
ਅੰਮ੍ਰਿਤਸਰ, 12 ਨਵੰਬਰ (ਜਗਦੀਪ ਸਿੰਘ) – ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੁਮੈਨ, ਅੰਮ੍ਰਿਤਸਰ ਵਿਖੇ ਪੀ.ਜੀ. ਹੋਮ ਸਾਇੰਸ ਵਿਭਾਗ ਅਤੇ ਫੈਸ਼ਨ ਡਿਜ਼ਾਈਨ ਵੱਲੋਂ ਰਾਸ਼ਟਰੀ ਪੋਸ਼ਣ ਹਫ਼ਤਾ ਰਚਨਾਤਮਕ ਗਤੀਵਿਧੀਆਂ ਨਾਲ ਮਨਾਇਆ ਗਿਆ। ਇਸ ਮੌਕੇ ਪੋਸਟਰ ਮੇਕਿੰਗ ਮੁਕਾਬਲਾ ਅਤੇ ਆਨਲਾਈਨ ਕੁਕਿੰਗ ਮੁਕਾਬਲਾ ਕਰਵਾਇਆ ਗਿਆ, ਜਿਨ੍ਹਾਂ ਦਾ ਉਦੇਸ਼ ਵਿਦਿਆਰਥਣਾਂ ਵਿੱਚ ਪੌਸ਼ਟਿਕ ਆਹਾਰ ਅਤੇ ਸਿਹਤਮੰਦ ਜੀਵਨ-ਸ਼ੈਲੀ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਇਹ ਗਤੀਵਿਧੀਆਂ ਰੈੱਡ ਰਿਬਨ ਕਲੱਬ ਅਤੇ ਇੰਡੀਅਨ ਨਾਲਿਜ ਸਿਸਟਮ ਇੰਟਰਨਸ਼ਿਪ ਪ੍ਰੋਜੈਕਟ ਦੇ ਸਹਿਯੋਗ ਅਧੀਨ ਕਰਵਾਈਆਂ ਗਈਆਂ।
ਪੋਸਟਰ ਮੇਕਿੰਗ ਮੁਕਾਬਲੇ ਨੇ ਵਿਦਿਆਰਥਣਾਂ ਨੂੰ ਪੋਸ਼ਣ ਅਤੇ ਸਿਹਤਮੰਦ ਜੀਵਨ ਦੇ ਮਹੱਤਵ ਨੂੰ ਦਰਸਾਉਂਦੇ ਜਾਣਕਾਰੀ ਭਰਪੂਰ ਅਤੇ ਆਕਰਸ਼ਕ ਪੋਸਟਰਾਂ ਰਾਹੀਂ ਆਪਣੀ ਰਚਨਾਤਮਕਤਾ ਦਾ ਪ੍ਰਗਟਾਵਾ ਕਰਨ ਲਈ ਮੰਚ ਪ੍ਰਦਾਨ ਕੀਤਾ। ਆਨਲਾਈਨ ਕੁਕਿੰਗ ਮੁਕਾਬਲੇ ਵਿਚ ਵਿਦਿਆਰਥਣਾਂ ਨੇ ਸਿਹਤਮੰਦ ਅਤੇ ਪੌਸ਼ਟਿਕ ਪਕਵਾਨ ਤਿਆਰ ਕਰਕੇ ਉਨ੍ਹਾਂ ਨੂੰ ਬਣਾਉਣ ਦੀ ਪ੍ਰਕਿਰਿਆ ਦਰਸਾਉਂਦੀ ਦੋ ਮਿੰਟ ਦੀ ਰੀਲ ਤਿਆਰ ਕੀਤੀ। ਪ੍ਰਤੀਯੋਗੀਆਂ ਨੇ ਆਪਣੀਆਂ ਐਂਟਰੀਆਂ ਆਨਲਾਈਨ ਗੂਗਲ ਫਾਰਮ ਰਾਹੀਂ ਜਮ੍ਹਾਂ ਕਰਵਾਈਆਂ। ਇਸ ਰਾਹੀਂ ਵਿਦਿਆਰਥਣਾਂ ਨੇ ਆਪਣੀ ਰਸੋਈ ਕਲਾ ਅਤੇ ਰਚਨਾਤਮਕਤਾ ਦਾ ਪ੍ਰਦਰਸ਼ਨ ਕਰਦੇ ਹੋਏ ਸਚੇਤ ਅਤੇ ਪੌਸ਼ਟਿਕ ਭੋਜਨ ਦੀ ਚੋਣ ਨੂੰ ਉਤਸ਼ਾਹਿਤ ਕੀਤਾ।
ਇਨ੍ਹਾਂ ਮੁਕਾਬਲਿਆਂ ਦਾ ਮੁਲਾਂਕਣ ਡਾ. ਬੀਨੂ ਕਪੂਰ, ਨੋਡਲ ਅਫ਼ਸਰ, ਰੈੱਡ ਰਿਬਨ ਕਲੱਬ; ਡਾ. ਪਰਮਜੀਤ ਕੌਰ, ਪ੍ਰਿੰਸੀਪਲ ਇਨਵੈਸਟੀਗੇਟਰ, ਇੰਡੀਅਨ ਨਾਲਿਜ ਸਿਸਟਮ ਅਤੇ ਮਿਸ ਦੀਪਿਕਾ ਵਰਮਾ, ਅਸਿਸਟੈਂਟ ਪ੍ਰੋਫੈਸਰ, ਪੀ.ਜੀ. ਡਿਪਾਰਟਮੈਂਟ ਆਫ਼ ਹੋਮ ਸਾਇੰਸ ਅਤੇ ਫੈਸ਼ਨ ਡਿਜ਼ਾਈਨ ਵੱਲੋਂ ਕੀਤਾ ਗਿਆ।
ਪੋਸਟਰ ਮੇਕਿੰਗ ਮੁਕਾਬਲੇ ਵਿੱਚ ਬੀ.ਵੋਕ. ਕੌਸਮੈਟੋਲੋਜੀ ਸਮੈਸਟਰ ਪਹਿਲਾ ਦੀ ਵਿਦਿਆਰਥਣ ਸ਼ਰਫ਼ਨਜੋਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਦੂਜਾ ਸਥਾਨ ਬੀ.ਏ. ਸਮੈਸਟਰ ਪਹਿਲਾ ਦੀ ਚਾਹਤ ਠਾਕੁਰ ਅਤੇ ਬੀ.ਸੀ.ਏ. ਸਮੈਸਟਰ ਪੰਜਵਾ ਦੀ ਅਨਮੋਲਦੀਪ ਕੌਰ ਨੇ ਸਾਂਝੇ ਤੌਰ ’ਤੇ ਪ੍ਰਾਪਤ ਕੀਤਾ, ਜਦਕਿ ਤੀਜਾ ਸਥਾਨ ਬੀ.ਏ. ਸਮੈਸਟਰ ਪਹਿਲਾ ਦੀਆਂ ਜੀਆ ਅਤੇ ਜੀਵੀਸ਼ਾ ਨੇ ਸਾਂਝੇ ਤੌਰ ’ਤੇ ਹਾਸਿਲ ਕੀਤਾ।
ਆਨਲਾਈਨ ਕੁਕਿੰਗ ਮੁਕਾਬਲੇ ਵਿਚ ਬੀ.ਏ. ਸਮੈਸਟਰ ਪੰਜਵਾ ਦੀ ਨਵਦੀਪ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਮਿਸ ਰਿਧਿਮਾ, ਬੀ.ਏ. ਸਮੈਸਟਰ ਪੰਜਵਾ ਨੇ ਦੂਜਾ ਸਥਾਨ ਹਾਸਿਲ ਕੀਤਾ। ਤੀਜਾ ਸਥਾਨ ਬੀ.ਏ. ਸਮੈਸਟਰ ਪੰਜਵਾ ਦੀਆਂ ਮਿਸ ਹਰਗੁਨੀਤ ਅਤੇ ਮਿਸ ਖੁਸ਼ੀ ਨੇ ਸਾਂਝੇ ਤੌਰ ’ਤੇ ਪ੍ਰਾਪਤ ਕੀਤਾ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਪੋਸ਼ਣ ਅਤੇ ਸਿਹਤਮੰਦ ਜੀਵਨ-ਸ਼ੈਲੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਫੈਕਲਟੀ ਅਤੇ ਵਿਦਿਆਰਥਣਾਂ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਜੇਤੂ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਉਤਸ਼ਾਹਪੂਰਵਕ ਭਾਗੀਦਾਰੀ ਲਈ ਵਧਾਈ ਦਿੱਤੀ ਅਤੇ ਵਿਦਿਆਰਥਣਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਸਿਹਤਮੰਦ ਅਤੇ ਸੰਤੁਲਿਤ ਖੁਰਾਕ ਅਪਣਾਉਣ ਲਈ ਪ੍ਰੇਰਿਤ ਕੀਤਾ।
Punjab Post Daily Online Newspaper & Print Media