ਸਮਾਜਿਕ ਦੂਰੀ ਬਣਾ ਕੇ ਰੱਖਣ ਦੇ ਨੇਮਾਂ ਦੀ ਪਾਲਣਾ ਸਖ਼ਤੀ ਨਾਲ ਲਾਗੂ – ਕੁਮਾਰ ਅਮਿਤ
ਪਟਿਆਲਾ, 6 ਅਪਰੈਲ (ਪੰਜਾਬ ਪੋਸਟ ਬਿਊਰੋ) – ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਵਿਆਪੀ ਲਾਕਡਾਊਨ ਅਤੇ ਪਟਿਆਲਾ ਜ਼ਿਲ੍ਹੇ ਅੰਦਰ ਲਗਾਏ
ਗਏ ਕਰਫਿਊ ਦੇ ਮੱਦੇਨਜ਼ਰ 200 ਦੇ ਕਰੀਬ ਦਿਹਾੜੀਦਾਰ ਮਜ਼ਦੂਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਅਤ ਜਗ੍ਹਾ ਵਿਖੇ ਠਹਿਰਾਇਆ ਹੈ। ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਕੁਮਾਰ ਅਮਿਤ ਨੇ ਦੱਸਿਆ ਕਿ ਭਾਵੇਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਗਈ ਅਪੀਲ ਮਗਰੋਂ ਜ਼ਿਲ੍ਹੇ ਦੀਆਂ ਸਮੁਚੀਆਂ ਉਦਯੋਗਿਕ ਇਕਾਈਆਂ ਨੇ ਆਪਣੇ ਪੱਧਰ `ਤੇ ਉਨ੍ਹਾਂ ਕੋਲ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਦੇ ਰਹਿਣ-ਸਹਿਣ ਦੇ ਪ੍ਰਬੰਧ ਕੀਤੇ ਹਨ ਪਰੰਤੂ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਇਨ੍ਹਾਂ ਬਾਰੇ ਲਗਾਤਾਰ ਰਾਬਤਾ ਬਣਾਇਆ ਹੋਇਆ ਹੈ।
ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਸਬ ਡਵੀਜਨਾਂ ਵਿਖੇ ਸ਼ੈਲਟਰ ਹੋਮ ਬਣਾਏ ਗਏ ਸਨ ਪਰੰਤੂ ਕਿਸੇ ਵੀ ਥਾਂ ਪ੍ਰਵਾਸੀ ਮਜ਼ਦੂਰਾਂ ਨੂੰ ਇਨ੍ਹਾਂ ਥਾਵਾਂ ਵਿਖੇ ਰੱਖਣ ਦੀ ਲੋੜ ਨਹੀਂ ਪਈ, ਕਿਉਂਕਿ ਇਹ ਲੋਕ ਸਬੰਧਤ ਉਦਯੋਗਿਕ ਇਕਾਈਆਂ ਵਿਖੇ ਹੀ ਰਹਿ ਰਹੇ ਹਨ।ਉਨ੍ਹਾਂ ਦੱਸਿਆ ਕਿ ਪਰੰਤੂ ਪਾਤੜਾਂ ਅਤੇ ਸਮਾਣਾਂ ਵਿਖੇ ਕੋਈ 600 ਦੇ ਕਰੀਬ ਅਜਿਹੇ ਮਜ਼ਦੂਰ ਆਪੋ-ਆਪਣੀਆਂ ਪਹਿਲਾਂ ਵਾਲੀਆਂ ਥਾਵਾਂ `ਤੇ ਹੀ ਰਹਿ ਰਹੇ ਹਨ, ਜਿਨ੍ਹਾਂ ਨੂੰ ਲੋੜੀਂਦਾ ਰਾਸ਼ਨ ਮੁਹੱਈਆ ਕਰਵਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਪਟਿਆਲਾ ਸ਼ਹਿਰ ਵਿਖੇ ਕੁੱਝ ਮਜ਼ਦੂਰਾਂ ਬਾਰੇ ਮਾਮਲਾ ਸਾਹਮਣੇ ਆਉਣ `ਤੇ ਐਸ.ਡੀ.ਐਮ ਪਟਿਆਲਾ ਚਰਨਜੀਤ ਸਿੰਘ ਨੇ ਇਨ੍ਹਾਂ ਦੇ ਰਹਿਣ ਤੇ ਖਾਣ ਪੀਣ ਲਈ ਪ੍ਰਬੰਧ ਕਰਦਿਆਂ ਇਨ੍ਹਾਂ ਨੂੰ ਸਰਕਾਰੀ ਮਲਟੀਪਰਪਜ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਾਸੀ ਰੋਡ ਵਿਖੇ ਠਹਿਰਾਇਆ ਗਿਆ।ਜਿੱਥੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਸਰਬੇਸ਼ਵਰ ਸਿੰਘ ਮੋਹੀ ਇਨ੍ਹਾਂ ਦੀ ਦੇਖ ਰੇਖ ਕਰ ਰਹੇ ਹਨ ਅਤੇ ਇਨ੍ਹਾਂ ਨੂੰ ਸੌਣ ਲਈ ਕਮਰਾ/ਬਿਸਤਰਾ ਅਤੇ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ।
Punjab Post Daily Online Newspaper & Print Media