ਸੰਗਰੂਰ/ ਲੌਂਗੋਵਾਲ, 22 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼਼੍ਰੋਮਣੀ ਅਕਾਲੀ ਦਲ ਬਾਦਲ ਤੋਂ ਵੱਖ-ਵੱਖ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਬਗਾਵਤ ‘ਤੇ
ਉਤਰੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਬੁੱਧਵਾਰ ਨੂੰ ਆਪਣੇ ਨਿਵਾਸ ਸਥਾਨ ‘ਤੇ ਵਰਕਰ ਮਿਲਣੀ ਪ੍ਰੋਗਰਾਮ ਰੱਖ ਕੇ ਵਰਕਰਾਂ ਦਾ ਮਨ ਟੋਹਣ ਦੀ ਕੋਸ਼ਿਸ਼ ਕੀਤੀ।ਜਿਸ ਵਿੱਚ ਜਿਲ੍ਹਾ ਸੰਗਰੂਰ ਅਤੇ ਬਰਨਾਲਾ ਦੇ ਵਰਕਰਾਂ ਨੇ ਹਿੱਸਾ ਲਿਆ।
ਦੱਸਣਯੋਗ ਹੈ ਕਿ ਇਸ ਬੈਠਕ ਤੋਂ ਪਾਰਟੀ ਦੇ ਵਿਧਾਇਕਾਂ ਅਤੇ ਸੀਨੀਅਰ ਆਗੂਆਂ ਸਮੇਤ ਢੀਂਡਸਾ ਦੇ ਵਿਧਾਇਕ ਬੇਟੇ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਦੂਰੀ ਬਣਾ ਕੇ ਰੱਖੀ।ਹਾਲਾਂਕਿ ਭਾਜਪਾ ਦੇ ਜਿਲ੍ਹਾ ਪ੍ਰਧਾਨ ਵਿਕਰਮ ਸੈਣੀ ਅਤੇ ਕੁੱਝ ਭਾਜਪਾ ਵਰਕਰ ਬੈਠਕ ਵਿੱਚ ਸ਼ਾਮਲ ਹੋਏ।ਬੈਠਕ ਵਿੱਚ ਪਹੁੰਚੇ ਵਰਕਰਾਂ ਨੇ ਢੀਂਡਸਾ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦਾ ਐਲਾਨ ਕੀਤਾ।ਜਦੋਕਿ ਸੁਖਦੇਵ ਸਿੰਘ ਢੀਂਡਸਾ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਉਹ ਅਕਾਲੀ ਦਲ ਅਤੇ ਪੰਜਾਬ ਨੂੰ ਬਚਾਉਣ ਲਈ ਪਾਰਟੀ ‘ਚ ਰਹਿ ਕੇ ਅਸੂਲਾਂ ਦੀ ਲੜਾਈ ਲੜ ਰਹੇ ਹਨ।ਉਹ ਅੱਜ ਵੀ ਪਾਰਟੀ ਦੇ ਮੁੱਢਲੇ ਮੈਂਬਰ ਹਨ।ਪਾਰਟੀ ਚਾਹੇ ਉਨ੍ਹਾਂ ਨੂੰ ਦਲ ਤੋਂ ਕੱਢ ਸਕਦੀ ਹੈ, ਉਹ ਖੁੱਦ ਪਾਰਟੀ ਨਹੀਂ ਛੱਡ ਰਹੇ ਹਨ।ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਸ਼ਬਦੀ ਹਮਲਾ ਕਰਦਿਆਂ ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਖ਼ੁਦ ਆਪਣੀ ਮਰਜ਼ੀ ਨਾਲ ਪ੍ਰਧਾਨ ਚੁਣੇ ਜਾਂਦੇ ਹਨ ਜਦੋਂ ਕਿ ਡੈਲੀਗੇਟਾਂ ਨੇ ਉਨ੍ਹਾਂ ਨੂੰ ਨਹੀਂ ਚੁਣਿਆ ਹੈ।
ਢੀਂਡਸਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਤੋਂ ਲੈ ਕੇ ਹੇਠਲੇ ਪੱਧਰ ਤੱਕ ਦੇ ਅਹੁਦੇ ਸੁਖਬੀਰ ਬਾਦਲ ਦੇ ਇਸ਼ਾਰੇ ‘ਤੇ ਦਿੱਤੇ ਜਾ ਰਹੇ ਹਨ।ਜਦੋਂ ਕਿ ਇਸ ਲਈ ਕਿਸੇ ਨਾਲ ਕੋਈ ਵਿਚਾਰ-ਵਟਾਂਦਰਾ ਜਾਂ ਸਲਾਹ ਤੱਕ ਨਹੀਂ ਕੀਤੀ ਜਾਂਦੀ।ਢੀਂਡਸਾ ਨੇ ਕਿਹਾ ਕਿ ਉਹ ਹੁਣ ਤੱਕ ਸਭ ਕੁੱਝ ਸਹਿੰਦੇ ਰਹੇ ਹਨ।ਪਰ ਹੁਣ ਗੱਲ ਹੱਦ ਤੋਂ ਵਧਣ ਲੱਗੀ ਹੈ ਤਾਂ ਉਨ੍ਹਾਂ ਪਰੇ ਹੋਣਾ ਹੀ ਠੀਕ ਸਮਝਿਆ।ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਬੈਠਕ ਦੌਰਾਨ ਮਹਿਲਾ ਅਕਾਲੀ ਦਲ ਦੀ ਜਿਲ੍ਹਾ ਪ੍ਰਧਾਨ (ਦਿਹਾਤੀ) ਪਰਮਜੀਤ ਕੌਰ ਵਿਰਕ ਅਤੇ ਸ਼ਹਿਰੀ ਪ੍ਰਧਾਨ ਸੁਨੀਤਾ ਸ਼ਰਮਾ ਸਮੇਤ ਹੋਰਨਾਂ ਅਕਾਲੀ ਵਰਕਰਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਢੀਂਡਸਾ ਦੇ ਨਾਲ ਚੱਲਣ ਦਾ ਐਲਾਨ ਕੀਤਾ।ਪਰ ਢੀਂਡਸਾ ਨੇ ਉਨ੍ਹਾਂ ਨੂੰ ਅਸਤੀਫਾ ਨਾ ਦੇਣ ਦੀ ਗੱਲ ਕਹੀ।ਢੀਂਡਸਾ ਨੇ ਕਿਹਾ ਕਿ ਕੋਈ ਵੀ ਪਾਰਟੀ ਨੇਤਾ ਜਾਂ ਵਰਕਰ ਪਾਰਟੀ ਤੋਂ ਅਸਤੀਫਾ ਨਹੀਂ ਦੇਵੇਗਾ।ਬਲਕਿ ਪਾਰਟੀ ਵਿੱਚ ਰਹਿ ਕੇ ਹੀ ਲੜਾਈ ਲੜਾਂਗੇ।ਪਰਮਿੰਦਰ ਸਿੰਘ ਢੀਂਡਸਾ ਦੇ ਬੈਠਕ ਵਿਚੋਂ ਗੈਰ ਹਾਜ਼ਰ ਰਹਿਣ ਬਾਰੇ ਪੁੱਛੇ ਜਾਣ ‘ਤੇ ਢੀਂਡਸਾ ਨੇ ਕਿਹਾ ਕਿ ਉਹ ਕਿਸੇ ਜ਼ਰੂਰੀ ਕੰਮ ਕਾਰਨ ਬਾਹਰ ਹਨ।ਪਰਿਮੰਦਰ ਢੀਂਡਸਾ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਉਹ ਉਨ੍ਹਾਂ ਨਾਲ ਹਨ ਅਤੇ ਅਜ ਉਹ ਵੀ ਇਹ ਗੱਲ ਦੁਹਰਾ ਰਹੇ ਹਨ ਕਿ ਪਰਮਿੰਦਰ ਢੀਂਡਸਾ ਮੇਰੇ ਹੀ ਨਾਲ ਹੈ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media