ਸਰਕਾਰੀ ਸਕੂਲਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਔਜਲਾ ਨੇ ਕੀਤੀ ਪਹਿਲਕਦਮੀ
ਅੰਮ੍ਰਿਤਸਰ, 15 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਵਿੱਚ ਅੰਮ੍ਰਿਤਸਰ ਦੀ ਨੁਮਾਇੰਦਗੀ ਕਰਦੇ ਨੌਜੁਆਨ ਕਾਂਗਰਸੀ ਮੈਂਬਰ ਪਾਰਲੀਮੈਂਟ
ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰੀ ਸਕੂਲਾਂ ਨੂੰ ਬੁਨਿਆਦੀ ਸਹੂਲਤਾਂ ਨਾਲ ਲੈਸ ਕਰਨਾ ਉਨ੍ਹਾਂ ਦੀ ਪ੍ਰਾਰਥਮਿਕਤਾ ਹੋਵੇਗੀ।
ਔਜਲਾ ਅੱਜ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਮੁੱਖ ਦਫਤਰ ਔਜਲਾ ਐਸਟੇਟ ਵਿਖੇ ਪੱਤਰਕਾਰਾਂ ਨਾਲ ਵਿਸੇਸ਼ ਗੱਲਬਾਤ ਕਰ ਰਹੇ ਸਨ।ਔਜਲਾ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਸਰਕਾਰੀ ਸਕੂਲਾਂ ਨੂੰ ਬੁਨਿਆਦੀ ਸਹੂਲਤਾਂ ਨਾਲ ਲੈਸ ਕਰਨ ਲਈ ਉਨ੍ਹਾਂ ਵਲੋਂ ਵਾਰ ਵਾਰ ਸੰਬੰਧਿਤ ਮੰਤਰਾਲਿਆਂ ਨਾਲ ਮੁਲਾਕਾਤ ਕਰਕੇ ਫੰਡਾਂ ਦੀ ਮੰਗ ਕੀਤੀ ਗਈ ਸੀ ਜਿਸ ਲਈ ਕੇਂਦਰ ਸਰਕਾਰ ਦੇ ਮੰਤਰਾਲਿਆਂ ਵਲੋਂ ਸੰਬੰਧਿਤ ਕੰਮਾਂ ਲਈ ਕੇਂਦਰੀ ਫੰਡ ਜਾਰੀ ਕੀਤੇ ਗਏ ਹਨ ਜਿੰਨ੍ਹਾਂ ਵਿੱਚ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਅੰਦਰ ਸਮਾਰਟ ਜਮਾਤਾਂ ਦੀ ਸ਼ੁਰੂਆਤ ਲਈ ਜ਼ਿਲ੍ਹੇ ਦੇ 43 ਸਕੂਲਾਂ ਅੰਦਰ 75 ਕਮਰਿਆਂ ਦੀ ਉਸਾਰੀ ਕੀਤੀ ਜਾਵੇਗੀ ਜਿਸ ਲਈ ਸਰਵ ਸਿੱਖਿਆ ਅਭਿਆਨ ਅਥਾਰਟੀ (ਸਮੱਗਰਾ ਸਿੱਖਿਆ ਅਭਿਆਨ) ਅਤੇ ਨਾਬਾਰਡ ਤਹਿਤ 5.63 ਕਰੋੜ ਰੁਪਏ ਜਾਰੀ ਕਰ ਦਿਤੇ ਗਏ ਹਨ।ਔਜਲਾ ਨੇ ਦੱਸਿਆ ਕਿ ਸਮੱਗਰਾ ਅਭਿਆਨ ਤਹਿਤ 28 ਸਕੂਲਾਂ ਨੂੰ 54 ਕਮਰਿਆਂ ਲਈ 4.05 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ, ਜਦਕਿ ਨਾਬਾਰਡ ਵਲੋਂ 13 ਸਕੂਲਾਂ ਲਈ 21 ਕਮਰਿਆਂ ਲਈ 1.58 ਕਰੋੜ ਰੁਪਏ ਜਾਰੀ ਕਰ ਦਿਤੇ ਗਏ ਹਨ।ਔਜਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜ਼ਿਲੇ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਦੀ ਨੀਤੀ ਤਹਿਤ ਜ਼ਿਲ੍ਹੇ ਅੰਦਰ ਹੋਰ 888 ਸਮਾਰਟ ਜਮਾਤ ਦੇ ਕਮਰਿਆਂ ਦੀ ਉਸਾਰੀ ਕਰਕੇ ਜ਼ਿਲ੍ਹੇ ਦੇ ਹੋਰ 447 ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਸਮਾਰਟ ਸਕੂਲਾਂ ਨੂੰ ਹੋਰ ਆਧੁਨਿਕ ਤਕਨਾਲੋਜੀ ਨਾਲ ਲੈਸ ਕਰਨ ਲਈ ਦਿਲਚਸਪ ਸਿੱਖਿਆ ਬੋਰਡ (ਇੰਟਰੈਕਟਿਵ ਐਜੂਕੇਸ਼ਨਲ ਬੋਰਡ) ਮੁਹੱਈਆ ਕਰਾਉਣ ਤੇ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਆਪਣੇ ਨਿੱਜੀ ਫੰਡਾਂ ਵਿਚੋਂ ਫੰਡ ਮੁਹੱਈਆ ਕਰਾਉਣ ਦਾ ਐਲਾਣ ਕੀਤਾ।ਇਸ ਦੇ ਨਾਲ ਨਾਲ ਔਜਲਾ ਨੇ ਕਿਹਾ ਕਿ ਲੋਕ ਸਭਾ ਹਲਕਾ ਅੰਮ੍ਰਿਤਸਰ ਤਹਿਤ ਆਉਂਦੇ ਖੇਤਰ ਅੰਦਰ ਸਿਹਤ, ਸਿੱਖਿਆ ਤੇ ਖੇਡ ਸੰਸਥਾਵਾਂ ਨੂੰ ਮੁਢਲੀਆਂ ਸਹੂਲਤਾਂ ਨਾਲ ਲੈਸ ਕਰਨਾ ਉਨ੍ਹਾਂ ਦੀ ਪ੍ਰਾਰਥਮਿਕਤਾ ਹੋਵੇਗੀ।ਔਜਲਾ ਨੇ ਦਾਅਵਾ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਆਉਂਦੇ ਸਮੇਂ ਵਿੱਚ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਸਮੂਹ ਸਰਕਾਰੀ ਸਕੂਲ ਸਮਾਰਟ ਹੋਣਗੇ ਤੇ ਸਿੱਖਿਆ ਦੇ ਖੇਤਰ ਵਿੱਚ ਜ਼ਿਲ੍ਹੇ ਦੇ ਸਕੂਲ ਦੇਸ਼ ਵਿੱਚ ਮੋਹਰੀ ਹੋਣਗੇ।
Punjab Post Daily Online Newspaper & Print Media