ਲੌਂਗੋਵਾਲ, 15 ਫਰਵਰੀ (ਪੰਜਾਬ ਪੋਸਟ – ਜਗਸੀਰ ਸਿੰਘ) – ਸਥਾਨਕ ਪਿੰਡੀ ਕੇਹਰ ਸਿੰਘ ਵਾਲਾ ਰੋਡ ‘ਤੇ ਸਥਿਤ ਸਿਮਰਨ ਪਬਲਿਕ ਸਕੂਲ ਦੇ ਚਾਰ ਮਾਸੂਮ
ਬੱਚਿਆਂ ਦੀ ਸਕੂਲ ਵੈਨ ਨੂੰ ਅੱਗ ਲੱਗਣ ਨਾਲ ਮੌਤ ਹੋ ਗਈ ਹੈ।ਮਿਲੀ ਜਾਣਕਾਰੀ ਅਨੁਸਾਰ ਸਿਮਰਨ ਪਬਲਿਕ ਸਕੂਲ ਦੇ 12 ਨੰਨ੍ਹੇ ਵਿਦਿਆਰਥੀ ਜਿਨ੍ਹਾਂ ਦੀ ਉਮਰ 4 ਤੋਂ 5 ਸਾਲ ਸੀ ਸਕੂਲ ਤੋਂ ਛੁੱਟੀ ਹੋਣ ‘ਤੇ ਦੁਪਹਿਰੇ ਸਕੂਲ ਵੈਨ ਵਿੱਚ ਸਵਾਰ ਹੋ ਕੇ ਘਰਾਂ ਨੂੰ ਵਾਪਸ ਜਾ ਰਹੇ ਸਨ ਤਾਂ ਸਕੂਲ ਤੋਂ ਕੁੱਝ ਹੀ ਦੂਰੀ ‘ਤੇ ਵੈਨ ਨੂੰ ਤੇਲ ਦੀ ਟੈਂਕੀ ਕੋਲ ਸਪਾਰਕਿੰਗ ਹੋਣ ਨਾਲ ਭਿਆਨਕ ਅੱਗ ਲੱਗ ਗਈ।ਜਿਸ ਕਾਰਨ ਕਮਲਪ੍ਰੀਤ ਕੌਰ, ਨਵਜੋਤ ਕੌਰ ਅਤੇ ਸਿਮਰਨਜੀਤ ਕੌਰ ਤੇ ਰਾਧਾ ਦੀ ਦਰਦਨਾਕ ਮੌਤ ਹੋ ਗਈ।8 ਜ਼ਖਮੀ ਬੱਚਿਆਂ ਨੂੰ ਇਲਾਜ਼ ਲਈ ਪੀ.ਜੀ.ਆਈ ਚੰਡੀਗੜ ਵਿਖੇ ਭੇਜਿਆ ਗਿਆ ਹੈ।ਇਸ ਘਟਨਾ ਤੋਂ ਬਾਅਦ ਰੋਹ ਵਿੱਚ ਆਏ ਮਾਪਿਆਂ ਅਤੇ ਕਸਬਾ ਨਿਵਾਸੀਆਂ ਨੇ ਸਕੂਲ ਵਿਖੇ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਸਕੂਲ ਪ੍ਰਬੰਧਕਾਂ ਖਿਲਾਫ ਧਾਰਾ 302 ਅਧੀਨ ਮੁਕੱਦਮਾ ਦਰਜ਼ ਕਰਨ ਅਤੇ ਸਕੂਲ ਨੂੰ ਹਮੇਸ਼ਾਂ ਲਈ ਬੰਦ ਕਰਨ ਦੀ ਮੰਗ ਰੱਖੀ।
ਇਸ ਮੌਕੇ ਪਹੁੰਚੇ ਸ਼਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਜਿਥੇ ਸਕੂਲ ਪ੍ਰਬੰਧਕਾਂ ਖਿਲਾਫ਼ ਮੁਕੱਦਮਾ ਦਰਜ਼ ਕਰਨਾ ਬਣਦਾ ਹੈ, ਉਥੇ ਸਿੱਖਿਆ ਵਿਭਾਗ ਦੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕਾਂ ਦੀ ਨਾਲਾਇਕੀ ਕਾਰਨ ਚਾਰ ਨੰਨ੍ਹੇ ਮੁੰਨੇ ਬੱਚੇ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠੇ ਹਨ।
ਇਸ ਮੌਕੇ ਰਜਿੰਦਰ ਸਿੰਘ ਰਾਜਾ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ, ਹਲਕਾ ਵਿਧਾਇਕ ਅਮਨ ਅਰੋੜਾ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਐਸ.ਐਸ.ਪੀ ਸੰਦੀਪ ਗਰਗ ਅਤੇ ਸਹਾਇਕ ਕਮਿਸ਼ਨਰ ਅੰਕੁਰ ਮਹਿੰਦਰੂ, ਥਾਣਾ ਲੌਂਗੋਵਾਲ ਮੁੱਖੀ ਇੰਸਪੈਕਟਰ ਬਲਵੰਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਹਾਜ਼ਰ ਸਨ।
ਉਧਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੰਦਭਾਗੀ ਘਟਨਾ ‘ਤੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਮੈਜਿਸਟਰੇਟੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਉਨਾਂ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media