ਸਮਰਾਲਾ, 18 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮਹੀਨੇਵਾਰ ਇਕੱਤਰਤਾ ਸਾਹਿਤ ਸਭਾ ਦੇ ਚੇਅਰਮੈਨ
ਕਹਾਣੀਕਾਰ ਸੁਖਜੀਤ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਸਭ ਤੋਂ ਪਹਿਲਾਂ ਉਘੇ ਕੁਮੈਂਟੇਟਰ ਲੇਖਕ ਅਵਤਾਰ ਸਿੰਘ ਉਟਾਲਾਂ ਦੇ ਜਵਾਈ ਸੁਖਚੈਨ ਸਿੰਘ ਛਪਾਰ ਜਿਨ੍ਹਾਂ ਦੀ ਪਿਛਲੇ ਦਿਨੀਂ ਕਰੰਟ ਲੱਗਣ ਨਾਲ ਹੋਈ ਸੀ ਮੌਤ ‘ਤੇ ਹਾਜ਼ਰੀਨ ਵਲੋਂ ਅਵਤਾਰ ਸਿੰਘ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ।
ਰਚਨਾਵਾਂ ਦੇ ਦੌਰ ਦੀ ਸ਼ੁਰਆਤ ਸੁਰਜੀਤ ਸਿੰਘ ਜੀਤ ਦੀ ਭਾਵਪੂਰਤ ਗ਼ਜ਼ਲ ‘ਕਦੀ ਇਹ ਧੁੱਪ ਨਹੀਂ ਮਿਲਦੀ ਕਦੀ ਉਹ ਛਾਂ ਨਹੀਂ ਮਿਲਦੀ, ਜੋ ਦਿਲ ਨੂੰ ਚੈਨ ਦੇ ਦੇਵੇ ਕਦੀ ਉਹ ਥਾਂ ਨਹੀਂ ਮਿਲਦੀ’ ਨਾਲ ਹੋਈ।ਉਨ੍ਹਾਂ ਤੋਂ ਬਾਅਦ ਪਰਮ ਸਿਆਣ ਨੇ ਗੀਤ ‘ਸਹੇਲੀਓ ਚੜਿਆ ਗੋਡੇ ਗੋਡੇ ਚਾਅ’, ਸੰਦੀਪ ਸਮਰਾਲਾ ਨੇ ਕਵਿਤਾ ‘ਪਹੁ-ਫੁਟਾਲਾ’ , ਗੁਰਨਾਮ ਸਿੰਘ ਬਿਜਲੀ ਨੇ ਕਵਿਤਾ ‘ਕਰਮਯੋਗੀ’, ਦੀਪ ਦਿਲਬਰ ਨੇ ਗੀਤ ‘ਸਾਡਾ ਸੂਰਜ ਸਿਖਰ ਦੁਪਹਿਰੇ ਡੁੱਬ ਗਿਆ’ , ਸੋਹਣਜੀਤ ਕੋਟਾਲਾ ਨੇ ਕਾਵਿ ਟੁਕੜੀ ‘ਜ਼ਿੰਦਗੀ ਦਾ ਸਫ਼ਰ’ , ਗੁਰਦੀਪ ਸਿੰਘ ਮਹੌਣ ਨੇ ਮਿੰਨੀ ਕਹਾਣੀ ‘ਸੁਪਨੇ’ , ਸਭਾ ਦੇ ਮੀਤ ਪ੍ਰਧਾਨ ਗੁਰਭਗਤ ਸਿੰਘ ਗਿੱਲ ਭੈਣੀ ਸਾਹਿਬ ਨੇ ਆਪਣੀ ਕੈਨੇਡਾ ਫੇਰੀ ਦੀਆਂ ਯਾਦਾਂ ਅਤੇ ਉਥੋਂ ਦੇ ਲੋਕਾਂ ਦੇ ਰਹਿਣ-ਸਹਿਣ ਬਾਰੇ ਗੱਲਾਂ ਸਾਂਝੀਆਂ ਕੀਤੀਆਂ।ਸਮਰਾਲਾ ਇਲਾਕੇ ਦੇ ਮਰਹੂਮ ਕਹਾਣੀਕਾਰ ਅਜਾਇਬ ਸਿੰਘ ਮੁਸ਼ਕਾਬਾਦ ਦੀ ਅਣਛਪੀ ਕਹਾਣੀਆਂ ਦੀ ਕਿਤਾਬ ਦੇ ਖਰੜੇ ਵਿਚੋਂ ਇੱਕ ਕਹਾਣੀ ‘ਮਰਨ’ ਦੀਪ ਦਿਲਬਰ ਵਲੋਂ ਪੜ੍ਹੀ ਗਈ।
ਵਿਚਾਰ ਚਰਚਾ ਵਿੱਚ ਉਪਰੋਕਤ ਤੋਂ ਇਲਾਵਾ ਕਹਾਣੀਕਾਰ ਸੁਖਜੀਤ, ਮੁਖਤਿਆਰ ਸਿੰਘ ਖੰਨਾ, ਸਿਮਰਜੀਤ ਸਿੰਘ ਕੰਗ, ਕਹਾਣੀਕਾਰ ਮਨਦੀਪ ਸਿੰਘ ਡਡਿਆਣਾ, ਗੁਰਮੀਤ ਆਰਿਫ਼, ਅਮਨਦੀਪ ਕੋਸ਼ਲ ਅਤੇ ਦਰਸ਼ਨ ਸਿੰਘ ਕੰਗ ਨੇ ਭਾਗ ਲਿਆ।ਇਸ ਮੀਟਿੰਗ ਵਿੱਚ ਸਾਹਿਤ ਸਭਾ ਦੇ ਸਕੱਤਰ ਸੰਦੀਪ ਸਮਰਾਲਾ ਨੂੰ 28-27 ਮਾਰਚ ਨੂੰ ਕੇਸਰ ਸਿੰਘ ਵਾਲਾ (ਬਠਿੰਡਾ) ਵਿਖੇ ਹੋ ਰਹੀ ਪੰਜਾਬ ਪੱਧਰ ਦੀ ਕਹਾਣੀ ਗੋਸ਼ਟੀ ਵਿੱਚ ਕਹਾਣੀ ਪੜ੍ਹਨ ਦਾ ਸੱਦਾ ਆਉਣ ਦੀ ਵਧਾਈ ਦਿੱਤੀ ਗਈ।ਸਮੁੱਚੀ ਮੀਟਿੰਗ ਦੀ ਕਾਰਵਾਈ ਸਾਹਿਤ ਸਭਾ ਦੇ ਜਨਰਲ ਸਕੱਤਰ ਦੀਪ ਦਿਲਬਰ ਨੇ ਬਾਖੂਬੀ ਨਿਭਾਈ।
ਅਖੀਰ ਵਿੱਚ ਪੰਜਾਬੀ ਸਾਹਿਤ ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ ਨੇ ਸਾਰਿਆਂ ਦਾ ਇਸ ਮੀਟਿੰਗ ਵਿੱਚ ਸ਼ਾਮਿਲ ਹੋਣ ‘ਤੇ ਵਿਸ਼ੇਸ਼ ਧੰਨਵਾਦ ਕੀਤਾ।
Check Also
ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …
Punjab Post Daily Online Newspaper & Print Media