ਲੌਂਗੋਵਾਲ, 1 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੀ ਬਰਸੀ ਮੌਕੇ ਧਾਰਮਿਕ ਸਮਾਗਮ ਅਤੇ
ਸਾਲਾਨਾ ਜੋੜ ਮੇਲੇ ਦੇ ਪਹਿਲੇ ਦਿਨ ਵੱਖ-ਵੱਖ ਪਿੰਡਾਂ ਦੇ ਗੁਰੂ ਘਰਾਂ ਤੋਂ ਪਹੁੰਚੇ ਜਿਥੇ ਨਗਰ ਕੀਰਤਨਾਂ ਦਾ ਕੀਤਾ ਭਰਵਾਂ ਸਵਾਗਤ ਕੀਤਾ ਗਿਆ, ਉਥੇ ਗੁਰਦੁਆਰਾ ਵਿਖੇ ਪ੍ਰਬੰਧਕਾਂ ਦੀ ਨਿਗਰਾਨੀ ਹੇਠ ਵੱਖ-ਵੱਖ ਗੁਰੂਘਰਾਂ ਵਿਖੇ ਸ੍ਰੀ ਅਖੰਡ ਪਾਠ ਅਰੰਭ ਕੀਤੇ ਗਏ।ਖੁੱਲੇ ਪੰਡਾਲ ਵਿਚ ਸੰਤ ਸੇਵਕ ਜਥਾ ਬਿਹੰਗਮ ਸੰਪਰਦਾਇ ਮਸਤੂਆਣਾ ਸਾਹਿਬ ਦੇ ਪ੍ਰਧਾਨ ਸੰਤ ਛੋਟਾ ਸਿੰਘ ਦਮਦਮਾ ਸਾਹਿਬ ਵਾਲੇ, ਸੰਤ ਗਿਆਨੀ ਹਰੀ ਸਿੰਘ ਰੰਧਾਵੇ ਵਾਲੇ, ਸੰਤ ਕਸ਼ਮੀਰਾ ਸਿੰਘ ਅਲਹੌਰਾਂ ਵਾਲੇ, ਹਜੂਰੀ ਪ੍ਰਚਾਰਕ ਸੰਤ ਬਲਜੀਤ ਸਿੰਘ ਫੱਕਰ ਅਕੋਈ ਸਾਹਿਬ ਵਾਲੇ, ਬਾਬਾ ਪਰਮਪ੍ਰੀਤ ਸਿੰਘ ਨੱਥਮਲਪੁਰ ਵਾਲੇ, ਬਾਬਾ ਮੁਖਤਿਆਰ ਸਿੰਘ ਮੁੱਖੀ ਯੂਐਸਏ ਵਾਲਿਆਂ ਤੋਂ ਇਲਾਵਾ ਹੋਰ ਸਾਧੂ ਸੰਤ ਮਹਾਤਮਾ ਵਲੋਂ ਦੀਵਾਨ ਸਜਾ ਕੇ ਸੰਗਤਾਂ ਨੂੰ ਗੁਰ ਇਤਿਹਾਸ ਬਾਰੇ ਚਾਨਣਾ ਪਾਇਆ।ਸਾਲਾਨਾ ਜੋੜ ਮੇਲੇ ਦੇ ਪਹਿਲੇ ਦਿਨ ਜਿਥੇ ਸੰਗਤਾਂ ਨੇ ਮਸਤੂਆਣਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਪਹੁੰਚ ਕੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਵੱਖ-ਵੱਖ ਕੀਰਤਨੀ ਜਥਿਆਂ ਵਲੋਂ ਕੀਤੇ ਗੁਰੂ ਦਾ ਹਰ ਜਸ ਕੀਰਤਨ ਦਾ ਅਨੰਦ ਮਾਣਿਆ, ਉਥੇ ਇਲਾਕੇ ਦੀਆਂ ਸਰਧਾਲੂ ਸੰਗਤਾਂ ਨੇ ਪਵਿੱਤਰ ਸਰੋਵਰ ‘ਚ ਇਸ਼ਨਾਨ ਕੀਤਾ ਅਤੇ ਦੇਗਾਂ ਕਰਵਾਈਆਂ ਗਈਆਂ।
ਸੰਤਾਂ ਦੀ ਬਰਸੀ ਨੂੰ ਸਮਰਪਿਤ ਗੁਰਦੁਆਰਾ ਜੋਤੀ ਸਰੂਪ ਸੰਗਰੂਰ ਤੋਂ ਵਿਸ਼ਾਲ ਅਲੌਕਿਕ ਨਗਰ ਕੀਰਤਨ ਬਾਬਾ ਜਸਵੰਤ ਸਿੰਘ ਜੋਤੀ ਸਰੂਪ ਵਾਲਿਆਂ ਦੀ ਨਿਗਰਾਨੀ, ਗੁਰਦੁਆਰਾ ਬਾਬਾ ਗੁਰਦਿੱਤਾ ਜੀ ਤਪਾ ਦਰਾਜ਼ ਤੋਂ ਬਾਬਾ ਜਗਰੂਪ ਸਿੰਘ ਕੱਟੂ ਵਾਲਿਆਂ ਅਤੇ ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ ਤੋਂ ਬਾਬਾ ਇਕਬਾਲ ਸਿੰਘ ਦੀ ਨਿਗਰਾਨੀ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਯੋਗ ਅਗਵਾਈ ਵਿੱਚ ਮਸਤੂਆਣਾ ਸਾਹਿਬ ਵਿਖੇ ਦੇਰ ਸ਼ਾਮ ਨੂੰ ਪਹੁੰਚਿਆ।
ਨਗਰ ਕੀਰਤਨਾਂ ਦੇ ਮਸਤੂਆਣਾ ਸਾਹਿਬ ਵਿਖੇ ਪਹੁੰਚਣ ‘ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਸਿੰਘਾਂ ਸਮੇਤ ਹੋਰ ਸੇਵਾਦਾਰਾਂ ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪਾਉ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲੇ ਭੇਟ ਕਰਕੇ ਭਰਵਾਂ ਸਵਾਗਤ ਕੀਤਾ ਗਿਆ।ਮੁੱਖ ਗ੍ਰੰਥੀ ਬਾਬਾ ਸੁਖਦੇਵ ਸਿੰਘ, ਜਥੇਦਾਰ ਹਰਜੀਤ ਸਿੰਘ, ਜਥੇਦਾਰ ਬਹਾਦਰ ਸਿੰਘ ਭਸੌੜ, ਭੁਪਿੰਦਰ ਸਿੰਘ ਗਰੇਵਾਲ, ਨੰਬਰਦਾਰ ਹਰਚਰਨ ਸਿੰਘ, ਜਥੇਦਾਰ ਬਲਦੇਵ ਸਿੰਘ ਭੰਮਾਵੱਦੀ, ਗੁਰਜੰਟ ਸਿੰਘ ਦੁੱਗਾਂ, ਸਿਆਸਤ ਸਿੰਘ ਗਿੱਲ, ਅਮਰਜੀਤ ਸਿੰਘ ਜਵੰਧਾ, ਬਾਬਾ ਭਰਪੂਰ ਸਿੰਘ ਚੰਗਾਲ, ਭਾਈ ਗੋਪਾਲ ਸਿੰਘ ਦਰਦੀ, ਗਮਦੂਰ ਸਿੰਘ ਖਹਿਰਾ, ਜਥੇਦਾਰ ਗੁਲਜਾਰਾ ਸਿੰਘ ਕੱਟੂ, ਹਾਕਮ ਸਿੰਘ ਬਹਾਦਰਪੁਰ, ਮੈਨੇਜਰ ਹਰਬੰਸ ਸਿੰਘ, ਭਾਈ ਬਲਵਿੰਦਰ ਸਿੰਘ ਲੌਂਗੋਵਾਲ, ਬਲਵੰਤ ਸਿੰਘ ਸਿੱਧੂ, ਪਰਮਜੀਤ ਸਿੰਘ ਚੰਗਾਲ, ਚਰਨਜੀਤ ਸਿੰਘ ਸਿੱਧੂ, ਮਨਜੀਤ ਸਿੰਘ ਚੰਗਾਲ ਅਤੇ ਵੱਡੀ ਗਿਣਤੀ ਵਿੱਚ ਕੌਂਸਲ ਮੈਂਬਰ ਮੌਜੂਦ ਸਨ।ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਦੱਸਿਆ ਕਿ 31 ਜਨਵਰੀ ਨੂੰ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਉਚ ਕੋਟੀ ਦੇ ਵਿਦਵਾਨ ਗੁਣੀ ਗਿਆਨੀ-ਮਹਾਪੁਰਸ਼, ਰਾਗੀ, ਢਾਡੀ ਜਥਿਆਂ ਸਮੇਤ ਸਾਧੂ, ਸੰਤ, ਮਹਾਤਮਾਂ ਸਮੇਤ ਸੰਤ ਅਤਰ ਸਿੰਘ ਗੁਰਸਾਗਰ ਮਸਤੂਆਣਾ ਟਰੱਸਟ ਦੇ ਚੇਅਰਮੈਨ ਸੁਖਦੇਵ ਸਿੰਘ ਢੀਂਡਸਾ, ਸੰਤ ਕਾਕਾ ਸਿੰਘ ਦਮਦਮਾ ਸਾਹਿਬ ਵਾਲੇ ਅਤੇ ਹਲਕੇ ਦੀਆਂ ਮੋਹਤਵਰ ਸ਼ਖਸੀਅਤਾਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸੰਤ ਬਾਬਾ ਅਤਰ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੀਆਂ।ਇਸ ਤੋਂ ਇਲਾਵਾ ਮੁੱਖ ਪੰਡਾਲ ਵਿਖੇ ਸੰਤ ਜਗਜੀਤ ਸਿੰਘ ਹਰਖੋਵਾਲ ਵਾਲੇ ਕਥਾ ਵੀਚਾਰਾਂ ਅਤੇ ਪੰਥ ਪ੍ਰਸਿੱਧ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਵਾਲੇ ਦਾ ਜਥਾ ਸੰਗਤਾਂ ਨੂੰ ਢਾਡੀ ਵਾਰਾਂ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ।ਉਪਰੰਤ ਰਾਤ ਸਮੇਂ ਧਾਰਮਿਕ ਫਿਲਮਾਂ ਵੀ ਵਿਖਾਈਆਂ ਜਾਣਗੀਆਂ। ਉਧਰ ਜੋੜ ਮੇਲੇ ਨੂੰ ਲੈ ਕੇ ਦੁਕਾਨਦਾਰਾਂ ਵਲੋਂ ਵੱਖ-ਵੱਖ ਤਰਾਂ ਦੀਆਂ ਦੁਕਾਨਾਂ ਅਤੇ ਝੂਲੇ ਲਗਾਏ ਗਏ, ਜਿਥੇ ਇਲਾਕੇ ਦੀਆਂ ਸੰਗਤਾਂ ਨੇ ਖੂਬ ਖਰੀਦੋ ਫਿਰੋਕਤ ਕੀਤੀ ਅਤੇ ਬੱਚਿਆਂ ਨੇ ਝੂਲਿਆਂ ਦਾ ਖੂਬ ਅਨੰਦ ਮਾਣਿਆ।
ਇਸ ਮੌਕੇ ਅਕਾਲ ਬੀਜ ਫਾਰਮ ਵਲੋਂ ਕਿਸਾਨਾਂ ਲਈ ਵੱਖ-ਵੱਖ ਤਰਾਂ ਖੇਤੀ ਸੰਦਾਂ ਅਤੇ ਬੀਜ਼ਾਂ ਸਬੰਧੀ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ।ਸੰਗਤਾਂ ਵਾਸਤੇ ਨੇੜਲੇ ਚਾਰ ਦਰਜਨ ਦੇ ਕਰੀਬ ਪਿੰਡਾਂ ਵਲੋਂ ਲੰਗਰ ਲਗਾਏ ਗਏ।ਪੁਲਿਸ ਪ੍ਰਸ਼ਾਸਨ ਵਲੋਂ ਟਰੈਫ਼ਿਕ ਦੀ ਸਮੱਸਿਆ ਨੂੰ ਦੂਰ ਕਰਨ ਲਈ ਵਧੀਆ ਪ੍ਰਬੰਧ ਕੀਤੇ ਗਏ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media