Friday, November 20, 2026

ਯੂਨੀਵਰਸਿਟੀ ਵਿਖੇ ਅੰਮ੍ਰਿਤਸਰ ਦੇ 450 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ “ਪੰਜਾਬੀ ਸਾਹਿਤ ਅਤੇ ਸਭਿਆਚਾਰ: ਆਵਾਸ ਤੋਂ ਪਰਵਾਸ ਤੱਕ” ਸਮਾਗਮ

ਅੰਮ੍ਰਿਤਸਰ 20 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਰਹਿਨੁਮਾਈ ਹੇਠ ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅੰਮ੍ਰਿਤਸਰ ਦੇ 450 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਕੀਤਾ ਗਿਆ।ਸਮਾਗਮ ਦਾ ਮੁੱਖ ਵਿਸ਼ਾ “ਪੰਜਾਬੀ ਸਾਹਿਤ ਅਤੇ ਸਭਿਆਚਾਰ: ਆਵਾਸ ਤੋਂ ਪਰਵਾਸ ਤੱਕ” ਸੀ।ਪਰਵਾਸੀ ਪੰਜਾਬੀ ਲੇਖਕ ਡਾ. ਕਰਨੈਲ ਸ਼ੇਰਗਿੱਲ, ਸੁਖਪਾਲ ਅਤੇ ਉਂਕਾਰਪ੍ਰੀਤ ਨੇ ਵਿਸ਼ੇਸ਼ ਤੌਰ `ਤੇ ਸ਼ਿਰਕਤ ਕੀਤੀ।
ਸਮਾਗਮ ਦੇ ਕੋਆਰਡੀਨੇਟਰ ਪ੍ਰੋ. ਮਨਜਿੰਦਰ ਸਿੰਘ ਨੇ ਸਵਾਗਤੀ ਸ਼ਬਦਾਂ ਵਿਚ ਕਿਹਾ ਕਿ ਇਹਨਾਂ ਪਰਵਾਸੀ ਪੰਜਾਬੀ ਸਾਹਿਤਕਾਰਾਂ ਨੇ ਪਰਵਾਸੀ ਪੰਜਾਬੀ ਸਾਹਿਤ ਦੇ ਬਣੇ-ਬਣਾਏ ਪੂਰਵ-ਨਿਸ਼ਚਿਤ ਚੌਖਟਿਆਂ ਤੋਂ ਬਾਹਰ ਨਿਕਲ ਕੇ ਪੰਜਾਬੀ ਅਦਬ ਨੂੰ ਵਿਸ਼ਵ ਚੇਤਨਾ ਨਾਲ ਜੋੜਿਆ ਹੈ।ਇਸੇ ਲਈ ਵਿਦੇਸ਼ ਜਾ ਕੇ ਇਹਨਾਂ ਦਾ ਪੰਜਾਬ ਪ੍ਰਤੀ ਪ੍ਰਤੱਖਣ ਹੋਰ ਵੀ ਤੀਖਣ ਰੂਪ ਗ੍ਰਹਿਣ ਕਰ ਜਾਂਦਾ ਹੈ।
ਮਾਰੂਫ਼ ਪਰਵਾਸੀ ਲੇਖਕ ਉਂਕਾਰਪ੍ਰੀਤ ਨੇ ਕਿਹਾ ਕਿ ਉਹਨਾਂ ਨੇ ਸਥਾਨਕ ਦਰੱਖ਼ਤ ਪਿੱਪਲ ਅਤੇ ਵਿਦੇਸ਼ੀ ਦਰੱਖ਼ਤ ਮੈਪਲ ਦੇ ਸੁਮੇਲ ਨਾਲ ‘ਮਿੱਪਲ’ ਸ਼ਬਦ ਦੀ ਸਿਰਜਣਾ ਕੀਤੀ ਹੈ, ਜੋ ਕਿ ਆਵਾਸ ਅਤੇ ਪਰਵਾਸ ਦੋਵਾਂ ਦਿਸਹੱਦਿਆਂ ਦੇ ਦਰਮਿਆਨ ਵਿਚਰਦੇ ਪੰਜਾਬੀ ਮਨੁੱਖ ਦੀ ਸੋਚ ਨੂੰ ਅੰਕਿਤ ਕਰਦਾ ਹੈ।ਅਜਿਹੀ ਪਰਵਾਸੀ ਚੇਤਨਾ ਪੰਜਾਬੀ ਸਾਹਿਤ ਅਤੇ ਸਭਿਆਚਾਰ ਨੂੰ ਨਵੇਂ ਭੂਗੋਲਿਕ ਖੇਤਰਾਂ, ਸਮਾਜਿਕ ਅਨੁਭਵਾਂ ਅਤੇ ਗਲੋਬਲ ਸਰੋਕਾਰਾਂ ਨਾਲ ਜੋੜ ਕੇ ਇਸ ਦੇ ਘੇਰੇ ਦਾ ਦਾਇਰਾ ਹੋਰ ਵੀ ਵਸੀਹ ਕਰਨ ਦਾ ਯਤਨ ਕਰਦੀ ਹੈ।ਨਾਮਵਰ ਪਰਵਾਸੀ ਸਾਹਿਤਕਾਰ ਸੁਖਪਾਲ ਹੁਰਾਂ ਕਿਹਾ ਕਿ ਆਵਾਸ ਤੋਂ ਪਰਵਾਸ ਤੱਕ ਦਾ ਸਫ਼ਰ ਕੇਵਲ ਭੂਗੋਲਿਕ ਤਬਦੀਲੀ ਦਾ ਸਫ਼ਰ ਨਹੀਂ, ਸਗੋਂ ਪੰਜਾਬੀ ਮਨੁੱਖ ਦੀ ਬਦਲਦੀ ਮਾਨਸਿਕਤਾ, ਸਮਾਜਿਕ ਚੇਤਨਾ ਅਤੇ ਸਭਿਆਚਾਰਕ ਪਛਾਣ ਦਾ ਵੀ ਪ੍ਰਤੀਕ ਹੈ।ਇਹਨਾਂ ਪਰਵਾਸੀਆਂ ਦੀ ਬਦੌਲਤ ਹੀ ਕੈਨੇਡਾ ਵਰਗਾ ਬਹੁ-ਸਭਿਆਚਾਰਕ ਦੇਸ਼ ਅਮਰੀਕਾ ਵਾਂਗ ‘ਮੈਲਟਿੰਗ ਪੋਟ’ ਬਣਨ ਤੋਂ ਬਚ ਗਿਆ ਹੈ।ਪ੍ਰਸਿੱਧ ਪਰਵਾਸੀ ਰਚਨਾਕਾਰ ਡਾ. ਕਰਨੈਲ ਸ਼ੇਰਗਿੱਲ ਨੇ ਕਿਹਾ ਕਿ ਉਹਨਾਂ ਨੇ ‘ਲਾਕਡਾਊਨ ਅਲਫ਼ਾ’ ਅਤੇ ‘ਲਾਕਡਾਊਨ ਇਨਫਿਨਿਟੀ’ ਵਰਗੇ ਨਾਵਲਾਂ ਦੀ ਰਚਨਾ ਰਾਹੀਂ ਪਰਵਾਸ ਦੀ ਇਤਿਹਾਸਕ ਚੇਤਨਾ, ਸਮਾਜਿਕ ਪਛਾਣ ਅਤੇ ਜੀਵਨ-ਦ੍ਰਿਸ਼ਟੀ ਦੇ ਮਹੱਤਵਪੂਰਨ ਆਧਾਰਾਂ ਬਾਰੇ ਚਰਚਾ ਕੀਤੀ ਹੈ।ਪਰਵਾਸੀ ਸਾਹਿਤ ਅਤੇ ਸਭਿਆਚਾਰ ਦੇ ਅਤੀਤ, ਵਰਤਮਾਨ ਅਤੇ ਭਵਿੱਖ ਨੂੰ ਸਮਝਣ ਲਈ ਇਹ ਬਹੁਤ ਮਹੱਤਵਪੂਰਨ ਹੈ। ਮੰਚ ਸੰਚਾਲਨ ਡਾ. ਹਰਿੰਦਰ ਕੌਰ ਸੋਹਲ ਨੇ ਕੀਤਾ।
ਸਮਾਗਮ ਦੇ ਅੰਤ ਵਿਚ ਡਾ. ਬਲਜੀਤ ਕੌਰ ਰਿਆੜ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ।

Check Also

ਖਾਲਸਾ ਕਾਲਜ ਫੁੱਟਬਾਲ ਟੀਮ ਦੀੇ ਅੰਤਰ-ਕਾਲਜ ਫੁੱਟਬਾਲ ਟੂਰਨਾਮੈਂਟ ’ਚ ਇਤਿਹਾਸਕ ਜਿੱਤ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ ਖੂਰਮਣੀਆਂ) – ਖਾਲਸਾ ਕਾਲਜ ਦੀ ਫੁੱਟਬਾਲ ਟੀਮ ਨੇ ਗੁਰੂ ਨਾਨਕ …