Tuesday, March 3, 2026

ਵੀ.ਸੀ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਯੂਨੀਵਰਸਿਟੀ ਕੈਂਪਸ ‘ਚ ਲਹਿਰਾਇਆ ਕੌਮੀ ਝੰਡਾ

ਅੰਮ੍ਰਿਤਸਰ, 28 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ PPNJ2801202011ਮਨਾਇਆ ਗਿਆ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਯੂਨੀਵਰਸਿਟੀ ਦੇ ਗੈਸਟ ਹਾਊਸ ਦੇ ਬਾਹਰ ਕੌਮੀ ਝੰਡਾ ਲਹਿਰਾਇਆ।ਵੱਡੀ ਗਿਣਤੀ ਵਿਚ ਯੂਨੀਵਰਸਿਟੀ ਦੇ ਟੀਚਿੰਗ, ਨਾਨ ਟੀਚਿੰਗ ਅਧਿਕਾਰੀ, ਕਰਮਚਾਰੀ ਵਿਦਿਆਰਥੀ ਅਤੇ ਕੈਂਪਸ ਦੇ ਵਸਨੀਕ ਹਾਜ਼ਰ ਸਨ। ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਦੇਸ਼ ਪਿਆਰ ਦੇ ਗੀਤ ਪੇਸ਼ ਕੀਤੇ।
           ਵਾਈਸ ਚਾਂਸਲਰ ਪ੍ਰੋ. ਸੰਧੂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਸੂਬੇ ਦੀਆਂ ਬਾਕੀ ਯੂਨੀਵਰਸਿਟੀਆਂ ਦੇ ਮੁਕਾਬਲੇ ਜਿਥੇ ਖੋਜ, ਅਕਾਦਮਿਕ, ਖੇਡਾਂ, ਸਭਿਆਚਾਰਕ ਗਤੀਵਿਧੀਆਂ ਅਤੇ ਹੋਰਨਾਂ ਉਸਾਰੂ ਗਤੀਵਿਧੀਆਂ ਵਿਚ ਅੱਗੇ ਹੈ ਉਥੇ ਵਿਤੀ ਤੌਰ `ਤੇ ਵੀ ਮਜਬੂਤ ਹੈ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੂੰ ਵੱਧ ਤੋਂ ਵੱਧ ਗ੍ਰਾਂਟਾਂ ਲਿਆਉਣ ਅਤੇ ਈਮਾਨਦਾਰੀ ਨਾਲ ਲਾਉਣ ਦੀ ਵਚਨਬੱਚਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਸਾਰੇ ਅਧਿਆਪਕਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਭਾਰਤੀ ਸੰਵਿਧਾਨ ਵੱਲੋਂ ਮਿਲੇ ਅਧਿਕਾਰਾਂ ਦੇ ਨਾਲ ਨਾਲ ਫਰਜ਼ਾਂ ਨੂੰ ਵੀ ਨਿਭਾਉਣ `ਚ ਈਮਾਨਦਾਰੀ ਨਾਲ ਦਿਲਚਸਪੀ ਵਿਖਾਉਣ।ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਇਹ ਮਨੋਰਥ ਹੋਣਾ ਚਾਹੀਦਾ ਹੈ ਅਸੀਂ ਸਾਰੇ ਭਰਾਤਰੀ ਭਾਵ ਨਾਲ ਮਿਲਜੁਲ ਕੇ ਰਹੀਏ ਅਤੇ ਸਭ ਦਾ ਬਰਾਬਰ ਸਤਕਾਰ ਕਰੀਏ।ਉਨ੍ਹਾਂ ਨੇ ਆਉਣ ਵਾਲੇ ਸਮੇਂ ਵਿਚ ਦਰਪੇਸ਼ ਹੋਣ ਵਾਲੀਆਂ ਚੁਣੌਤੀਆਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਵਿਕਾਸ ਲਈ ਉਨ੍ਹਾਂ ਨੂੰ ਨਵੇਂ ਬਦਲ ਰਹੇ ਸਮਾਜਿਕ ਅਤੇ ਅਕਾਦਮਿਕ ਢਾਂਚੇ ਦੇ ਅਨੁਸਾਰ ਢਲ ਕੇ ਕੰਮ ਕਰਨਾ ਪਵੇਗਾ।ਉਨ੍ਹਾਂ ਕਿਹਾ ਕਿ ਕੰਮ ਕਰਨ ਦੇ ਪੁਰਾਣੇ ਢੰਗ ਤਰੀਕੇ ਛੱਡ ਕੇ ਨਵੇਂ ਉਸਾਰੂ ਅਤੇ ਹਾਂਪੱਖੀ ਢੰਗ ਵਸੀਲਿਆਂ ਨੂੰ ਅਪਨਾਉਣਾ ਚਾਹੀਦਾ ਹੈ।
             ਇਸ ਤੋਂ ਪਹਿਲਾਂ ਪ੍ਰੋਫੈਸਰ ਇੰਚਾਰਜ ਵਿਤ ਤੇ ਵਿਕਾਸ, ਪ੍ਰੋ. ਬਲਵਿੰਦਰ ਸਿੰਘ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਦਾ ਸਵਾਗਤ ਕਰਦਿਆਂ ਗਣਤੰਤਰ ਦਿਵਸ ਦੇ ਇਤਿਹਾਸ ਤੋਂ ਜਾਣੂ ਕਰਵਉਂਦਿਆਂ ਕਿਹਾ ਕਿ ਹੁਣ ਤਕ ਇਸ ਵਿਚ 104 ਸੋਧਾਂ ਹੋ ਚੁੱਕੀਆਂ ਹਨ ਜਿਸ ਤੋਂ ਭਾਰਤੀ ਸੰਵਿਧਾਨ ਦੇ ਲਚਕੀਲੇ ਅਤੇ ਮਹਾਨ ਹੋਣ ਦਾ ਪਤਾ ਲਗਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਜ਼ਾਦੀ ਦੇਸ਼ ਭਗਤਾਂ ਵੱਲੋਂ ਕੀਤੀਆਂ ਗਈਆਂ ਅਥਾਹ ਕੁਰਬਾਨੀਆਂ ਤੋਂ ਮਿਲੀ ਹੈ।ਹੁਣ ਇਸ ਨੂੰ ਸੰਭਾਲ ਰੱਖਣਾ ਸਾਡਾ ਸਾਰਿਆਂ ਦਾ ਮੁੱਖ ਫਰਜ਼ ਹੋਣਾ ਚਾਹੀਦਾ ਹੈ।
              ਯੂਨੀਵਰਸਿਟੀ ਦੇ ਰਜਿਸਟਰਾਰ, ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਅਤੇ ਗਣਤੰਤਰ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਪਿਛਲੇ ਸਾਲਾਂ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਉਂਦਿਆਂ ਅਗਲੇ ਸਾਲਾਂ ਵਿਚ ਕੀਤੇ ਜਾਣ ਵਾਲੇ ਕਾਰਜਾਂ `ਚ ਪਹਿਲਾਂ ਦੀ ਤਰ੍ਹਾਂ ਸਹਿਯੋਗ ਦੇਣ ਦੀ ਅਪੀਲ਼ ਕੀਤੀ।
ਇਸ ਮੌਕੇ ਵਿਦਿਆਰਥੀਆਂ ਵੱਲੋਂ “ਹਮ ਲਾਏ ਹੈਂ ਤੁਫਾਨ ਸੇ ਕਸ਼ਤੀ ਨਿਕਾਲ ਕੇ ਇਸ ਦੇਸ਼ ਕੋ ਐ ਦੋਸਤੋ ਰਖਨਾ ਸੰਭਾਲ ਕੇ”, “ਆਈ ਆਈ ਰੇ ਬਸੰਤ ਰਿਤੂ ਆਈ”, ਹਿੰਦ ਵਾਸੀਓ ਰੱਖਣਾ ਯਾਦ ਸਾਨੂੰ” ਆਦਿ ਗੀਤ ਗਾ ਕੇ ਮਾਹੌਲ ਨੂੰ ਚੜ੍ਹੇ ਬਸੰਤ ਅਤੇ ਦੇਸ਼ ਭਗਤੀ ਦੇ ਰੰਗਾਂ ਵਿਚ ਰੰਗ ਦਿੱਤਾ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply