Tuesday, April 14, 2026

ਯੂ.ਕੇ ਦੀਆਂ ਸਿੱਖ ਜਥੇਬੰਦੀਆਂ ਦੇ ਵਫ਼ਦ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਢੱਡਰੀਆਂ ਵਾਲਾ ਖਿਲਾਫ ਦਿੱਤਾ ਮੰਗ ਪੱਤਰ

ਅੰਮ੍ਰਿਤਸਰ, 4 ਜਨਵਰੀ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖਤ ਸਾਹਿਬ ਪੁੱਜੇ ਯੂ.ਕੇ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਦੇ ਤਿੰਨ ਮੈਂਬਰੀ PPNJ0401202007ਵਫ਼ਦ ਨੇ ਵਿਵਾਦਿਤ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਅਤੇ ਉਸ ਦੇ ਨਜ਼ਦੀਕੀ ਹਰਿੰਦਰ ਸਿੰਘ ਖ਼ਿਲਾਫ਼ ਮੰਗ ਪੱਤਰ ਸੌਂਪ ਕੇ ਪੰਥਕ ਰਵਾਇਤਾਂ ਮੁਤਾਬਿਕ ਕਾਰਵਾਈ ਦੀ ਅਪੀਲ ਕੀਤੀ ਹੈ। ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸਹਾਇਕ ਜਸਪਾਲ ਸਿੰਘ ਨੂੰ ਤਿੰਨ ਮੈਂਬਰਾਂ ਮਹਿੰਦਰ ਸਿੰਘ ਬਰਮਿੰਘਮ, ਜਸਵਿੰਦਰ ਸਿੰਘ ਯੂ.ਕੇ ਅਤੇ ਗੁਰਵਾਕ ਸਿੰਘ ਵਲੋਂ ਮੰਗ ਪੱਤਰ ਸੌਂਪਿਆ ਗਿਆ।
ਸਹਾਇਕ ਜਸਪਾਲ ਸਿੰਘ ਨੇ ਦੱਸਿਆ ਕਿ ਭਾਈ ਢੱਡਰੀਆਂ ਵਾਲਾ ਅਤੇ ਹਰਿੰਦਰ ਸਿੰਘ ਖ਼ਿਲਾਫ਼ ਯੂ.ਕੇ ਦੀਆਂ ਸਿੱਖ ਜਥੇਬੰਦੀਆਂ ਵਲੋਂ ਦਿੱਤਾ ਗਿਆ ਮੰਗ ਪੱਤਰ ਅਤੇ ਪਾਸ ਕੀਤੇ ਗਏ ਮਤੇ ਜਥੇਦਾਰ ਸਾਹਿਬ ਦੇ ਵਿਚਾਰ ਲਈ ਪੇਸ਼ ਕੀਤੇ ਜਾਣਗੇ।ਉਨ੍ਹਾਂ ਦੱਸਿਆ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਭਾਈ ਢੱਡਰੀਆਂ ਵਾਲਾ ਦੇ ਖ਼ਿਲਾਫ਼ ਮਿਲੀਆਂ ਸ਼ਿਕਾਇਤਾਂ ਸੰਬੰਧੀ ਬਣਾਈ ਗਈ ਪੰਜ ਮੈਂਬਰੀ ਜਾਂਚ ਕਮੇਟੀ ਆਪਣਾ ਕੰਮ ਕਰ ਰਹੀ ਹੈ।ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਜਥੇਦਾਰ ਵਲੋਂ ਸਿੰਘ ਸਾਹਿਬਾਨ ਨਾਲ ਵਿਚਾਰ ਕਰਦਿਆਂ ਆਪਣਾ ਫ਼ੈਸਲਾ ਸੁਣਾਇਆ ਜਾਵੇਗਾ।
ਵਫ਼ਦ ਦੀ ਤਰਫ਼ੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ: ਸਰਚਾਂਦ ਸਿੰਘ ਨੇ ਯੂ.ਕੇ ਦੀ ਸੰਗਤ ਦੇ ਫ਼ੈਸਲੇ ਦਾ ਪੁਰਜ਼ੋਰ ਸਵਾਗਤ ਕਰਦਿਆਂ ਕਿਹਾ ਕਿ ਦੇਸ਼ ਵਿਦੇਸ਼ ‘ਚ ਥਾਂ-ਥਾਂ ਇਨ੍ਹਾਂ ਦੇ ਬਾਈਕਾਟ ਦਾ ਸਿਲਸਿਲਾ ਤੇਜ ਹੋ ਰਿਹਾ ਹੈ। ਉਨ੍ਹਾਂ ਦਸਿਆ ਕਿ ਸਿੱਖ ਕੌਂਸਲ ਯੂ.ਕੇ ਦੇ ਸਕੱਤਰ ਜਨਰਲ ਜਤਿੰਦਰ ਸਿੰਘ ਅਤੇ ਬੁਲਾਰੇ ਸੁਖਜੀਤ ਸਿੰਘ ਵਲੋਂ ਭੇਜੇ ਗਏ ਪੱਤਰ ਵਿਚ ਸੈਂਕੜੇ ਸ਼ਖ਼ਸੀਅਤਾਂ ਵਲੋਂ ਦਸਤਖ਼ਤ ਕੀਤੇ ਗਏ ਹਨ।ਮੰਗ ਪੱਤਰ ਵਿੱਚ ਇਹ ਵੀ ਵਿਚਾਰ ਦਿੱਤਾ ਕਿ ਇੱਕ ਅਜਿਹੇ ਪੈਨਲ ਦਾ ਗਠਨ ਕੀਤਾ ਜਾਵੇ ਜਿਹੜਾ ਪ੍ਰਚਾਰਕਾਂ ਨਾਲ ਸੰਬੰਧਿਤ ਮੁੱਦਿਆਂ ਨੂੰ ਪ੍ਰਵਾਨਿਤ ਸਿਧਾਂਤਾਂ ਦੇ ਅਧਾਰ ‘ਤੇ ਨਿਰਪੱਖ ਅਤੇ ਬਰਾਬਰੀ ਦੀ ਭਾਵਨਾ ਨਾਲ ਨਜਿਠਿਆ ਜਾ ਸਕੇ।
ਅਖੀਰ ‘ਚ ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਦ ਤਕ ਫ਼ੈਸਲਾ ਨਹੀਂ ਆਉਂਦਾ ਰਣਜੀਤ ਸਿੰਘ ਢੱਡਰੀਆਂ ਵਾਲਾ ਅਤੇ ਹਰਿੰਦਰ ਸਿੰਘ ਨੂੰ ਕੋਈ ਵੀ ਪ੍ਰੋਗਰਾਮ ਇੰਗਲੈਂਡ ‘ਚ ਨਹੀਂ ਕਰਨ ਦਿੱਤਾ ਜਾਵੇਗਾ। ਇਸ ਮੌਕੇ ਪ੍ਰੋ: ਸਰਚਾਂਦ ਸਿੰਘ, ਭਾਈ ਸ਼ਮਸ਼ੇਰ ਸਿੰਘ ਜੇਠੂਵਾਲ, ਸਵੈਜੀਤ ਸਿੰਘ ਸਿਆਲਕਾ, ਇਕਬਾਲ ਸਿੰਘ ਜੰਡਿਆਲਾ ਗੁਰੂ ਅਤੇ ਰੋਹਿਤ ਸ਼ਰਮਾ ਵੀ ਮੌਜੂਦ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …

Leave a Reply