ਕਿਹਾ ਸਰਕਾਰ ਵਲੋਂ ਜਾਰੀ ਕੀਤੇ ਹਰੇਕ ਹੁਕਮ ਨੂੰ ਇੰਨ-ਬਿਨ ਲਾਗੂ ਕੀਤਾ ਜਾਵੇ
ਅੰਮ੍ਰਿਤਸਰ, 16 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) -ਜਿਲ੍ਹੇ ਵਿੱਚ ਕੋਵਿਡ 19 ਦੇ ਖ਼ਤਰੇ ਨਾਲ ਨਜਿੱਠਣ ਲਈ ਡਿਪਟੀ ਕਮਿਸ਼ਨਰ ਵੱਲੋਂ ਲਗਾਤਾਰ ਨਜ਼ਰ
ਰੱਖੀ ਜਾ ਰਹੀ ਹੈ।ਵਿਦੇਸ਼ ਤੋਂ ਪਰਤਣ ਵਾਲੇ ਯਾਤਰੀਆਂ ਨੂੰ ਵੱਖਰੇ ਰੱਖਣ ਲਈ ਪ੍ਰਬੰਧ ਕਰਨ ਦੇ ਨਾਲ-ਨਾਲ ਕਿਸੇ ਵੀ ਤਰਾਂ ਦੀ ਲੋੜ ਲਈ ਜ਼ਿਲ੍ਹੇ ਨੂੰ ਤਿਆਰ ਕੀਤਾ ਜਾ ਰਿਹਾ ਹੈ।ਲੋਕਾਂ ਨੂੰ ਬਿਮਾਰੀ ਤੋਂ ਬਚਣ ਲਈ ਜਾਗਰੂਕ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਅਤੇ ਅੱਜ ਇਸ ਸਬੰਧੀ ਮੁੱਢਲੀ ਸਿਖਲਾਈ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਤੇ 2-2 ਕਰਮਚਾਰੀਆਂ ਨੂੰ ਦਿੱਤੀ ਗਈ ਹੈ।ਇਸ ਤੋਂ ਇਲਾਵਾ ਵੱਡੇ ਇਕੱਠਾਂ ਨੂੰ ਰੋਕਣ ਅਤੇ ਸਰਕਾਰ ਦੁਆਰਾ ਬੰਦ ਕੀਤੇ ਗਏ ਅਦਾਰੇ, ਜਿੰਨਾ ਵਿਚ ਜ਼ਿੰਮ, ਸਕੂਲ, ਕਾਲਜ, ਆਂਗਨਵਾੜੀ ਕੇਂਦਰ, ਆਇਲੈਟਸ ਸੈਂਟਰ ਆਦਿ ਉਤੇ ਸਰਕਾਰੀ ਹੁੱਕਮ ਲਾਗੂ ਕਰਵਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਵਿਚਾਰ-ਵਟਾਂਦਰਾ ਕੀਤਾ ਗਿਆ।
ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਵੱਖ-ਵੱੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਲੋੜੀਂਦੀਆਂ ਦਵਾਈਆਂ, ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਦੀ ਉਪਲੱਬਧਤਾ ਅਤੇ ਆਈਸੋਲੇਸ਼ਨ ਵਾਰਡ ਸਥਾਪਤ ਕਰਨ ਸਬੰਧੀ ਵਿਚਾਰ-ਚਰਚਾ ਕੀਤੀ।ਸਿਵਲ ਸਰਜਨ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਕੋਵਿਡ-19 ਦੇ ਸ਼ੱਕੀ ਮਰੀਜ਼ਾਂ ਨੂੰ ਵੱਖ-ਵੱਖ ਰੱਖਿਆ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਵਿਦੇਸ਼ ਤੋਂ ਪਰਤਣ ਵਾਲੇ ਯਾਤਰੀਆਂ ਨੂੰ ਵੀ ਕੋਆਰਨਟਾਈਨ ਬਲਾਕਾਂ ਵਿਚ ਰੱਖਣ ਦੇ ਪ੍ਰਬੰਧ ਹੋ ਚੁੱਕੇ ਹਨ।ਉਨਾਂ ਕਿਹਾ ਕਿ ਸਰਕਾਰੀ ਮੈਡੀਕਲ ਕਾਲਜਾਂ ਵਿੱਚ 20-20 ਵੈਂਟੀਲੇਟਰ ਤਿਆਰ ਕਰਨ ਤੋਂ ਇਲਾਵਾ ਨਿੱਜੀ ਹਸਪਤਾਲਾਂ ਦੀ ਸਮਰੱਥਾ ਵੀ ਨੋਟ ਕੀਤੀ ਜਾ ਰਹੀ ਹੈ।
ਢਿਲੋਂ ਨੇ ਹਦਾਇਤ ਕੀਤੀ ਕਿ ਭਾਵੇਂ ਅੰਮ੍ਰਿਤਸਰ ਵਿਚ ਇਕ ਹੀ ਮਰੀਜ਼, ਜੋ ਕਿ ਇਟਲੀ ਤੋਂ ਆਇਆ ਸੀ, ਦੀ ਪੁਸ਼ਟੀ ਹੋਈ ਹੈ, ਪਰ ਸਾਡੇ ਪ੍ਰਬੰਧਾਂ ਵਿਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ।
ਉਨਾਂ ਕਿਹਾ ਕਿ ਲੋਕਾਂ ਨੂੰ ਆਪਣੇ-ਆਪ ਨੂੰ ਕੋਵਿਡ-19 ਤੋਂ ਬਚਾਉਣ ਲਈ ਹੱਥ ਮਿਲਾਉਣ, ਭੀੜ ਵਾਲੀਆਂ ਥਾਵਾਂ ‘ਤੇ ਜਾਣ, ਧਾਰਮਿਕ ਇਕੱਠ ਵਿੱਚ ਜਾਣ ਤੋਂ ਗੁਰੇਜ ਕਰਨ ਸਬੰਧੀ ਜਾਗਰੂਕ ਕਰਨ ਲਈ ਸਾਰੇ ਸਰਕਾਰੀ ਵਿਭਾਗਾਂ, ਇੰਡੀਅਨ ਮੈਡੀਕਲ ਐਸੋਸੀਏਸਨ (ਆਈ.ਐਮ.ਏ), ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਅਤੇ ਐਨ.ਜੀ.ਓ ਦੇ ਨਾਲ ਸਾਂਝੇ ਤੌਰ ‘ਤੇ ਜਾਗਰੂਕਤਾ ਮੁਹਿੰਮ ਚਲਾਈ ਜਾਏਗੀ।ਇਸ ਤੋਂ ਇਲਾਵਾ ਆਂਗਣਵਾੜੀ ਵਰਕਰ, ਡੀ.ਡੀ.ਪੀ.ਓ / ਬੀ.ਡੀ.ਪੀ.ਓ ਅਤੇ ਪੰਚਾਇਤ ਸਕੱਤਰ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਨਿੱਜੀ ਤੌਰ ‘ਤੇ ਜਾਗਰੂਕ ਕਰਨਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਰਵਾਲ, ਵਧੀਕ ਕਮਿਸ਼ਨਰ ਕਾਰਪੋਰੇਸ਼ਨ ਸੰਦੀਪ ਰਿਸ਼ੀ, ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ, ਸਿਵਲ ਸਰਜਨ ਡਾ. ਪ੍ਰਭਜੋਤ ਕੌਰ, ਡਾ. ਮਦਨ ਮੋਹਨ, ਐਸ.ਡੀ.ਐਮ ਵਿਕਾਸ ਹੀਰਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media