Wednesday, April 15, 2026

ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੂੰ ਮਿਲਿਆ ਭਾਅ ਜੀ ਗੁਰਸ਼ਰਨ ਸਿੰਘ ਯਾਦਗਾਰੀ ਪੁਰਸਕਾਰ

ਰੰਗਮੰਚ ਪ੍ਰਾਪਤੀਆਂ ਸਦਕਾ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਕੀਤਾ ਸਨਮਾਨਿਤ

ਅੰਮ੍ਰਿਤਸਰ, 5 ਮਾਰਚ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪਿਛਲੇ 43 ਸਾਲਾਂ ਦੀਆਂ ਰੰਗਮੰਚ ਪ੍ਰਾਪਤੀਆਂ PPNJ0503202017ਬਦਲੇ ਕੇਵਲ ਧਾਲੀਵਾਲ ਨੂੰ ਭਾਅ ਜੀ ਗੁਰਸ਼ਰਨ ਸਿੰਘ ਯਾਦਗਾਰੀ ਪੁਰਸਕਾਰ ਦਿੱਤਾ ਗਿਆ।ਇਸ ਵੱਕਾਰੀ ਪੁਰਸਕਾਰ ‘ਚ ਮੋਮੈਟੋਂ, ਸ਼ਾਲ, ਬੁੱਕੇ ਅਤੇ 21000 ਰੁਪਏ ਦਾ ਨਕਦ ਪੁਰਸਕਾਰ ਦਰਸ਼ਕਾਂ ਦੀ ਵੱਡੀ ਹਾਜ਼ਰੀ ਵਿੱਚ ਪ੍ਰਦਾਨ ਕੀਤਾ ਗਿਆ।
             ਡਾ. ਸਾਹਿਬ ਸਿੰਘ ਨੇ ਕਿਹਾ ਕਿ ਕੇਵਲ ਧਾਲੀਵਾਲ ਪੰਜਾਬੀ ਰੰਗਮੰਚ ਦਾ ਅਜਿਹਾ ਹਸਤਾਖ਼ਰ ਹੈ।ਜਿਸ ਨੇ ਰੰਗਮੰਚ ਪ੍ਰੇਮੀਆਂ ਤੋਂ ਰੱਜ਼ਵਾਂ ਪਿਆਰ ਵੀ ਹਾਸਿਲ ਕੀਤਾ ਹੈ ਤੇ ਰੰਗਮੰਚੀ ਸਰਦਾਰੀ ਵੀ ਕਮਾਈ ਹੈ।ਉਹ ਹਰ ਪਲ ਰੰਗਮੰਚ ਬਾਰੇ ਸੋਚਣ ਵਾਲਾ ਐਸਾ ਸਖ਼ਸ਼ ਹੈ, ਜਿਸ ਨੇ ਆਪਣੀਆਂ ਪ੍ਰਾਪਤੀਆਂ ਸਿਰਫ਼ ਨਾਟਕ ਖੇਡਣ ਤੱਕ ਸੀਮਤ ਨਹੀਂ ਰੱਖੀਆਂ।ਬਲਕਿ ਉਹ ਨਾਟਕ ਲਿਖਦਾ ਲਿਖਦਾ ਆਪਣੇ ਸ਼ਬਦਾਂ ਵਿੱਚ ਨਾਟਕ ਘੜਦਾ, ਸਕ੍ਰਿਪਟਾਂ ਸਾਂਭਦਾ, ਰੰਗਮੰਚ ਦਾ ਇਤਿਹਾਸ ਇਕੋ ਲੜੀ ਵਿੱਚ ਪਿਰੋਂਦਾ, ਭੁੱਲੇ ਵਿਸਰੇ ਨਾਟਕਕਾਰਾਂ ਦੇ ਸਮਾਗਮ ਰਚਾਉਂਦਾ, ਆਪਣੇ ਰੰਗਮੰਚੀ ਪਰਿਵਾਰ ਦੇ ਨਿੱਕੇ ਤੋਂ ਵੱਡੇ ਜੀਅ ਨੂੰ ਯਾਦ ਕਰਦਾ।ਦੇਸ਼ ਵਿਦੇਸ਼ ਵਿੱਚ ਹੁੰਦੇ ਰਾਸ਼ਟਰੀ-ਅੰਤਰਰਾਸ਼ਟਰੀ ਰੰਗਮੰਚ ਉਤਸਵਾਂ ’ਚ ਆਪਣੇ ਨਾਟਕਾਂ ਰਾਹੀਂ ਹਾਜ਼ਰੀ ਲਗਾਉਂਦਾ, ਕਲਾ ਸੰਸਥਾਵਾਂ ਦੀਆਂ, ਅਹੁਦੇਦਾਰੀਆ ਦਾ ਦਰਜਾ ਨਿਭਾਉਂਦਾ, ਕਵੀਆਂ, ਕਹਾਣੀਕਾਰਾਂ, ਨਾਵਲਕਾਰਾਂ ਨੂੰ ਨਾਟਕਕਾਰ ਬਣਨ ਲਈ ਪ੍ਰੇਰਦਾ ਅਤੇ ਆਪਣੇ ਰੰਗਮੰਚ ਨੂੰ ਕਿਸੇ ਖੂਬਸੂਰਤ ਚਿੱਤਰਕਾਰੀ ਦਾ ਰੂਪ ਸੱਜਾ, ਮੰਚ ਸੱਜਾ ਤੇ ਪਹਿਰਾਵੇ ’ਚ ਨਿੱਤ ਨਵੇਂ ਤਜ਼ਰਬੇ ਕਰਦਾ ਹੈ।
               300 ਤੋਂ ਉਪਰ ਨਾਟਕਾਂ ਦੀ ਨਿਰਦੇਸ਼ਨਾਂ ਦੇ ਚੁੱਕਾ ਕੇਵਲ ਧਾਲੀਵਾਲ 50 ਤੋਂ ਵੱਧ ਕਿਤਾਬਾਂ ਦਾ ਰਚੇਤਾ ਕੇਵਲ ਧਾਲੀਵਾਲ ਪੰਜਾਬ ਸੰਗੀਤ ਨਾਟਕ ਅਕਾਦਮੀ ਤੇ ਵਿਰਸਾ ਵਿਹਾਰ ਅੰਮ੍ਰਿਤਸਰ ਦਾ ਪ੍ਰਧਾਨ ਕੇਵਲ ਧਾਲੀਵਾਲ, ਪੰਜਾਬੀ ਰੰਗਮੰਚ ਦਾ ਨਿਰ-ਵਿਵਾਦ ਬਾਦਸ਼ਾਹ ਹੈ।ਉਹ ਹਰ ਨਵੇਂ ਕਲਾਕਾਰਾਂ ਲਈ ਮਹੀਨਾ ਭਰ ਦੀ ਵਰਕਸ਼ਾਪ ਕਰਦਾ ਹੈ।ਪੁੰਗਰਦੇ ਸੰਗੀਤਕਾਰਾਂ ਨੂੰ ਰੰਗਮੰਚ ਨਾਲ ਜੋੜਦਾ ਹੈ।ਸਭ ਤੋਂ ਵੱਡੀ ਗੱਲ ਇਹ ਹੈ ਕਿ ਨੈਸ਼ਨਲ ਸਕੂਲ ਆਫ਼ ਡਰਾਮਾ ਤੋਂ ਸਿਖਲਾਈ ਯਾਫ਼ਤਾ ਰੰਗਕਰਮੀ ਹੋਣ ਕਾਰਨ ਪੰਜਾਬੀ ਰੰਗਮੰਚ ਅਤੇ ਰਾਸ਼ਟਰੀ ਰੰਗਮੰਚ ਵਿਚਲਾ ਪੁੱਲ ਬਣਿਆ ਹੈ ਤੇ ਹਿੰਦੁਸਤਾਨੀ ਰੰਗਮੰਚ ਦੇ ਵੱਡੇ ਮਹਾਰਥੀਆਂ ਨੂੰ ਪੰਜਾਬੀ ਰੰਗਕਰਮੀਆਂ ਦੇ ਵਾਰ-ਵਾਰ ਰੂ-ਬ-ਰੂ ਕਰਦਾ ਹੈ।ਗੁਰਸ਼ਰਨ ਸਿੰਘ ਨਾਲ ਬਿਤਾਇਆ ਰੰਗਮੰਚ ਸਮਾਂ ਉਸ ਦੀ ਵਿਚਾਰਧਾਰਕ ਤੇ ਤਾਕਤ ਹੈ।ਐਨ.ਐਸ.ਡੀ ਦੀ ਸਿਖਲਾਈ ਉਸ ਦੇ ਖੰਭ ਹਨ।ਪਰ ਇਸ ਸਭ ਦੇ ਸਿਰਜਣਾਤਮਕ ਮਿਸ਼ਰਣ ’ਚੋਂ ਇਕ ਆਪਣਾ ਮੋਲਿਕ ਅੰਦਾਜ਼ ਅਖਤਿਆਰ ਕਰਦਾ ਹੈ।
             ਪੰਜਾਬ, ਪੰਜਾਬੀ, ਪੰਜਾਬੀਅਤ ਨੂੰ ਪਰਣਾਇਆ ਇਹ ਰੰਗਕਰਮੀ ਸੰਗੀਤ ਨਾਟਕ ਅਕਾਦਮੀ ਦਾ ਕੌਮੀ ਸਨਮਾਨ, ਭਾਸ਼ਾ ਵਿਭਾਗ ਦਾ ਸ਼੍ਰੋਮਣੀ ਪੁਰਸਕਾਰ, ਮਨੋਹਰ ਸਿੰਘ ਯਾਦਗਾਰੀ, ਪੁਰਸਕਾਰ, ਅੰਤਰਰਾਸ਼ਟਰੀ ਇਆਪਾ ਪੁਰਸਕਾਰ, ਕਪੂਰ ਸਿੰਘ ਘੁੰਮਣ ਯਾਦਗਾਰੀ ਸਨਮਾਨ, ਸਫ਼ਦਰ ਹਾਸ਼ਮੀ ਪੁਰਸਕਾਰ ਤੇ ਹੋਰ ਅਨੇਕਾਂ ਰਾਸ਼ਟਰੀ-ਅੰਤਰਰਾਸ਼ਟਰੀ ਸਨਮਾਨ ਹਾਸਿਲ ਕਰ ਚੁੱਕਾ ਹੈ।ਉਹ ਪੰਜਾਬੀ ਰੰਗਮੰਚ ਨੂੰ ਨਵੀਆਂ ਦਿਸ਼ਾਵਾਂ ਦੇਣ ਵਾਲਾ ਸਮਰੱਥ ਰੰਗਕਰਮੀ ਹੈ।
              ਪਦਮਸ੍ਰੀ ਡਾ. ਸੁਰਜੀਤ ਪਾਤਰ, ਡਾ. ਲਖਵਿੰਦਰ ਜੌਹਲ, ਡਾ. ਨਾਟਕਕਾਰ ਡਾ. ਆਤਮਜੀਤ, ਦਵਿੰਦਰ ਦਮਨ, ਡਾ. ਸਾਹਿਬ ਸਿੰਘ, ਡਾ. ਸ਼ਤੀਸ਼ ਕੁਮਾਰ ਵਰਮਾ, ਗੁਰਮੀਤ ਬਾਵਾ, ਜਤਿੰਦਰ ਕੌਰ, ਜਤਿੰਦਰ ਬਰਾੜ, ਜਸਵੰਤ ਸਿੰਘ ਜੱਸ, ਗੁਰਤੇਜ਼ ਮਾਨ, ਪਵੇਲ ਸੰਧੂ, ਅਰਵਿੰਦਰ ਚਮਕ, ਭੁਪਿੰਦਰ ਸਿੰਘ ਸੰਧੂ, ਰਮੇਸ਼ ਯਾਦਵ ਆਦਿ ਵੱਖ-ਵੱਖ ਕਲਾਕਾਰਾਂ, ਰੰਗਕਰਮੀਆਂ ਅਤੇ ਸਾਹਿਕਾਰਾਂ ਵਲੋਂ ਵਧਾਈ ਦਿੱਤੀ ਗਈ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …