ਚੰਡੀਗੜ, 28 ਜਨਵਰੀ (ਪੰਜਾਬ ਪੋਸਟ ਬਿਊਰੋ) – ਰਾਜਸਥਾਨ ਦੀ ਸਰਹੱਦ ਨਾਲ ਲੱਗਦੇ ਦੱਖਣੀ ਪੰਜਾਬ ਦੇ ਗੁਆਂਢੀ ਇਲਾਕਿਆਂ ਵਿੱਚ ਟਿੱਡੀ ਦਲ ਵਲੋਂ ਫਸਲਾਂ `ਤੇ ਕੀਤੇ ਹਮਲੇ `ਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੇਂਦਰੀ ਵਿਦੇਸ਼ ਮੰਤਰਾਲੇ ਅਤੇ ਪਾਕਿਸਤਾਨ ਸਥਿਤ ਭਾਰਤੀ ਹਾਈ ਕਮਿਸ਼ਨ ਨੂੰ ਪਾਕਿਸਤਾਨ ਸਰਕਾਰ ਕੋਲ ਟਿੱਡੀ ਦਲ ਦਾ ਮੁੱਦਾ ਤੁਰੰਤ ਉਠਾਉਣ ਦੇ ਨਿਰਦੇਸ਼ ਦੇਣ ਦੀ ਅਪੀਲ ਕੀਤੀ ਜੋ ਇਹ ਦਲ ਗੁਆਂਢੀ ਮੁਲਕ ਤੋਂ ਉਤਪੰਨ ਹੋ ਰਿਹਾ ਹੈ।
ਪ੍ਰਧਾਨ ਮੰਤਰੀ ਨੂੰ ਲਿਖੇ ਇੱਕ ਪੱਤਰ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲ ਹੀ `ਚ ਰਾਜਸਥਾਨ ਵਿੱਚ ਫਸਲਾਂ ਉੱਤੇ ਟਿੱਡੀ ਦਲ ਦਾ ਲਗਾਤਾਰ ਹਮਲਾ ਹੋਇਆ ਹੈ। ਇਸ ਟਿੱਡੀ ਦਲ ਦੀ ਕਾਫੀ ਗਿਣਤੀ ਦੱਖਣੀ ਪੰਜਾਬ ਦੇ ਨੇੜਲੇ ਇਲਾਕਿਆਂ ਵਿਚ ਵੀ ਦਾਖਲ ਹੋ ਗਿਆ ਹੈ।
ਉਨਾਂ ਨੇ ਲਿਖਿਆ, ““ਹਾਲਾਂਕਿ, ਰਾਜਸਥਾਨ ਇਸ ਟਿੱਡੀ ਦਲ ਦੇ ਹਮਲੇ `ਤੇ ਕਾਬੂ ਪਾਉਣ ਲਈ ਲੋੜੀਂਦੀ ਕਾਰਵਾਈ ਕਰ ਰਿਹਾ ਹੈ। ਇਸ ਦੇ ਕੰਟਰੋਲ ਦਾ ਸਭ ਤੋਂ ਵਧੀਆ ਤਰੀਕਾ ਇਸ ਦੇ ਪ੍ਰਜਨਨ ਖੇਤਰ ਦਾ ਢੁੱਕਵਾਂ ਬੰਦੋਬਸਤ ਕਰਨਾ ਹੈ, ਜੋ ਇਤਫਾਕਵਸ ਪਾਕਿਸਤਾਨ ਦੇ ਨਾਲ ਲੱਗਦੇ ਮਾਰੂਥਲ ਖੇਤਰ ਵਿੱਚ ਪੈਂਦਾ ਹੈ।“
ਮੁੱਖ ਮੰਤਰੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ (ਐਫ.ਏ.ਓ) ਜੋ ਕਿ ਆਲਮੀ ਪੱਧਰ `ਤੇ ਟਿੱਡੀ ਦਲ ਨੂੰ ਕੰਟਰੋਲ ਕਰਨ ਲਈ ਕੰਮ ਕਰਦੀ ਹੈ, ਨੂੰ ਵੀ ਟਿੱਡੀ ਦਲ ਦੇ ਪ੍ਰਜਨਨ ਨੂੰ ਕੰਟਰੋਲ ਕਰਨ ਲਈ ਪਾਕਿਸਤਾਨ ਵਿੱਚ ਪ੍ਰਭਾਵਸ਼ਾਲੀ ਕਦਮ ਚੁੱਕਣ ਲਈ ਕਿਹਾ ਜਾ ਸਕਦਾ ਹੈ।ਉਨਾਂ ਅੱਗੇ ਕਿਹਾ ਕਿ ਰਾਸ਼ਟਰੀ ਪੱਧਰ `ਤੇ ਇਸ ਮਹਾਂਮਾਰੀ ਦੇ ਫੈਲਾਅ `ਤੇ ਕਾਬੂ ਪਾਉਣ ਸਬੰਧੀ ਕੀਟਨਾਸ਼ਕਾਂ ਦੇ ਛਿੜਕਾਅ ਲਈ ਆਧੁਨਿਕ ਤਕਨਾਲੋਜੀ, ਹੈਲੀਕਾਪਟਰਾਂ ਅਤੇ ਡਰੋਨਾਂ ਦੀ ਵਰਤੋਂ ਕਰਕੇ ਪ੍ਰਭਾਵਸ਼ਾਲੀ ਟਿੱਡੀ ਨਿਯੰਤਰਣ ਵਿਧੀ ਨੂੰ ਆਪਣਾਉਣਾ ਚਾਹੀਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਚੇਤਾਵਨੀ ਦਿੱਤੀ ਕਿ ਜੇਕਰ ਟਿੱਡੀ ਦਲ ਦੇ ਹਮਲਿਆਂ ਨੂੰ ਨਾ ਰੋਕਿਆ ਗਿਆ ਤਾਂ ਭਾਰਤ ਖਾਸ ਤੌਰ `ਤੇ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਗੁਜਰਾਤ ਸੂਬਿਆਂ ਦੇ ਖੇਤੀਬਾੜੀ ਉਤਪਾਦਨ `ਤੇ ਗੰਭੀਰ ਅਸਰ ਪੈ ਸਕਦਾ ਹੈ… ਜਿਸ ਨਾਲ ਵਸਤਾਂ ਦੀਆਂ ਕੀਮਤਾਂ ਅਤੇ ਭੋਜਨ ਸੁਰੱਖਿਆ ਵੀ ਪ੍ਰਭਾਵਿਤ ਹੋਵੇਗੀ।
ਕਾਬਲੇਗੌਰ ਹੈ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ `ਤੇ, ਖੇਤੀਬਾੜੀ ਵਿਭਾਗ ਨੇ ਪਹਿਲਾਂ ਹੀ ਦੱਖਣੀ ਪੰਜਾਬ ਦੇ ਪ੍ਰਭਾਵਿਤ ਹਿੱਸਿਆਂ ਵਿੱਚ ਵਿਸ਼ੇਸ਼ ਨਿਗਰਾਨੀ ਅਤੇ ਸਰਵੇਖਣ ਵਾਸਤੇ ਕਈ ਟੀਮਾਂ ਨੂੰ ਇਸ ਸਮੱਸਿਆ ਨਾਲ ਨਜਿੱਠਣ ਲਈ ਤਾਇਨਾਤ ਕੀਤਾ ਹੈ। ਇਹ ਟੀਮਾਂ ਰਾਜਸਥਾਨ ਦੀ ਸਰਹੱਦ ਦੇ ਆਸ ਪਾਸ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲਿਆਂ ਦਾ ਨਿਰੰਤਰ ਸਰਵੇਖਣ ਕਰ ਰਹੀਆਂ ਹਨ।
ਇਸ ਤੋਂ ਇਲਾਵਾ ਵਧੀਕ ਮੁੱਖ ਸਕੱਤਰ (ਵਿਕਾਸ) ਵਿਸਵਾਜੀਤ ਖੰਨਾ ਮੌਜੂਦਾ ਹਾਲਾਤ ਦਾ ਜਾਇਜ਼ਾ ਲੈਣ ਅਤੇ ਟਿੱਡੀ ਦਲ ਤੋਂ ਪੈਦਾ ਹੋਈ ਕਿਸੇ ਵੀ ਅਣਸੁਖਾਵੇਂ ਹਾਲਾਤ ਨਾਲ ਨਜਿੱਠਣ ਲਈ ਬਹੁ-ਪੱਖੀ ਰਣਨੀਤੀ ਤਿਆਰ ਕਰਨ ਵਾਸਤੇ ਅਬੋਹਰ ਅਤੇ ਆਸ ਪਾਸ ਦੇ ਇਲਾਕਿਆਂ ਦਾ ਵੀ ਵਿਆਪਕ ਦੌਰਾ ਕਰ ਰਹੇ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …