Saturday, March 21, 2026

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਨਗਰ ਕੀਰਤਨ ਸਜਾਇਆ

ਅੰਮ੍ਰਿਤਸਰ, 1 ਜਨਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ‘ਤੇੇ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅਕਾਲ PPNJ0101202002ਤਖ਼ਤ ਸਾਹਿਬ ਤੋਂ ਖ਼ਾਲਸਈ ਜਾਹੋ-ਜਲਾਲ ਨਾਲ ਨਗਰ ਕੀਰਤਨ ਸਜਾਇਆ ਗਿਆ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਸਜਾਏ ਗਏ ਇਸ ਨਗਰ ਕੀਰਤਨ ਦੀ ਆਰੰਭਤਾ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਅਰਦਾਸ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਕਰਨ ਦੀ ਸੇਵਾ ਵੀ ਨਿਭਾਈ। ਨਗਰ ਕੀਰਤਨ ਦੀ ਆਰੰਭਤਾ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਭਾਈ ਰਾਮ ਸਿੰਘ, ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਅਵਤਾਰ ਸਿੰਘ ਸੈਂਪਲਾ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ ਤੇ ਪ੍ਰਤਾਪ ਸਿੰਘ, ਮੈਨੇਜਰ ਜਸਵਿੰਦਰ ਸਿੰਘ ਦੀਨਪੁਰ, ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਗੁਰਿੰਦਰ ਸਿੰਘ ਮਥਰੇਵਾਲ, ਸਕੱਤਰ ਸਿੰਘ, ਤੇਜਿੰਦਰ ਸਿੰਘ ਪੱਡਾ, ਹਰਜਿੰਦਰ ਸਿੰਘ ਕੈਰੋਂਵਾਲ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਵੱਲੋਂ ਸਤਿਨਾਮ ਵਾਹਿਗੁਰੂ ਦੇ ਜਾਪ ਨਾਲ ਨਗਰ ਕੀਰਤਨ ਦੌਰਾਨ ਸ਼ਮੂਲੀਅਤ ਕੀਤੀ ਗਈ।
ਨਗਰ ਕੀਰਤਨ ਦੌਰਾਨ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਭਰਵੀਂ ਹਾਜ਼ਰੀ ਭਰੀ ਅਤੇ ਬੈਂਡ ਦੀਆਂ ਮਨੋਹਰ ਧੁੰਨਾਂ ਨਾਲ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕੀਤਾ।ਗਤਕਾ ਅਖਾੜਿਆਂ ਨੇ ਵੀ ਸਿੱਖ ਜੰਗਜੂ ਕਲਾ ਗੱਤਕੇ ਦੇ ਜ਼ੌਹਰ ਵਿਖਾ ਕੇ ਖ਼ਾਲਸਈ ਰੰਗ ਬੰਨ੍ਹਿਆ।ਨਗਰ ਕੀਰਤਨ ਦੇ ਰਸਤੇ ਨੂੰ ਖੂਬਸੂਰਤ ਲੜੀਆਂ ਨਾਲ ਸਜਾਇਆ ਗਿਆ ਸੀ ਅਤੇ ਸੰਗਤਾਂ ਨੇ ਚਾਹ-ਪਾਣੀ ਅਤੇ ਫਲ ਫਰੂਟ ਨਾਲ ਸੇਵਾ ਕਰਕੇ ਵੀ ਅਥਾਹ ਸ਼ਰਧਾ ਪ੍ਰਗਟਾਈ। ਨਗਰ ਕੀਰਤਨ ਦੌਰਾਨ ਹੋਰਨਾਂ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਸੁਖਬੀਰ ਸਿੰਘ, ਬਘੇਲ ਸਿੰਘ, ਇਕਬਾਲ ਸਿੰਘ ਮੁਖੀ, ਸਹਾਇਕ ਸੁਪ੍ਰਿੰਟੈਂਡੈਂਟ ਮਲਕੀਤ ਸਿੰਘ ਬਹਿੜਵਾਲ, ਇੰਚਾਰਜ ਪਰਮਦੀਪ ਸਿੰਘ, ਪਲਵਿੰਦਰ ਸਿੰਘ ਚਿੱਟਾ, ਮਨਜੀਤ ਸਿੰਘ ਤਲਵੰਡੀ, ਕਰਨਜੀਤ ਸਿੰਘ, ਪ੍ਰੋ. ਸੁਖਦੇਵ ਸਿੰਘ ਸਮੇਤ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ, ਸ੍ਰੀ ਦਰਬਾਰ ਸਾਹਿਬ ਦਾ ਸਮੂਹ ਸਟਾਫ਼ ਹਾਜ਼ਰ ਸੀ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਭਲਕੇ 2 ਜਨਵਰੀ ਨੂੰ ਸਵੇਰੇ 8:30 ਤੋਂ 12:00 ਵਜੇ ਤੱਕ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਵਿਖੇ ਸੁੰਦਰ ਜਲੌ ਸਜਾਏ ਜਾਣਗੇ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਧਾਰਮਿਕ ਦੀਵਾਨ ਸੱਜਣਗੇ। ਰਾਤ 7:00 ਤੋਂ 9:00 ਵਜੇ ਤੀਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੀ ਕੀਰਤਨ ਸਮਾਗਮ ਹੋਵੇਗਾ ਅਤੇ ਰਾਤ 9:00 ਵਜੇ ਕਵੀ ਦਰਬਾਰ ਕਰਵਾਇਆ ਜਾਵੇਗਾ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply