ਅੰਮ੍ਰਿਤਸਰ, 3 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ)
ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਸਥਿਤ ਕੋਰੀਡੋਰ ਟਰਮੀਨਲ ਤੱਕ ਮੁਫ਼ਤ ਬੱਸ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ।ਇਸ ਦੀ ਰਸਮੀ ਆਰੰਭਤਾ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਥਾਨਕ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਤੋਂ ਕੀਤੀ।ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਭੂਰਾਕੋਹਨਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ ਤੇ ਸ਼੍ਰੋਮਣੀ ਕਮੇਟੀ ਅਧਿਕਾਰੀ ਵੀ ਮੌਜੂਦ ਸਨ।
ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਇਸ ਤੋਂ ਪਹਿਲਾਂ ਵੀ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ ਅਤੇ ਬੱਸ ਅੱਡੇ ਤੋਂ ਟਰਮੀਨਲ ਤੱਕ ਬੱਸਾਂ ਮੁਫ਼ਤ ਸੇਵਾਵਾਂ ਦੇ ਰਹੀ ਹੈ।ਅੰਮ੍ਰਿਤਸਰ ਤੋਂ ਪਹਿਲੀ ਬੱਸ ਰਵਾਨਾ ਕਰਨ ਸਮੇਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸ੍ਰੀ ਕਰਤਾਰਪੁਰ ਸਾਹਿਬ ਨਤਮਸਤਕ ਹੋਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਰਿਹਾਇਸ਼ ਅਤੇ ਲੰਗਰ ਦੀ ਸਹੂਲਤ ਨਿਰੰਤਰ ਜਾਰੀ ਹੈ। ਹੁਣ ਸ੍ਰੀ ਅੰਮ੍ਰਿਤਸਰ ਤੋਂ ਮੁਫ਼ਤ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ।ਇਹ ਬੱਸ ਸਵੇਰੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਦੇ ਨਜ਼ਦੀਕ ਭਾਈ ਗੁਰਦਾਸ ਹਾਲ ਤੋਂ ਰੋਜ਼ਾਨਾ ਚੱਲੇਗੀ ਅਤੇ ਸ਼ਾਮ ਸਮੇਂ ਡੇਰਾ ਬਾਬਾ ਨਾਨਕ ਤੋਂ ਸੰਗਤਾਂ ਨੂੰ ਅੰਮ੍ਰਿਤਸਰ ਤੱਕ ਵਾਪਸ ਲਿਆਵੇਗੀ।
ਲੌਂਗੋਵਾਲ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਭੇਜਣ ਦੀ ਸ਼ੁਰੂਆਤ ਵੀ ਜਲਦ ਕੀਤੀ ਜਾਵੇਗੀ।ਹੁਣ ਪਾਕਿਸਤਾਨ ਕਮੇਟੀ ਦੇ ਪ੍ਰਧਾਨ ਨੇ ਰਾਗੀ ਜਥਿਆਂ ਸਬੰਧੀ ਸਪੱਸ਼ਟ ਕਰ ਦਿੱਤਾ ਹੈ ਅਤੇ ਸ਼੍ਰੋਮਣੀ ਕਮੇਟੀ ਅਗਲੇ ਦਿਨਾਂ ਵਿਚ ਇਸ ਦੀ ਸ਼ੁਰੂਆਤ ਕਰ ਦੇਵੇਗੀ।ਲੌਂਗੋਵਾਲ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਸਪੋਰਟ ਦੀ ਸ਼ਰਤ ’ਤੇ ਮੁੜ ਵਿਚਾਰ ਕਰਨ ਦੀ ਗੱਲ ਵੀ ਆਖੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਭਗਵੰਤ ਸਿੰਘ ਸਿਆਲਕਾ, ਨਿੱਜੀ ਸਕੱਤਰ ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਡਾ. ਪਰਮਜੀਤ ਸਿੰਘ ਸਰੋਆ, ਪ੍ਰਤਾਪ ਸਿੰਘ, ਮੈਨੇਜਰ ਜਸਵਿੰਦਰ ਸਿੰਘ ਦੀਨਪੁਰ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ, ਮੀਤ ਸਕੱਤਰ ਸੁਲੱਖਣ ਸਿੰਘ ਭੰਗਾਲੀ, ਹਰਜਿੰਦਰ ਸਿੰਘ ਕੈਰੋਂਵਾਲ, ਸਕੱਤਰ ਸਿੰਘ, ਗੁਰਮੀਤ ਸਿੰਘ ਬੁੱਟਰ, ਸਿਮਰਜੀਤ ਸਿੰਘ ਕੰਗ, ਤੇਜਿੰਦਰ ਸਿੰਘ ਪੱਡਾ, ਦਰਸ਼ਨ ਸਿੰਘ ਪੀ.ਏ., ਮੈਨੇਜਰ ਮੁਖਤਾਰ ਸਿੰਘ, ਸੁਪਰਂਡੈਂਟ ਮਲਕੀਤ ਸਿੰਘ ਬਹਿੜਵਾਲ, ਵਧੀਕ ਮੈਨੇਜਰ ਸੁਖਬੀਰ ਸਿੰਘ, ਸੁਖਰਾਜ ਸਿੰਘ, ਬਘੇਲ ਸਿੰਘ, ਨਿਸ਼ਾਨ ਸਿੰਘ, ਸਤਨਾਮ ਸਿੰਘ ਮਾਂਗਾਸਰਾਏ ਆਦਿ ਹਾਜ਼ਰ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media