ਲਹਿਰਾ ਤੇ ਮੂਨਕ ਵਿਖੇ ਝੁੱਗੀ ਝੌਪੜੀ ਵਾਲਿਆਂ ਨੂੰ ਵੰਡ ਮੁਫ਼ਤ ਕੰਬਲ
ਲੌਂਗੋਵਾਲ, 14 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇਨ੍ਹੀਂ ਦਿਨੀਂ ਪੈ ਰਹੀ ਸਖ਼ਤ ਸਰਦੀ ਦੇ ਚਲਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ
ਦਿਸ਼ਾ ਨਿਰਦੇਸ਼ਾਂ ਹੇਠ `ਪਹਿਲ ਸੁਸਾਇਟੀ` ਦੀ ਤਰਫੋਂ ਜ਼ਿਲ੍ਹੇ ਦੀਆਂ ਵੱਖ ਵੱਖ ਸਬ ਡਵੀਜ਼ਨਾਂ ਵਿੱਚ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਮੁਫ਼ਤ ਕੰਬਲ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਗਈ ਹੈ।ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ 9 ਸਬ ਡਵੀਜ਼ਨਾਂ ਅਤੇ ਇੱਕ ਸਬ ਤਹਿਸੀਲ ਵਿੱਚ ਸਥਾਪਤ ਸਾਂਝੀ ਰਸੋਈ ਵਿੱਚ ਵੀ ਪਹਿਲ ਸੁਸਾਇਟੀ ਦੀ ਤਰਫੋਂ ਆਟੇ ਦੀਆਂ 50-50 ਥੈਲੀਆਂ ਮੁਹੱਈਆ ਕਰਵਾਈਆਂ ਗਈਆਂ ਹਨ ਤਾਂ ਜੋ ਮਨੁੱਖਤਾ ਦੇ ਭਲੇ ਦੇ ਇਸ ਕਾਰਜ ਵਿੱਚ ਕਿਸੇ ਪੱਖੋਂ ਕੋਈ ਖੜ੍ਹੋਤ ਨਾ ਆ ਸਕੇ।
ਉਪ ਮੰਡਲ ਮੈਜਿਸਟਰੇਟ ਲਹਿਰਾਗਾਗਾ ਕਾਲਾ ਰਾਮ ਕਾਂਸਲ ਨੇ ਸ਼ਹਿਰ ਵਿੱਚ ਗਰੀਬ ਲੋਕਾਂ ਨੂੰ ਉਨ੍ਹਾਂ ਦੀ ਜ਼ਰੂਰਤ ਮੁਤਾਬਿਕ ਕੰਬਲਾਂ ਦੀ ਵੰਡ ਕੀਤੀ।ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਵੰਡ ਦੀ ਇਹ ਪ੍ਰਕਿਰਿਆ ਜਾਰੀ ਰੱਖੀ ਜਾਵੇਗੀ ਅਤੇ ਨਗਰ ਕੌਂਸਲ ਦੀਆਂ ਟੀਮਾਂ ਰਾਹੀਂ ਅਜਿਹੇ ਜ਼ਰੂਰਤਮੰਦਾਂ ਦੀ ਪਛਾਣ ਕਰਵਾ ਕੇ ਕੰਬਲ ਮੁਹੱਈਆ ਕਰਵਾਏ ਜਾਣਗੇ। ਜ਼ਿਕਰਯੋਗ ਹੈ ਕਿ ਬੀਤੇ ਵਰ੍ਹੇ ਵੀ ਪਹਿਲ ਸੁਸਾਇਟੀ ਵਲੋਂ ਠੰਡ ਦੇ ਦਿਨਾਂ ਦੌਰਾਨ ਸਮਾਜ ਸੇਵਾ ਵਜੋਂ ਜਨਤਕ ਸਥਾਨਾਂ ਜਿਵੇਂ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਦੇ ਆਲੇ ਦੁਆਲੇ ਸੌਂ ਰਹੇ ਪਰਵਾਸੀ ਮਜ਼ਦੂਰਾਂ, ਰਿਕਸ਼ਾ ਚਾਲਕਾਂ ਤੇ ਬਜ਼ੁਰਗ ਰਾਹਗੀਰਾਂ, ਝੁੱਗੀਆਂ ਝੌਪੜੀਆਂ ਵਿੱਚ ਰਹਿਣ ਵਾਲੇ ਗਰੀਬ ਲੋਕਾਂ, ਬਿਰਧ ਆਸ਼ਰਮਾਂ, ਪਿੰਗਲਵਾੜਾ ਆਦਿ ਵਿੱਚ ਕੰਬਲਾਂ ਦੀ ਵੰਡ ਕੀਤੀ ਗਈ ਸੀ।
Punjab Post Daily Online Newspaper & Print Media