Tuesday, August 4, 2026

ਨਸ਼ਿਆਂ ਖਿਲਾਫ ਜੰਗ ‘ਚ ਵੀ ਮੋਹਰੀ ਸੂਬਾ ਹੋ ਨਿਤਰੇਗਾ ਪੰਜਾਬ – ਸੁਖਜਿੰਦਰ ਰੰਧਾਵਾ

ਐਸ.ਟੀ.ਐਫ ਦੇ ਗਠਨ ਤੇ ਨਸ਼ਾ ਵਿਰੋਧੀ ਮੁਹਿੰਮ ਦੇ ਨਤੀਜੇ ਸਾਰਥਿਕ ਆਏ

ਚੰਡੀਗੜ, 19 ਮਾਰਚ (ਪੰਜਾਬ ਪੋਸਟ ਬਿਊਰੋ) – ਆਜ਼ਾਦੀ ਸੰਘਰਸ਼, ਭਾਰਤ-ਪਾਕਿ ਜੰਗਾਂ ਅਤੇ ਅਤਿਵਾਦ ਖਿਲਾਫ ਜਿੱਤੀ ਲੜਾਈ ਦਾ ਜ਼ਿਕਰ ਕਰਦਿਆਂ ਪੰਜਾਬ ਦੇ Sukhjinder Randhawaਸਹਿਕਾਰਤਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਨਸ਼ਿਆਂ ਖਿਲਾਫ ਜੰਗ ਵਿੱਚ ਵੀ ਪੰਜਾਬ ਸਫਲਤਾ ਹਾਸਲ ਕਰ ਕੇ ਆਪਣੇ ਗੌਰਵਮਈ ਇਤਿਹਾਸ ਨੂੰ ਦੁਹਰਾਏਗਾ ਅਤੇ ਇਕ ਵਾਰ ਫੇਰ ਸੂਬਾ ਦੁਨੀਆਂ ਲਈ ਮਿਸਾਲ ਬਣ ਕੇ ਉਭਰੇਗਾ।
               ਰੰਧਾਵਾ ਨੇ ਵੀਰਵਾਰ ਨੂੰ ਇਥੇ ਸੂਬਾ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ `ਤੇ ਕਰਵਾਏ ਜਾ ਰਹੇ ਸੰਮੇਲਨ ਦੌਰਾਨ `ਨਸ਼ਿਆਂ ਖਿਲਾਫ ਜੰਗ ਅਤੇ ਭਵਿੱਖੀ ਚੁਣੌਤੀ` ਵਿਸ਼ੇ `ਤੇ ਬੋਲਦਿਆਂ ਕਿਹਾ ਕਿ ਤਿੰਨ ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਵਜੋਂ ਅਹੁੱਦਾ ਸੰਭਾਲਦਿਆਂ ਨਸ਼ਿਆਂ ਖਿਲਾਫ ਫੈਸਲਾਕੁੰਨ ਲੜਾਈ ਲਈ ਵਿਸ਼ੇਸ਼ ਟਾਸਕ ਫੋਰਸ (ਐਸ.ਟੀ.ਐਫ) ਦਾ ਗਠਨ ਕੀਤਾ ਅਤੇ ਕਈ ਨਸ਼ਾ ਰੋਕੂ ਮੁਹਿੰਮਾਂ ਦਾ ਆਗਾਜ਼ ਕੀਤਾ ਜਿਸ ਦੇ ਅੱਜ ਸਾਰਥਿਕ ਨਤੀਜੇ ਸਾਹਮਣੇ ਆਉਣ ਲੱਗੇ ਹਨ।
           ਉਨਾਂ ਕਿਹਾ ਕਿ ਜੇਕਰ ਰਾਜਸੀ ਮਨਸ਼ਾ ਹੋਵੇ ਅਤੇ ਲੋਕਾਂ ਦਾ ਸਹਿਯੋਗ ਹੋਵੇ ਤਾਂ ਹਰ ਲੜਾਈ ਜਿੱਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਨੱਬੇਵਿਆਂ ਵਿੱਚ ਪੰਜਾਬ ਨੇ ਇਸੇ ਦ੍ਰਿੜ ਇਰਾਦੇ ਨਾਲ ਅਤਿਵਾਦ ਖਿਲਾਫ ਲੜਾਈ ਜਿੱਤੀ ਸੀ। ਉਨਾਂ ਮੀਡੀਆ ਅਤੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਗੈਂਗਸਟਰਾਂ ਅਤੇ ਗੁੰਡਾ ਅਨਸਰਾਂ ਨੂੰ ਨਾਇਕ ਵਜੋਂ ਨਾ ਦਿਖਾਉਣ ਅਤੇ ਨਾ ਦੇਖਣ ਸਗੋਂ ਇਨਾਂ ਨੂੰ ਗੈਰ ਸਮਾਜੀ ਤੱਤਾਂ ਵਜੋਂ ਹੀ ਪੇਸ਼ ਕਰਨ।ਉਨਾਂ ਕਿਹਾ ਕਿ ਪਿਛਲੀ ਸਰਕਾਰ ਦੇ ਮਾੜੇ ਸਾਸ਼ਨ ਨਾਲ ਮੌਜੂਦਾ ਸਰਕਾਰ ਨੂੰ ਜੂਝਣਾ ਪਿਆ।ਉਨਾਂ ਕੇਂਦਰ ਸਰਕਾਰ ਅੱਗੇ ਵੀ ਮੰਗ ਰੱਖੀ ਕਿ ਉਹ ਜੇਲਾਂ ਦੀ ਮਜ਼ਬੂਤੀ ਲਈ ਫੰਡ ਦੇਣ ਕਿਉਂਕਿ ਜੇਲਾਂ ਵਿੱਚ 50 ਫੀਸਦੀ ਤੋਂ ਵੱਧ ਕੈਦੀ ਨਾਰਕੋ/ਐਨ.ਡੀ.ਪੀ.ਐਸ. ਕੇਸਾਂ ਨਾਲ ਸਬੰਧਤ ਹਨ।ਉਨਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਵੀ ਜੇਲ ਸੁਧਾਰ ਬੋਰਡ ਦਾ ਗਠਨ ਕੀਤਾ ਗਿਆ ਅਤੇ ਜੇਲਾਂ ਵਿੱਚ ਬੰਦ ਕੈਦੀਆਂ ਨੂੰ ਕਿਸੇ ਆਹਰੇ ਲਾਉਣ ਦੀ ਯੋਜਨਾ ਉਲੀਕੀ ਗਈ ਹੈ ਕਿਉਂਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ।
             ਸੂਬਾ ਸਰਕਾਰ ਵਲੋਂ ਚੁੱਕੇ ਕਦਮਾਂ ਦਾ ਜ਼ਿਕਰ ਕਰਦਿਆਂ ਰੰਧਾਵਾ ਨੇ ਅੰਕੜੇ ਪੇਸ਼ ਕਰਦੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਦੌਰਾਨ 42,571 ਵਿਅਕਤੀਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਅਤੇ ਪੰਜਾਬ ਪੁਲਿਸ ਵੱਲੋਂ 974.15 ਕਿਲੋਗ੍ਰਾਮ ਹੈਰੋਇਨ ਜ਼ਬਤ ਕਰ ਕੇ 34, 373 ਐਨ.ਡੀ.ਪੀ.ਐਸ ਕੇਸ ਦਰਜ ਹੋਏ ਹਨ।ਐਸ.ਟੀ.ਐਫ ਵਲੋਂ ਅੰਮ੍ਰਿਤਸਰ ਵਿੱਚ 197 ਕਿਲੋ ਗ੍ਰਾਮ ਹੈਰੋਇਨ ਫੜਨ ਸਮੇਤ ਕਈ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ।
             ਐਸ.ਟੀ.ਐਫ ਦੇ ਮੁਖੀ ਏ.ਡੀ.ਜੀ.ਪੀ ਹਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਆਉਂਦੇ ਸਮੇਂ ਵਿੱਚ ਹੋਰ ਰਫ਼ਤਾਰ ਫੜੇਗੀ ਅਤੇ ਇਸ ਦੇ ਬੇਮਿਸਾਲ ਨਤੀਜੇ ਸਾਹਮਣੇ ਆਉਣਗੇ।ਉਨਾਂ ਕਿਹਾ ਕਿ ਨਸ਼ਿਆਂ ਨਾਲ ਜੁੜੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਨਸ਼ਾ ਗ੍ਰਸਤ ਵਿਅਕਤੀ ਦਾ ਜੀਵਨ ਮੁੜ ਲੀਹ ਉਤੇ ਲਿਆਉਣ ਲਈ ਉਸ ਦੇ ਮੁੜ ਵਸੇਬੇ ਲਈ ਹਰ ਉਪਰਾਲਾ ਕੀਤਾ ਜਾਵੇਗਾ।ਉਨਾਂ ਕਿਹਾ ਕਿ ਐਸ.ਟੀ.ਐਫ ਦੇ ਕੰਮਕਾਜ ਵਿੱਚ ਕੋਈ ਰਾਜਸੀ ਦਖਲ ਨਹੀਂ ਹੈ ਜਿਸ ਕਾਰਨ ਇਸ ਦੇ ਹੋਰ ਵੀ ਵਧੀਆ ਨਤੀਜੇ ਸਾਹਮਣੇ ਆਏ ਹਨ।ਉਨਾਂ ਕਿਹਾ ਕਿ ਸੂਬਾ ਸਰਕਾਰ ਨੇ 193 ਓਟ ਕਲੀਨਿਕ ਸਥਾਪਤ ਕੀਤੇ ਹਨ ਜੋ ਨਸ਼ਾ ਪੀੜਤਾਂ ਨੂੰ ਮੁਫਤ ਨਿਯਮਤ ਇਲਾਜ ਮੁਹੱਈਆ ਕਰਵਾ ਰਹੇ ਹਨ। ਇਸ ਸਮੇਂ ਸੂਬੇ ਵਿੱਚ 3 ਲੱਖ 70 ਹਜ਼ਾਰ ਵਿਅਕਤੀ ਨਸ਼ਿਆਂ ਦੇ ਇਲਾਜ ਅਧੀਨ ਹਨ।ਇਸੇ ਤਰਾਂ ਨਸ਼ਾ ਰੋਕੂ ਮੁਹਿੰਮ ਨੂੰ `ਲੋਕ-ਮੁਹਿੰਮ` ਬਣਾਉਣ ਲਈ 5 ਲੱਖ ਤੋਂ ਵੱਧ ਨਸ਼ਾ ਰੋਕੂ ਅਫਸਰ `ਡੈਪੋ` ਨਾਮਜ਼ਦ ਕੀਤੇ ਹਨ। ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਬੱਡੀ ਪ੍ਰੋਗਰਾਮ ਨਾਲ ਜੁੜਿਆ ਗਿਆ ਅਤੇ ਹੁਣ ਤੱਕ 7 ਲੱਖ ਤੋਂ ਵੱਧ ਬੱਡੀ ਗਰੁੱਪ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਨੌਜਵਾਨਾਂ ਨੂੰ ਜਾਗਰੂਕ ਕਰ ਰਹੇ ਹਨ।ਨਸ਼ਾ-ਛੁਡਾਓ ਪ੍ਰੋਗਰਾਮ ਅਧੀਨ ਲਗਭਗ 4 ਲੱਖ ਮਰੀਜ਼ ਰਜਿਸਟਰਡ ਹੋਏ ਹਨ।
              ਪੈਨਲ ਚਰਚਾ ਵਿੱਚ ਹਿੱਸਾ ਲੈ ਰਹੇ ਤਰਨ ਤਾਰਨ ਜ਼ਿਲੇ ਦੇ ਸਰਹੱਦੀ ਪਿੰਡ ਦੌਦਪੁਰ ਦੇ ਸਰਪੰਚ ਗੁਰਵਿੰਦਰ ਸਿੰਘ ਨੇ ਆਪਣੇ ਪਿੰਡ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਜਾਗਰੂਕ ਕੀਤਾ ਗਿਆ।ਜਿਸ ਕਾਰਨ ਉਨਾਂ ਨੇ ਸਵੈ ਇੱਛਾ ਨਾਲ ਨਸ਼ਿਆਂ ਖਿਲਾਫ ਨਿਤਰਨ ਦਾ ਫੈਸਲਾ ਕੀਤਾ।ਉਨਾਂ ਕਿਹਾ ਕਿ ਸਰਕਾਰ ਅਤੇ ਪੁਲਿਸ ਦੇ ਸਹਿਯੋਗ ਨਾਲ ਹੋਰ ਵੀ ਨਤੀਜੇ ਸਾਹਮਣੇ ਆਏ।ਜੇਕਰ ਹਰ ਪਿੰਡ ਆਪਣੇ ਆਪ ਨੂੰ ਇਕਾਈ ਸਮਝ ਕੇ ਨਸ਼ਿਆਂ ਖਿਲਾਫ ਲੜਾਈ ਵਿੱਚ ਨਿੱਤਰ ਆਵੇ ਤਾਂ ਪੂਰਾ ਸੂਬਾ ਅਤੇ ਦੇਸ਼ ਇਸ ਲਾਹਨਤ ਤੋਂ ਨਿਜ਼ਾਤ ਪਾ ਸਕਦਾ ਹੈ।
                ਪੈਨਲ ਚਰਚਾ ਵਿੱਚ ਮਾਨਸਿਕ ਰੋਗਾਂ ਦੇ ਮਾਹਿਰ ਡਾ. ਰਾਣਾ ਰਣਬੀਰ ਸਿੰਘ ਤੇ ਡਾ. ਸੰਦੀਪ ਭੋਲਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

Check Also

40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ

ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …