Monday, March 16, 2026

ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਸ਼ਕਤੀਸ਼ਾਲੀ ਪੰਜਾਬੀ ਭਾਸ਼ਾ ਕਾਨੂੰਨ ਬਣਾਇਆ ਜਾਵੇ – ਡਾ. ਮਾਨ

ਧੂਰੀ, 4 ਮਾਰਚ (ਪੰਜਾਬ ਪੋਸਟ – ਪ੍ਰਵੀਨ ਗਰਗ) – ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ (ਰਜਿ.) ਵੱਲੋਂ ਪੰਜਾਬੀ ਭਾਸ਼ਾ ਬਚਾਓ ਕਨਵੈਨਸ਼ਨਾਂ ਲਈ ਵਿੱਢੇ ਸੰਘਰਸ਼ ਨੂੰ ਉਦੋਂ ਫਲ ਲੱਗਦਾ ਨਜ਼ਰੀਂ ਆਇਆ, ਜਦੋਂ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬੀ ਭਾਸ਼ਾ ਦੇ ਹੱਕ ਵਿੱਚ ਮਤਾ ਸਦਨ ਵਿੱਚ ਪੇਸ਼ ਕੀਤਾ ਅਤੇ ਉਹ ਮਤਾ ਤਿੱਖੀ ਬਹਿਸ ਤੋਂ ਬਾਅਦ ਵਾਧਿਆਂ ਸਮੇਤ ਸਾਰੀਆਂ ਧਿਰਾਂ ਵੱਲੋਂ ਸਰਬਸੰਮਤੀ ਨਾਲ਼ ਪਾਸ ਕੀਤਾ ਗਿਆ।
              ਇਸ ਤੋਂ ਪਹਿਲਾਂ ਕੇਂਦਰੀ ਸਭਾ ਦਾ ਪੰਜ ਮੈਂਬਰੀ ਵਫਦ ਪੰਜਾਬੀ ਮਾਂ ਬੋਲੀ ਦੀ ਬਿਹਤਰੀ ਲਈ ਕਾਨੂੰਨ ਬਨਾਉਣ ਵਾਸਤੇ ਸਭਾ ਦੇ ਪ੍ਰਧਾਨ ਡਾ. ਤੇਜਵੰਤ ਮਾਨ ਦੀ ਅਗੁਵਾਈ ਵਿੱਚ ਮਿਲੇ ਸੱਦੇ ‘ਤੇ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਿਆ ਸੀ। ਉਹਨਾਂ ਨਾਲ਼ ਸਭ ਮੁੱਦਿਆਂ ਦੇ ਗੱਲ ਕਰਕੇ ਕੇਂਦਰੀ ਸਭਾ ਦਾ ਮੰਗ ਪੱਤਰ ਵੀ ਉਹਨਾਂ ਨੂੰ ਦਿੱਤਾ ਸੀ ਜਿਸ ਵਿੱਚ ਸ਼ਕਤੀਸ਼ਾਲੀ ਪੰਜਾਬੀ ਭਾਸ਼ਾ ਟ੍ਰਿਬਿਊਨਲ ਮਨਾਉਣ ਦੀ ਮੰਗ ਪ੍ਰਮੁੱਖ ਸੀ।ਇਸ ਉਪਰੰਤ ਸਭਾ ਦਾ ਵਫਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਦੇਣ ਲਈ ਉਹਨਾਂ ਦੇ ਸਲਾਹਕਾਰ ਸੰਦੀਪ ਸਿੰਘ ਬਰਾੜ ਨੂੰ ਮਿਲਿਆ।ਉਹਨਾਂ ਨੇ ਮੰਗ ਪੱਤਰ ਮੁੱਖ ਮੰਤਰੀ ਪਾਸ ਪਹੁੰਚਾਉਣ ਦਾ ਭਰੋਸਾ ਦਿੱਤਾ ਸੀ।ਕੇਂਦਰੀ ਸਭਾ ਨੇ ਇਸ ਮੁਹਿੰਮ ਨੂੰ ਹੋਰ ਅੱਗੇ ਵਧਾਉਂਦਿਆਂ ਸਭਾ ਦਾ ਮੰਗ ਪੱਤਰ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾਂ ਨੂੰ ਮਿਲ ਕੇ ਦਿੱਤਾ ਸੀ।ਉਹਨਾਂ ਨੇ ਵੀ ਪੰਜਾਬੀ ਮਾਂ ਬੋਲੀ ਦੇ ਮੁੱਦੇ ਨੂੰ ਵਿਧਾਨ ਸਭਾ ਵਿੱਚ ਉਠਾਉਣ ਦਾ ਵਾਅਦਾ ਕੀਤਾ ਸੀ।ਸਾਰੀਆਂ ਰਾਜਸੀ ਧਿਰਾਂ ਨੇ ਪੰਜਾਬ ਅੰਦਰ ਪੰਜਾਬੀ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਅਤੇ ਵਿਚਾਰਦਿਆਂ ਇੱਕ ਮਤਾ ਦੋ ਮਾਰਚ ਦੀ ਵਿਧਾਨ ਸਭਾ ਬੈਠਕ ਵਿੱਚ ਪਾਸ ਕਰ ਦਿੱਤਾ।ਜਦੋਂਕਿ ਲੋੜ ਸ਼ਕਤੀਸ਼ਾਲੀ ਪੰਜਾਬੀ ਭਾਸ਼ਾ ਕਾਨੂੰਨ ਬਨਾਉਣ ਦੀ ਸੀ।ਹਰਚੰਦਪੁਰੀ ਨੇ ਅੱਗੋਂ ਦੱਸਦਿਆਂ ਕਿਹਾ ਕਿ ਵਿਧਾਨ ਸਭਾ ਵਿੱਚ ਪਾਸ ਮਤਿਆਂ ਨੂੰ ਕਾਨੂੰਨੀ ਜਾਮਾ ਪਹਿਨਾਉਣ ਲਈ ਵਿਧਾਨ ਸਭਾ ਵਿੱਚ ਬਿਲ ਲੈ ਕੇ ਆਉਣ ਦੀ ਲੋੜ ਹੁੰਦੀ ਹੈ।ਉਸ ਕਾਨੂੰਨ ਦੀਆਂ ਧਾਰਾਵਾਂ ਅਤੇ ਉਪ-ਧਾਰਾਵਾਂ ਵੀ ਬਣਾਉਣੀਆਂ ਹੁੰਦੀਆਂ ਹਨ।ਇਸ ਨਾਲ ਹੀ ਕਾਰਜ ਸਹੀ ਸਿੱਧ ਹੁੰਦਾ ਹੈ।
ਸਭਾ ਦੇ ਪ੍ਰਧਾਨ ਡਾ. ਤੇਜਵੰਤ ਮਾਨ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਸ਼ਕਤੀਸ਼ਾਲੀ ਪੰਜਾਬੀ ਭਾਸ਼ਾ ਟ੍ਰਿਬਿਊਨਲ ਬਨਾਉਣ ਲਈ ਅਤੇ ਹੋਰ ਮੱਦਾਂ ਬਾਰੇ ਕਾਨੂੰਨ ਬਨਾਉਣ ਲਈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਪੰਜਾਬੀ ਭਾਸ਼ਾ ਕਾਨੂੰਨ ਪਾਸ ਕੀਤਾ ਜਾਵੇ।ਉਹਨਾਂ ਇਹ ਵੀ ਮੰਗ ਕੀਤੀ ਕਿ ਵਿਧਾਨ ਸਭਾ ਵਿੱਚ ਪੇਸ਼ ਕੀਤੇ ਜਾਣ ਵਾਲੇ ਬਿਲ ਰੂਪੀ ਖਰੜੇ ਬਾਰੇ ਵਿਚਾਰ-ਵਟਾਂਦਰਾ ਕੇਂਦਰੀ ਸਭਾਵਾਂ ਅਤੇ ਲੇਖਕ ਆਗੂਆਂ ਨਾਲ਼ ਜ਼ਰੂਰ ਹੀ ਕਰ ਲਿਆ ਜਾਵੇ ਤਾਂ ਕਿ ਸਹੀ ਕਾਨੂੰਨ ਬਣਾਏ ਜਾ ਸਕਣ। ਉਹਨਾਂ ਨੇ ਪੰਜਾਬੀ ਪੱਖੀ ਸਾਰੇ ਮੀਡੀਏ ਦਾ ਵੀ ਧੰਨਵਾਦ ਕੀਤਾ।ਉਹਨਾਂ ਕੇਂਦਰੀ ਸਭਾ ਨਾਲ਼ ਸਬੰਧਤ ਸਾਰੀਆਂ ਸਭਾਵਾਂ, ਉਹਨਾਂ ਦੇ ਆਗੂਆਂ, ਹੋਰ ਲੇਖਕ ਸਭਾਵਾਂ ਅਤੇ ਵਿਅਕਤੀਆਂ ਦਾ ਵੀ ਪੰਜਾਬੀ ਮਾਂ ਬੋਲੀ ਲਈ ਸੰਘਰਸ਼ ਕਰਨ ਲਈ ਧੰਨਵਾਦ ਕੀਤਾ।ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਸੰਧੂ ਵਰਿਆਣਵੀ ਨੇ ਪੰਜਾਬੀ ਭਾਸ਼ਾ ਲਈ ਸਮਰੱਥ ਅਤੇ ਪ੍ਰਭਾਵਸ਼ਾਲੀ ਕਾਨੂੰਨ ਬਨਣ ਤੱਕ ਲੇਖਕਾਂ ਅਤੇ ਲੋਕਾਂ ਨੂੰ ਚੇਤਨ ਅਤੇ ਸੰਘਰਸ਼ਸ਼ੀਲ ਰਹਿਣ ਦਾ ਸੁਨੇਹਾ ਦਿੱਤਾ।
              ਇਹਨਾਂ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਕਰਨ ਵਾਲਿਆਂ ਵਿੱਚ ਭੁਪਿੰਦਰ ਜਗਰਾਓਂ, ਡਾ. ਪ੍ਰਿਥਵੀ ਰਾਜ ਥਾਪਰ, ਡਾ. ਜੀ.ਡੀ ਚੌਧਰੀ, ਡਾ. ਜੋਗਿੰਦਰ ਸਿੰਘ ਨਿਰਾਲਾ, ਜਗੀਰ ਸਿੰਘ ਜਗਤਾਰ, ਜੁਗਰਾਜ ਧੌਲਾ, ਡਾ. ਟੱਲੇਵਾਲੀਆ, ਪ੍ਰੋ. ਰਵਿੰਦਰ ਭੱਠਲ, ਦਰਸ਼ਨ ਸਿੰਘ ਬੁੱਟਰ, ਦਰਸ਼ਨ ਸਿੰਘ ਆਸ਼ਟ, ਇਕਬਾਲ ਘਾਰੂ, ਡਾ. ਰਵਿੰਦਰ ਕੌਰ ਕਾਕੜਾ, ਮਨਮੋਹਨ ਸਿੰਘ ਦਾਊਂ, ਡਾ. ਸੁਦਰਸ਼ਨ ਗਾਸੋ, ਗੁਲਜ਼ਾਰ ਸਿੰਘ ਸ਼ੌਂਕੀ, ਅਵਤਾਰ ਧਮੋਟ, ਡਾ. ਹਰਜੀਤ ਸਿੰਘ ਸੱਧਰ, ਡਾ. ਕੰਵਰ ਜਸਮਿੰਦਰ ਪਾਲ ਸਿੰਘ, ਜਗਦੀਸ਼ ਰਾਏ ਕੁਲਰੀਆਂ, ਡਾ. ਭਗਵੰਤ ਸਿੰਘ, ਹਰੀ ਸਿੰਘ ਢੁੱਡੀਕੇ, ਭੁਪਿੰਦਰ ਸੰਧੂ, ਦਲਜੀਤ ਸਿੰਘ ਸ਼ਾਹੀ, ਡਾ. ਜੋਗਾ ਸਿੰਘ, ਅਤਰਜੀਤ ਬਠਿੰਡਾ, ਭੁਪਿੰਦਰ ਪੰਨੀਵਾਲੀਆ, ਨਿਰਪਾਲ ਸਿੰਘ ਗਿੱਦੜਬਾਹਾ, ਡਾ. ਗੁਰਨੈਬ ਸਿੰਘ, ਡਾ. ਕੋਚਰ, ਡਾ. ਸਵਰਾਜ ਸਿੰਘ, ਓਮ ਪ੍ਰਕਾਸ਼ ਗਾਸੋ, ਡਾ. ਦੀਪਕ ਮਨਮੋਹਨ ਸਿੰਘ, ਮੱਲ ਸਿੰਘ ਰਾਮਪੁਰੀ, ਡਾ. ਬਲਦੇਵ ਸਿੰਘ ਬੱਧਨ, ਡਾ. ਇੱਛੂਪਾਲ ਸਿੰਘ, ਡਾ. ਸੁਰਿੰਦਰ ਪਾਲ ਸਿੰਘ, ਡਾ. ਮੇਘਾ ਸਿੰਘ ਸ਼ੇਰਗਿੱਲ ਅਤੇ ਡਾ. ਸਵੇਰਾਜ ਸੰਧੂ ਆਦਿ ਸ਼ਾਮਿਲ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …