ਅੰਮ੍ਰਿਤਸਰ, 12 ਜਨਵਰੀ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਇਥੇ ਕਾਮਰੇਡ ਸੋਹਣ ਸਿੰਘ ਜੋਸ਼ ਜ਼ਿਲਾ ਲਾਇਬਰੇਰੀ ਵਿਖੇ ਪੰਜਾਬ ਸਾਹਿਤ ਸੰਗਮ ਵਲੋਂ
ਅੰਮ੍ਰਿਤਸਰ ਸਾਹਿਤ ਚਿੰਤਨ ਮੰਚ ਦੇ ਸਹਿਯੋਗ ਨਾਲ ਕਹਾਣੀਕਾਰ ਮਨਮੋਹਨ ਸਿੰਘ ਬਾਸਰਕੇ ਦਾ ਤੀਜਾ ਕਹਾਣੀ ਸੰਗ੍ਰਹਿ ਲੋਕ ਅਰਪਿਤ ਕੀਤਾ ਗਿਆ।ਲਾਇਬ੍ਰੇਰੀਅਨ ਡਾ. ਪ੍ਰਭਜੋਤ ਕੌਰ ਸੰਧੂ ਦੇ ਸਵਾਗਤੀ ਸ਼ਬਦਾਂ ਨਾਲ ਸ਼ੁਰੂ ਹੋਏ ਇਸ ਸਾਹਿਤਕ ਸਮਾਗਮ ਵਿਚ ਪੁਸਤਕ ਬਾਰੇ ਜਾਣ-ਪਛਾਣ ਕਰਵਾਉਦਿਆਂ ਕਹਾਣੀਕਾਰ ਦੀਪ ਦਵਿੰਦਰ ਸਿੰਘ ਨੇ ਕਿਹਾ ਕਿ ਪੁਸਤਕ ਵਿਚਲੀਆਂ ਸਮੁੱਚੀਆਂ ਕਹਾਣੀਆਂ ਲੇਖਕ ਦੇ ਜੀਵਨ ਅਨੁਭਵ ਵਿਚ ਹੰਢਾਏ ਸਮਿਆਂ ਦੀ ਤਰਜ਼ਮਾਨੀ ਕਰਦੀਆਂ ਹਨ।
ਵਿਚਾਰ-ਚਰਚਾ ਵਿੱਚ ਹਿੱਸਾ ਲੈਂਦਿਆਂ ਕਥਾਕਾਰ ਮੁਖਤਾਰ ਗਿੱਲ ਨੇ ਕਿਹਾ ਕਿ ਲੇਖਕ ਨੇ ਆਪਣੇ ਆਲੇ-ਦੁਆਲੇ ਦੇ ਜਨ-ਜੀਵਨ ਵਿਚ ਊਣੇ-ਵਿਹੂਣੇ ਲੋਕਾਂ ਨੂੰ ਆਪਣੇ ਪਾਤਰਾਂ ਰਾਹੀਂ ਰੂਪਮਾਨ ਕੀਤਾ ਹੈ।ਡਾ. ਇਕਬਾਲ ਕੌਰ ਸੌਂਦ ਨੇ ਕਿਹਾ ਕਿ ਕਿਤਾਬ ਦੀਆਂ ਕਹਾਣੀਆਂ ਸਮਾਜਿਕ ਸਮੱਸਿਆਵਾਂ ਅਤੇ ਮਨੁੱਖ ਦੇ ਸੋਸ਼ਣ ਨੂੰ ਉਜਾਗਰ ਕਰਦੀਆਂ ਹਨ।
ਲੇਖਕ ਨਿਰਮਲ ਅਰਪਣ ਨੇ ਕਿਹਾ ਕਿ ਆਰਥਿਕ ਮੰਦਹਾਲੀ ਨਾਲ ਜੂਝਦੇ ਤੇ ਤੰਗੀਆਂ ਤੁਰਸ਼ੀਆਂ ਹੰਢਾਉਦੇ ਲੋਕਾਂ ਨੂੰ ਲੇਖਕ ਨੇ ਇਨ੍ਹਾਂ ਕਹਾਣੀਆਂ ਦੇ ਪਾਤਰ ਬਣਾਇਆ ਹੈ।
ਸ਼ਾਇਰਾ ਅਰਤਿੰਦਰ ਸੰਧੂ ਅਤੇ ਹਰਭਜਨ ਖੇਮਕਰਨੀ ਨੇ ਕਿਹਾ ਕਿ ਮਨਮੋਹਨ ਬਾਸਰਕੇ ਲੋੜਾਂ-ਥੁੜ੍ਹਾਂ ਤਲਾਸ਼ਦੇ ਹਾਸ਼ੀਆ-ਗ੍ਰਸਤ ਲੋਕਾਂ ਦੀ ਗੱਲ ਕਹਿੰਦਿਆਂ ਉਨ੍ਹਾਂ ਦੀ ਅੰਤਰ-ਪੀੜਾ ਨੂੰ ਬਾਖੂਬੀ ਬਿਆਨ ਕਰਦੇ ਹਨ।
ਸਾਹਿਤ ਸੰਗਮ ਦੇ ਪ੍ਰਧਾਨ ਸਰਬਜੀਤ ਸਿੰਘ ਸੰਧੂ ਅਤੇ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਮੁੱਠੀ ’ਚੋਂ ਕਿਰਦੀ ਰੇਤ ਅਤੇ ਹੋਰਨਾਂ ਕਹਾਣੀਆਂ ਰਾਹੀਂ ਲੇਖਕ ਦੀ ਗਲਪ ਖੇਤਰ ਵਿਚ ਵੱਖਰੀ ਪਛਾਣ ਬਣੀ ਹੈ।
ਕਾਵਿ-ਰਚਨਾਵਾਂ ਦੇ ਦੌਰ ਵਿਚ ਸੁਖਵੰਤ ਚੇਤਨਪੁਰੀ, ਅਮਨ ਚਾਹਲ, ਸਤਿੰਦਰ ਸਿੰਘ ਓਠੀ, ਡਾ. ਭੁਪਿੰਦਰ ਸਿੰਘ ਫੇਰੂਮਾਨ, ਕੁਲਦੀਪ ਦਰਾਜਕੇ, ਅਜੀਤ ਸਿੰਘ ਨਬੀਪੁਰ, ਰਾਜਵਿੰਦਰ ਰਾਜ, ਚੰਨ ਅਮਰੀਕ, ਰਮੇਸ਼ ਰਾਮਪੁਰਾ, ਨਰੰਜਣ ਸਿੰਘ ਨੂਰ, ਦਲਬੀਰ ਸਿੰਘ ਲਹਿਰੀ, ਬਲਜਿੰਦਰ ਮਾਂਗਟ, ਅਤਰ ਤਰਸਿੱਕਾ, ਜਗਤਾਰ ਗਿੱਲ, ਕਲਿਆਣ ਅੰਮਿ੍ਰਤਸਰੀ ਨੇ ਆਪਣੀਆਂ ਨਜ਼ਮਾਂ ਸੁਣਾਈਆਂ।
ਇਸ ਮੌਕੇ ਡਾ. ਸ਼ਿਆਮ ਸੁੰਦਰ ਦੀਪਤੀ, ਡਾ. ਕਸ਼ਮੀਰ ਸਿੰਘ, ਰਾਜਖੁਸ਼ਵੰਤ ਸਿੰਘ ਸੰਧੂ, ਕੁਲਦੀਪ ਸਿੰਘ, ਰਾਜਿੰਦਰ ਮਾਜ਼ੀ, ਤਰਸੇਮ ਬਾਵਾ, ਜਸਵਿੰਦਰ ਸਿੰਘ ਮਾਨੋਚਾਹਲ, ਬਿਕਰਮਜੀਤ ਬਾਸਰਕੇ, ਵਰਿੰਦਰ ਸਿੰਘ ਅਤੇ ਠਾਕੁਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਾਹਿਤਕਾਰ ਹਾਜ਼ਰ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media