ਸੰਗੀਤ ਸਾਡੀ ਰੂਹ ਅਤੇ ਸਰੀਰ ਨੂੰ ਤਣਾਓ ਮੁਕਤ ਕਰਦਾ ਹੈ – ਡਾ. ਬੈਨੀਪਾਲ
ਸਮਰਾਲਾ, 11 ਫਰਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਐਸ.ਕੇ ਸਕੂਲ ਆਫ ਮਿਊਜ਼ਿਕ ਸਮਰਾਲਾ ‘ਚ ਸੰਗੀਤ ਦੇ ਪ੍ਰਚਾਰ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ
ਉਤਸ਼ਾਹਿਤ ਕਰਨ ਲਈ ਇੱਕ ਸੰਗੀਤਕ ਮਹਿਫ਼ਲ ਸਜਾਈ ਗਈ।ਜਿਸ ਵਿੱਚ ਮਾ. ਤਰਸੇਮ ਕੁਮਾਰ ਸ਼ਰਮਨ ਅਤੇ ਪ੍ਰਿੰਸੀਪਲ ਪਰਮਿੰਦਰ ਸਿੰਘ ਬੈਨੀਪਾਲ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।ਮਹਿਫ਼ਲ ਦੀ ਸ਼ੁਰੂਆਤ ਗੁਰਸਿਮਰਨ ਕੌਰ ਅਤੇ ਗੁਰਅਰਪਿਤ ਕੌਰ ਦੇ ਸ਼ਬਦ ਗਾਇਨ ਨਾਲ ਹੋਈ।
ਇਸ ਉਪਰੰਤ ਗੁਰਕੀਰਤ, ਧਰੁਵਦੀਪ ਅਤੇ ਮੇਹਰਦੀਪ ਨੇ ਤਬਲੇ ਦੀ ਜੁਗਲਬੰਦੀ ਵਿੱਚ ਤਾਲ ਦਾਦਰਾ ਅਤੇ ਤਾਲ ਕਹਿਰਵਾ ਪੇਸ਼ ਕੀਤੀਆਂ।ਸਕੂਲ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤਾ ਗਏ ਸਮੂਹ ਗਾਨ ‘ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ’ ਨੇ ਸਰੋਤਿਆਂ ਦਾ ਮਨ ਮੋਹਿਆ।ਸਕੂਲ ਦੇ ਡਾਇਰੈਕਟਰ ਡਾ. ਗਵੀਸ਼ ਨੇ ਮੰਚ ਸੰਚਾਲਨ ਕਰਦਿਆਂ ਵਿਦਿਆਰਥੀ ਦੇ ਜੀਵਨ ਵਿੱਚ ਸੰਗੀਤ ਦੀ ਮਹੱਤਤਾ ਬਾਰੇ ਆਪਣੀ ਗੱਲ ਰੱਖਦਿਆਂ ਦੱਸਿਆ ਕਿ ਜਿਹੜੇ ਵਿਦਿਆਰਥੀ ਸੰਗੀਤ ਤੇ ਬਾਕੀ ਕਲਾਵਾਂ ਨਾਲ ਜੁੜਦੇ ਹਨ, ਉਨ੍ਹਾਂ ਦਾ ਦਿਮਾਗੀ ਵਿਕਾਸ ਬਿਹਤਰ ਤਰੀਕੇ ਨਾਲ ਹੰੁਦਾ ਹੈ।ਉਹ ਬਾਕੀ ਵਿਸ਼ਿਆਂ ਵਿੱਚ ਵੀ ਬਿਹਤਰ ਪ੍ਰਦਸ਼ਨ ਕਰਦੇ ਹਨ।ਇਸ ਤੋਂ ਬਾਅਦ ਉਨ੍ਹਾਂ ਨੇ ਇਨਕਲਾਬੀ ਗੀਤ ‘ਸੋਨੇ ਦੀ ਸਵੇਰ’ ਪੇਸ਼ ਕਰਕੇ ਇਨਕਲਾਬ ਦਾ ਸੁਨੇਹਾ ਦਿੱਤਾ।ਅਭੀ ਅਤਰੇ ਨੇ ਦੇਸ਼ ਵਿੱਚ ਆਏ ਰਾਜਨੀਤਿਕ ਨਿਘਾਰ, ਫਿਰਕੂਵਾਦ, ਬੇਰੁਜ਼ਗਾਰੀ ਅਤੇ ਮਹਿੰਗਾਈ ਤੇ ਚੋਟ ਕਰਦਾ ਗੀਤ ‘ਉਠ ਜਵਾਨਾ’ ਪੇਸ਼ ਕੀਤਾ।ਸਮੀਰ ਖੁੱਲਰ ਅਤੇ ਹੈਪੀ ਨੇ ਸਰਵਰਪੁਰ ਦੇ ਮਰਹੂਮ ਸੰਗੀਤਕਾਰ ਕੇ.ਐਸ ਬੱਗਾ ਵਲੋਂ ਬਣਾਈ ਧੁੰਨ ਵਿੱਚ ‘ਮੈਨੂੰ ਦੇਸ਼ ਪਿਆਰਾ’ ਗੀਤ ਗਾ ਕੇ ਸਰੋਤਿਆਂ ਦੀ ਵਾਹ ਵਾਹ ਖੱਟੀ। ਉਚੇਚੇ ਤੌਰ ‘ਤੇ ਪਹੁੰਚੇ ਅਦਾਕਾਰ ਅਤੇ ਡਾਂਸ ਅਧਿਆਪਕ ਗੁਰਪ੍ਰੀਤ ਗੋਪਨ ਦੀ ਬੇਟੀ ਦਿਲਮਨ ਨੇ ਬੋਲੀਆਂ ਪਾ ਕੇ ਅਤੇ ਪਿਆਰੀ ਸਾਂਭਵੀ ਨੇ ਮੂਲ ਮੰਤਰ ਦਾ ਜਾਪ ਕਰਕੇ ਸਰੋਤਿਆਂ ਦਾ ਦਿਲ ਜਿੱਤਿਆ।
ਵਿਸ਼ੇਸ਼ ਸੱਦੇ ‘ਤੇ ਆਏ ਸ਼੍ਰੋਮਣੀ ਬਾਲ ਸਾਹਿਤਕਾਰ ਪੁਰਸਕਾਰ ਵਿਜੇਤਾ, ਮਸ਼ਹੂਰ ਗਾਇਕ, ਲੇਖਕ ਅਤੇ ਬੱਚਿਆਂ ਦੇ ਚਹੇਤੇ ਕਮਲਜੀਤ ਨੀਲੋਂ ਨੇ ਆਪਣਾ ਲਿਖਿਆ ਗੀਤ ‘ਤਿਰੰਗਾ’ ਪੇਸ਼ ਕੀਤਾ ਅਤੇ ਸ਼ਹੀਦਾਂ ਵਲੋਂ ਦਿੱਤੀਆਂ ਮਹਾਨ ਕੁਰਬਾਨੀਆਂ ਨੂੰ ਚੇਤੇ ਕਰਵਾਇਆ।
ਮਸ਼ਹੂਰ ਫ਼ਿਲਮ ਅਦਾਕਾਰ ਅਤੇ ਡਾਇਰੈਕਟਰ ਰਾਜਵਿੰਦਰ ਸਮਰਾਲਾ ਨੇ ਸਰੋਤਿਆਂ ਨਾਲ ਰੂਬਰੂ ਹੰੁਦਿਆਂ ਕਲਾ ਦੇ ਮਹੱਤਵ ਬਾਰੇ ਆਪਣੇ ਵਿਚਾਰ ਰੱਖੇ ਅਤੇ ਉਨ੍ਹਾਂ ਨੇ ਐਸ.ਕੇ ਸਕੂਲ ਆਫ ਮਿਊੂਜ਼ਿਕ ਦੀ ਕਾਰਗੁਜ਼ਾਰੀ ਦੀ ਸਰਹਾਨਾ ਕੀਤੀ ਅਤੇ ਭਵਿੱਖ ਵਿੱਚ ਹੋਰ ਬਿਹਤਰ ਕਰਨ ਲਈ ਕਈ ਸੁਝਾਅ ਵੀ ਦਿੱਤੇ।
ਮੱੁਖ ਮਹਿਮਾਨ ਤਰਸੇਮ ਕੁਮਾਰ ਸ਼ਰਮਨ ਨੇ ਸਰੋਤਿਆਂ ਨਾਲ ਮੁਖਾਤਿਬ ਹੁੰਦਿਆਂ ਦੱਸਿਆ ਕਿ ਸੰਗੀਤ ਇੱਕ ਜਾਦੂਈ ਸ਼ਕਤੀ ਹੈ, ਜੋ ਵਿਅਕਤੀ ਨੂੰ ਇਕਾਗਰ ਕਰਨ ਅਤੇ ਸ਼ਾਂਤ ਚਿੱਤ ਕਰਦੀ ਹੈ।ਪ੍ਰਿੰਸੀਪਲ ਪਰਮਿੰਦਰ ਬੈਨੀਪਾਲ (ਡਾ.) ਨੇ ਦੇਸ਼ ਵਿੱਚ ਵਧ ਰਹੇ ਫਾਸ਼ੀਵਾਦ ਅਤੇ ਫਿਰਕੂਵਾਦ ‘ਤੇ ਚਿੰਤਾ ਜਤਾਈ।ਪਰ ਨਾਲ ਹੀ ਉਨ੍ਹਾਂ ਨੇ ਉਮੀਦ ਜ਼ਾਹਿਰ ਕੀਤੀ ਕਿ ਜਲਦੀ ਹੀ ਹਾਲਾਤ ਬਿਹਤਰ ਹੋਣਗੇ।ਉਨ੍ਹਾਂ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਚੰਗਾ ਅਤੇ ਉਸਾਰੂ ਸੰਗੀਤ ਰਚਣ ਦੀ ਪ੍ਰੇਰਣਾ ਦਿੱਤੀ।
ਅੰਤ ਵਿੱਚ ਦੋ ਵਿਛੜੀਆਂ ਰੂਹਾਂ ਪ੍ਰੋ. ਦਲੀਪ ਕੌਰ ਟਿਵਾਣਾ ਅਤੇ ਜਸਵੰਤ ਸਿੰਘ ਕੰਵਲ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਕਲਾ, ਸਾਹਿਤ ਦੇ ਖੇਤਰ ਵਿੱਚ ਦਿੱਤੇ ਯੋਗਦਾਨ ਲਈ ਉਨ੍ਹਾਂ ਨੂੰ ਯਾਦ ਕੀਤਾ ਗਿਆ।ਇਸ ਮੌਕੇ ਮਾ. ਜੈਦੀਪ ਮੈਨਰੋ, ਮਾ. ਰਾਜੀਵ ਵਡੇਰਾ, ਮਾ. ਪਰਮਿੰਦਰ ਸਿੰਘ, ਰਾਜੀਵ ਖੁੱਲਰ, ਗਗਨ ਗੱਗੀ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।ਸਕੂਲ ਦੇ ਸਰਪ੍ਰਸਤ ਪਰਮਜੀਤ ਰਾਏ ਵਲੋਂ ਆਈਆਂ ਸਖਸ਼ੀਆਤਾਂ ਦਾ ਇਥੇ ਆਉਣ ‘ਤੇ ਧੰਨਵਾਦ ਕੀਤਾ ਗਿਆ।
Punjab Post Daily Online Newspaper & Print Media