐਜੂਕੇਸ਼ਨ ਜੀਟੀ ਰੋਡ ਅਤੇ ਬੀ.ਬੀ.ਕੇ ਡੀ.ਏ.ਵੀਕਾਲਜ ਫਾਰ ਵਿਮਨ, ਅੰਮ੍ਰਿਤਸਰ ਰਹੇ। ਹੋਰ ਜੇਤੂਆਂ ਵਿਚ ਐਚ.ਐਮ.ਵੀ ਕਾਲਜ ਜਲੰਧਰ, ਏ.ਪੀ.ਜੇ ਕਾਲਜ ਜਲੰਧਰ ਯੂਨੀਵਰਸਿਟੀ ਕਾਲਜ ਵੇਰਕਾ ਯੂਨੀਵਰਸਿਟੀ ਕਾਲਜ ਚੂੰਗ, ਖਾਲਸਾ ਕਾਲਜ ਫਾਰ ਵਿਮਨ ਅੰਮ੍ਰਿਤਸਰ ਤੋਂ ਇਲਾਵਾ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤੇ ਸਪਰਿੰਗ ਡੇਲ ਸਕੂਲ ਨੇ ਇਨਾਮ ਹਾਸਲ ਕੀਤੇ। ਵਿਅਕਤੀਗਤ ਸ਼੍ਰੇਣੀ ਵਿਚ ਡਾ. ਰਸ਼ਮੀ ਕਾਲੀਆ, ਡਾ. ਪਵਨਜੀਤ ਕੌਰ, ਡਾ. ਸ਼ਵੇਤਾ, ਡਾ. ਨਿਤੀਕਾ ਸ਼ਾਮਿਲ ਸਨ।ਸ੍ਰੀ ਗੁਰੂ ਰਾਮਦਾਸ ਨਰਸਰੀ, ਨਿਊ ਮਾਂ ਦੁਰਗਾ ਨਰਸਰੀ, ਗਰੀਨ ਨਰਸਰੀ ਅਤੇ ਬਾਗਬਾਨੀ ਵਿਸ਼ੇ ਨਾਲ ਸਬੰਧਤ ਪ੍ਰਦਸ਼ਨੀਆਂ ਵਿਚ ਰਜਿੰਦਰਾ ਆਰਗੈਨਿਕ, ਸਾਧੂ ਸਿੰਘ ਦੇ ਨਾਂ ਜ਼ਿਕਰਯੋਗ ਹਨ।ਡਾ. ਅਵਿਨਾਸ਼ ਨਾਗਪਾਲ ਅਤੇ ਡਾ. ਬਿਲਗਾ ਨੇ ਜੇਤੂਆਂ ਨੂੰ ਟਰਾਫੀਆਂ ਪ੍ਰਦਾਨ ਕੀਤੀਆਂ।ਉਨ੍ਹਾਂ ਨਾਲ ਪ੍ਰੋ. ਰੇਣੂ ਭਾਰਦਵਾਜ, ਪ੍ਰੋ. ਆਦਰਸ਼ਪਾਲ ਵਿਗ, ਡਾ. ਮਨਪ੍ਰੀਤ ਸਿੰਘ ਭੱਟੀ, ਡਾ. ਜਤਿੰਦਰ ਕੌਰ, ਡਾ. ਰਾਜਿੰਦਰ ਕੌਰ, ਡਾ. ਕੁਲਵੀਰ ਕੌਰ, ਪ੍ਰੋ. ਸਤਵਿੰਦਰ ਜੀਤ ਕੌਰ ਵੀ ਹਾਜ਼ਰ ਸਨ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media