ਅੰਮ੍ਰਿਤਸਰ, 3 ਜਨਵਰੀ (ਪੰਜਾਬ ਪੋਸਟ ਬਿਊਰੋ) – ਨਵੇਂ ਸਾਲ ਦੇ ਜਸ਼ਨਾਂ ਸਬੰਧੀ ਪੁਲੀਸ ਵਲੋਂ ਪੁਖਤਾ ਸੁਰੱਖਿਆ ਪ੍ਰਬੰਧਾਂ ਦੇ ਕੀਤੇ ਦਾਅਵੇ ਅੰਮ੍ਰਿਤਸਰ ਵਿੱਚ ਉਸ
ਵੇਲੇ ਅਸਫਲ ਸਾਬਿਤ ਹੋਏ, ਜਦ 31 ਦਸੰਬਰ ਦੀ ਰਾਤ ਰਣਜੀਤ ਐਵਨਿਊ ਸਥਿਤ ਇੱਕ ਰੈਸਟੋਰੈਂਟ ‘ਚ ਹੋਈ ਤਕਰਾਰ ਝਗੜੇ ਵਿੱਚ ਬਦਲਣ ਨਾਲ ਇੱਕ 32 ਸਾਲਾ ਨੌਜਵਾਨ ਦੀ ਮੌਤ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਗੁਰੂ ਰਾਮ ਦਾਸ ਨਗਰ ਸੁਲਤਾਨਵਿੰਡ ਰੋਡ ਵਾਸੀ ਹਰਜੀਤ ਸਿੰਘ ਰਾਜਾ ਆਪਣੇ ਤਿੰਨ ਸਾਥੀਆਂ ਭੋਲੂ, ਕਰਨ ਅਤੇ ਇਕ ਹੋਰ ਨੌਜਵਾਨ ਸਮੇਤ ਨਵਾਂ ਸਾਲ 2020 ਮਨਾਉਣ ਲਈ ਰਣਜੀਤ ਐਵਨਿਊ ਸਥਿਤ ਸੋਸ਼ਲ਼ ਹਾਈਟਸ ਰੈਸਟੋਰੈਂਟ ਵਿੱਚ ਗਿਆ ਸੀ।ਜਿਥੇ ਉਨਾਂ ਨੇ ਰੈਸਟੋਰੈਂਟ ਵਲੋਂ ਨਿਰਧਾਰਿਤ ਰਾਸ਼ੀ ਜਮਾਂ ਕਰਵਾ ਕੇ ਪਾਸ ਲਏ ਸਨ।ਪਰ ਉਨਾਂ ਨੂੰ ਰੋਟੀ ਨਾ ਦੇਣ ‘ਤੇ ਹੋਈ ਗਰਮਾ ਗਰਮੀ ਦੌਰਾਨ ਹੋਟਲ ਮਾਲਿਕ ਵਲੋਂ ਬੁਲਾਏ ਗਏ ਬਾਊਂਸਰਾਂ ਨੇ ਨੌਜਵਾਨਾਂ ਦੀ ਮਾਰਕੁੱਟ ਸ਼ੁਰੂ ਕਰ ਦਿੱਤੀ।ਇਸੇ ਦੌਰਾਨ ਹਰਜੀਤ ਸਿੰਘ ਰਾਜਾ ਦੇ ਸਾਥੀ ਤਾਂ ਉਥੋਂ ਭੱਜ ਗਏ, ਜਦਕਿ ਉਹ ਬਾਊਂਸਰਾਂ ਦੇ ਹੱਥ ਆ ਗਿਆ।ਜਿੰਨਾਂ ਨੇ ਹਰਜੀਤ ਸਿੰਘ ਦੀ ਬੇਸਬਾਲਾਂ ਨਾਲ ਅੰਨੇਵਾਹ ਮਾਰਕੁੱਟ ਕੀਤੀ।ਜਿਸ ਨਾਲ ਉਹ ਬੇਹੋਸ਼ ਗਿਆ ਤਾਂ ਉਹਨਾਂ ਨੇ ਉਸ ਨੂੰ ਸੜਕ ‘ਤੇ ਸੁੱਟ ਦਿੱਤਾ।
ਮ੍ਰਿਤਕ ਦੇ ਪਿਤਾ ਮੱਖਣ ਸਿੰਘ ਨੇ ਦੱਸਿਆ ਹੈ ਕਿ ਜਦ ਉਨਾਂ ਨੇ ਹਰਜੀਤ ਸਿੰਘ ਨਾਲ ਸੰਪਰਕ ਕਰਨ ਲਈ ਉਸ ਦੇ ਫੋਨ ‘ਤੇ ਕਾਲਾਂ ਕੀਤੀਆਂ ਤਾਂ ਕਿਸੇ ਰਾਹਗੀਰ ਨੇ ਤੜਕੇ ਸਵੇਰੇ ਤਕਰੀਬਨ 4.30 ਵਜੇ ਫੋਨ ਚੁੱਕ ਕੇ ਦੱਸਿਆ ਕਿ ਉਨਾਂ ਦਾ ਬੇਟਾ ਰਣਜੀਤ ਐਵਨਿਊ ਵਿਖੇ ਬੇਹੋਸ਼ੀ ਦੀ ਹਾਲਤ ‘ਚ ਸੜਕ ‘ਤੇ ਪਿਆ ਹੈ।ਜਿਸ ‘ਤੇ ਉਨਾਂ ਨੇ ਉਥੇ ਪਹੁੰਚ ਕੇ ਹਰਜੀਤ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ।ਪਰ ਇਲਾਜ਼ ਦੌਰਾਨ ਅੱਜ ਸਵੇਰੇ ਉਸ ਦੀ ਮੌਤ ਹੋ ਗਈ।
ਉਧਰ ਪੁਲੀਸ ਵਲੋਂ ਪਹਿਲਾਂ ਦੋ ਬਾਊਂਸਰਾਂ ਹੈਪੀ ਅਤੇ ਪ੍ਰੀਤ ਖਿਲਾਫ ਆਈ.ਪੀ.ਸੀ ਦੀ ਧਾਰਾ 307 ਤਹਿਤ ਕੇਸ ਦਰਜ਼ ਕੀਤਾ ਗਿਆ ਸੀ। ਲੇਕਿਨ ਹਰਜੀਤ ਦੀ ਮੌਤ ਹੋ ਜਾਣ ਉਪਰੰਤ ਹੋਟਲ ਮਾਲਕ ਨੂੰ ਵੀ ਇਸ ਮਾਮਲੇ ‘ਚ ਨਾਮਜ਼ਦ ਕਰ ਲਿਆ ਗਿਆ ਅਤੇ ਆਈ.ਪੀ.ਸੀ ਧਾਰਾ 302 ਵਿੱਚ ਬਦਲ ਦਿੱਤੀ ਗਈ ਹੈ।ਜਿਸ ਦੀ ਏ.ਸੀ.ਪੀ ਪਲਵਿੰਦਰ ਕੌਰ ਅਤੇ ਥਾਣਾ ਰਣਜੀਤ ਐਵਨਿਊ ਦੇ ਮੁਖੀ ਰੌਬਿਨ ਹੰਸ ਵਲੋਂ ਪੁਸ਼ਟੀ ਕੀਤੀ ਗਈ ਹੈ।
ਇਸੇ ਦੌਰਾਨ ਦੇਰ ਸ਼ਾਮ ਪੋਸਟ ਮਾਰਟਮ ਕਰਵਾਉਣ ਉਪਰੰਤ ਮ੍ਰਿਤਕ ਦਾ ਸਸਕਾਰ ਚਾਟੀਵਿੰਡ ਚੌਕ ਸਥਿਤ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ।ਇਸ ਸਮੇਂ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੇ ਪੀ.ਏ ਪਰਮਜੀਤ ਸਿੰਘ, ਵਾਟਰ ਐਂਡ ਸੀਵਰੇਜ਼ ਬੋਰਡ ਪੰਜਾਬ ਦੇ ਚੇਅਰਮੈਨ ਪ੍ਰਗਟ ਸਿੰਘ ਧੁੰਨਾ, ਕੌਂਸਲਰ ਮੋਹਨ ਸਿੰਘ ਮਾੜੀਮੇਘਾ, ਕਿਰਪਾਲ ਸਿੰਘ ਧੁੰਨਾ, ਮਨਦੀਪ ਸਿੰਘ ਮੰਨਾ ਤੋ ਇਲਾਵਾ ਵੱਡੀ ਗਿਣਤੀ ‘ਚ ਪੀੜਤ ਪਰਿਵਾਰ ਦੇ ਰਿਸ਼ਤੇਦਾਰ, ਸਬੰਧੀ, ਇਲਾਕਾ ਵਾਸੀ ਤੇ ਪਤਵੰਤੇ ਹਾਜ਼ਰ ਸਨ।
ਦੱਸਣਯੋਗ ਹੈ ਕਿ ਸ਼ਾਦੀਸ਼ੁਦਾ ਨੌਜਵਾਨ ਹਰਜੀਤ ਸਿੰਘ ਆਪਣੇ ਪਿੱਛੇ ਪਤਨੀ ਮਨਪ੍ਰੀਤ ਕੌਰ ਅਤੇ 5 ਸਾਲਾਂ ਦਾ ਬੇਟਾ ਨਵਰੋਜ਼ ਛੱਡ ਗਿਆ ਹੈ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media