ਕਰੋਨਾ ਵਾਇਰਸ ਤੋਂ ਸਿਹਤ ਵਿਭਾਗ ਸੁਚੇਤ ਰਹੇ- ਔਜਲਾ
ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਜ਼ਿਲਾ ਡਿਵੈਲਪਮੈਂਟ ਕੋਆਰਡੀਨੇਸ਼ਨ ਅਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਚੇਅਰਮੈਨ ਅਤੇ ਮੈਂਬਰ
ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਅਤੇ ਕੋ-ਚੇਅਰਮੈਨ ਜਸਬੀਰ ਸਿੰਘ ਡਿੰਪਾ ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਦੀ ਪ੍ਰਧਾਨਗੀ ਹੇਠ ਬੱਚਤ ਭਵਨ ਵਿਖੇ ਹੋਈ। ਮੀਟਿੰਗ ਦੌਰਾਨ ਜ਼ਿਲੇ ਵਿੱਚ ਐਮ.ਪੀ ਲੈਂਡ ਫੰਡਾਂ ਅਤੇ ਕੇਂਦਰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ।ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਡਮ ਪਲਵੀ ਚੌਧਰੀ, ਸ੍ਰੀਮਤੀ ਕੋਮਲ ਮਿੱਤਲ ਕਸ਼ਿਨਰ ਨਗਰ ਨਿਗਮ, ਰਜਤ ਓਬਰਾਏ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ, ਵਿਕਾਸ ਹੀਰਾ, ਦੀਪਕ ਭਾਟੀਆ, ਸੁਮਿਤ ਮੁਧ (ਐਸ.ਡੀ.ਐਮ), ਸਿਵਲ ਸਰਜਨ ਡਾ: ਪ੍ਰਭਦੀਪ ਕੌਰ ਜੌਹਲ, ਦਿਲਰਾਜ ਸਿੰਘ ਸਰਕਾਰੀਆ ਚੇਅਰਮੈਨ ਜਿਲ੍ਹਾ ਪ੍ਰੀਸ਼ਦ, ਮੁੱਖ ਖੇਤੀਬੜੀ ਅਫਸਰ ਦਲਬੀਰ ਸਿੰਘ ਛੀਨਾ, ਸ੍ਰੀਮਤੀ ਲੀਲਾ ਵਰਮਾ, ਸੰਜੀਵ ਰਾਮਪਾਲ ਦੋਵੇਂ ਮੈਂਬਰ ਅਤੇ ਵੱੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਔਜਲਾ ਨੇ ਸਿਹਤ ਵਿਭਾਗ ਨੂੰ ਚੌਕਸ ਕਰਦਿਆਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਕਰੋਨਾ ਵਾਇਰਸ ਪੂਰੇ ਸੰਸਾਰ ਵਿੱਚ ਫੈਲ ਰਿਹਾ ਹੈ ਅਤੇ ਸਿਹਤ ਵਿਭਾਗ ਨੂੰ ਇਸ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਏਅਰਪੋਰਟ ਰਾਹੀਂ ਅੰਮ੍ਰਿਤਸਰ ਆ ਰਹੇ ਯਾਤਰੂਆਂ ਦੀ ਪੂਰੀ ਤਰ੍ਹਾਂ ਮੈਡੀਕਲ ਜਾਂਚ ਕੀਤੀ ਜਾਵੇ।ਸਿਵਲ ਸਰਜਨ ਡਾ: ਪ੍ਰਭਦੀਪ ਕੌਰ ਜੌਹਲ ਨੇ ਦੱਸਿਆ ਕਿ ਏਅਰਪੋਰਟ ਤੇ ਥਰਮਸ ਸਕੈਨਰ ਲਗਾਇਆ ਗਿਆ ਹੈ ਅਤੇ ਜੋ ਵੀ ਯਾਤਰੂ ਚਾਹੇ ਕਿਸੇ ਵੀ ਦੇਸ਼ ਤੋਂ ਆਉਦੇ ਹੋਣ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਲੋਕ ਸਭਾ ਮੈਂਬਰ ਔਜਲਾ ਨੇ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਅਧੀਨ ਬਣ ਰਹੀਆਂ ਸੜਕਾਂ ਦੀ ਸਬੰਧਤ ਅਧਿਕਾਰੀਆਂ ਵੱਲੋਂ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਪੀ.ਡਬਲਿਯੂ.ਡੀ ਦੇ ਅਧਿਕਾਰੀਆਂ ਨੂੰ ਕਿਹਾ ਕਿ ਅਜਨਾਲਾ ਤੋਂ ਚੋਗਾਵਾਂ ਬਣਨ ਵਾਲੀ ਸੜਕ ਤੁਰੰਤ ਮੁਕੰਮਲ ਕੀਤੀ ਜਾਵੇ ਅਤੇ ਏਅਰਪੋਰਟ ਰੋਡ ਨੂੰ ਵੀ ਜਲਦ ਮੁਰੰਮਤ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸੜਕਾਂ ਦੇ ਕੰਮ ਵਿੱਚ ਕੋਈ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨਾਂ ਨੇ ਜਿਲ੍ਹਾ ਸਿਖਿਆ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਸਕੂਲਾਂ ਦੇ ਵਿੱਚ ਨਵੇਂ ਕਮਰਿਆਂ ਦੀ ਉਸਾਰੀ ਲਈ ਬਣਾਈ ਗਈ ਕਮੇਟੀ ਵਿੱਚ ਪੰਚਾਂ-ਸਰਪੰਚਾਂ ਨੂੰ ਜਰੂਰ ਸ਼ਾਮਲ ਕੀਤਾ ਜਾਵੇ ਤੇ ਸ਼ਹਿਰ ਵਿੱਚ ਘੁੰਮ ਰਹੀਆਂ ਅਵਾਰਾ ਪਸ਼ੂਆਂ ਲਈ ਜਲਦੀ ਹੀ ਇਕ ਗਊਸ਼ਾਲਾ ਦਾ ਨਿਰਮਾਣ ਕੀਤਾ ਜਾਵੇਗਾ।
ਕੋ-ਚੇਅਰਮੈਨ ਸ੍ਰ ਜਸਬੀਰ ਸਿੰਘ ਡਿੰਪਾ ਨੇ ਦੱਸਿਆ ਕਿ ਪੰਜਾਬ ਸਰਕਾਰ ਬਹੁਤ ਵੱਡੇ ਪੱਧਰ ‘ਤੇ ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400ਵਾਂ ਪ੍ਰਕਾਸ਼ ਪੁਰਬ ਮਨਾ ਰਹੀ ਹੈ ਅਤੇ ਹਰੇਕ ਅਧਿਕਾਰੀ/ਕਰਮਚਾਰੀ ਦਾ ਫ਼ਰਜ ਬਣਦਾ ਹੈ ਕਿ ਉਹ ਆਪਣੀ ਡਿਊਟੀ ਤਨਦੇਹੀ ਨਾਲ ਕਰੇ ਪੀ.ਡਬਲਿਯੂ.ਡੀ ਅਧਿਕਾਰੀਆਂ ਨੂੰ ਬਿਆਸ ਤੋਂ ਬਾਬਾ ਬਕਾਲਾ ਸਾਹਿਬ ਨੂੰ ਜਾਂਦੀ ਸੜਕ ਦਾ ਕੰਮ ਤੁਰੰਤ ਕਰਨ ਦੇ ਆਦੇਸ਼ ਦਿੱਤੇ।ਡਿੰਪਾ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਕਈ ਸੜਕਾਂ ਦਾ ਕਾਇਆ ਕਲਪ ਕੀਤਾ ਜਾਵੇਗਾ।
ਔਜਲਾ ਤੇ ਡਿੰਪਾ ਨੇ ਕੇਂਦਰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਮਗਨਰੇਗਾ, ਨੈਸ਼ਨਲ ਰੂਰਲ ਅਰਬਨ ਮਿਸ਼ਨ, ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਿਆ ਯੋਜਨਾ, ਐਮ.ਪੀ. ਲੈਂਡ ਸਕੀਮ ਅਤੇ ਬਾਰਡਰ ਏਰੀਆ ਡਿਵੈਲਪਮੈਂਟ ਸਕੀਮ, ਦੀਨ ਦਿਆਲ ਅਨਤੋਦਿਆ ਯੋਜਨਾ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ, ਨੈਸ਼ਨਲ ਸੋਸ਼ਲ ਅਸਿਸਮੈਂਟ ਪ੍ਰੋਗਰਾਮ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਅਰਬਨ ਤੇ ਗ੍ਰਾਮੀਣ, ਸਵੱਛ ਭਾਰਤ ਮਿਸ਼ਨ, ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ, ਡਿਜ਼ੀਟਲ ਇੰਡੀਆ ਲੈਂਡ ਰਿਕਾਰਡ ਮਾਡਰਨ ਰਾਈਜਸ਼ਨ ਪ੍ਰੋਗਰਾਮ, ਦੀਨ ਦਿਆਲ ਉਪਾਧਿਆਏ ਗ੍ਰਾਮ ਜੋਤੀ ਯੋਜਨਾ, ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ, ਨੈਸ਼ਨਲ ਹੈਲਥ ਮਿਸ਼ਨ, ਸਰਵ ਸਿੱਖਿਆ ਅਭਿਆਨ, ਪ੍ਰਧਾਨ ਮੰਤਰੀ ਉਜਵਲਾ ਯੋਜਨਾ, ਪ੍ਰਧਾਨ ਮੰਤਰੀ ਕੌਂਸ਼ਲ ਵਿਕਾਸ ਯੋਜਨਾ ਸਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਨਾਂ ਯੋਜਨਾਵਾਂ ਤਹਿਤ ਕਰਵਾਏ ਗਏ ਕੰਮਾਂ ਸਬੰਧੀ ਜਾਣਕਾਰੀ ਹਾਸਿਲ ਕੀਤੀ।ਔਜਲਾ ਨੇ ਪੀ.ਐਸ.ਪੀ.ਸੀ:ਐਲ ਦੇ ਅਧਿਕਾਰੀਆਂ ਨੂੰ ਕਿਹਾ ਕਿ ਪਿੰਡ ਵਿੱਚ ਲਟਕ ਰਹੀਆਂ ਬਿਜਲੀ ਦੀਆਂ ਤਾਰਾਂ ਨੂੰ ਠੀਕ ਕੀਤਾ ਜਾਵੇ ਅਤੇ ਬਾਰਡਰ ਏਰੀਆ ਦੇ ਕਿਸਾਨਾਂ ਨੂੰ ਝੋਨੇ ਲਈ ਸਵੇਰੇ ਸਮੇਂ ਬਿਜਲੀ ਦੀ ਸਪਲਾਈ ਯਕੀਨੀ ਬਣਾਈ ਜਾਵੇ ।
ਡਿਪਟੀ ਕਮਿਸ਼ਨਰ ਢਿਲੋਂ ਨੇ ਸੰਸਦ ਮੈਂਬਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਜੋ ਵੀ ਕਮੀਆਂ ਰਹਿ ਗਈਆਂ ਹਨ ਨੂੰ ਦੂਰ ਕੀਤਾ ਜਾਵੇਗਾ।
Punjab Post Daily Online Newspaper & Print Media