ਪ੍ਰਸ਼ਾਸਨ ਵਲੋਂ ਤਿੰਨ ਪਿੰਡ ਪਿੰਡ ਮਨੈਲੀ, ਸੰਘੋਲ ਤੇ ਸਾਨੀਪੁਰ ਸੀਲ
ਫਤਹਿਗੜ੍ਹ ਸਾਹਿਬ, 6 ਅਪਰੈਲ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਐਨ.ਕੇ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 2 ਮਰੀਜ਼ਾਂ ਦੀ ਕੋਰੋਨਾ
ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।ਕੋਰੋਨਾ ਵਾਇਰਸ ਸਬੰਧੀ ਪਾਜ਼ੇਟਿਵ ਪਾਈਆਂ ਗਈਆਂ ਦੋਵੇਂ ਔਰਤਾਂ ਔਰੰਗਾਬਾਦ, ਮਹਾਰਾਸ਼ਟਰ ਤੋਂ ਨਿਜ਼ਾਮੂਦੀਨ ਹੁੰਦੀਆਂ ਹੋਈਆਂ ਜ਼ਿਲ੍ਹੇ ਦੇ ਪਿੰਡ ਮਨੈਲੀ ਪੁੱਜੀਆਂ ਸਨ।ਇਸ ਤੋਂ ਪਹਿਲਾਂ ਇਹ ਦੋਵੇਂ ਔਰਤਾਂ ਜ਼ਿਲ੍ਹੇ ਦੇ ਪਿੰਡ ਸਾਨੀਪੁਰ ਅਤੇ ਸੰਘੋਲ ਵਿਖੇ ਵੀ ਕੁਝ ਚਿਰ ਰਹੀਆਂ।ਬੀਤੇ ਦਿਨੀ ਇਨ੍ਹਾਂ ਨੂੰ ਕਮਿਊਨਿਟੀ ਹੈਲਥ ਸੈਂਟਰ ਖਮਾਣੋਂ ਵਿਖੇ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਸੀ ਤੇ ਇਨ੍ਹਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਉਣ `ਤੇ ਇਨ੍ਹਾਂ ਨੂੰ ਗਿਆਨ ਸਾਗਰ ਹਸਪਤਾਲ, ਬਨੂੜ ਦਾਖਲ ਕਰਵਾਇਆ ਗਿਆ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪਿੰਡ ਸਾਨੀਪੁਰ, ਸੰਘੋਲ ਅਤੇ ਮਨੈਲੀ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਪਿੰਡ ਸਾਨੀਪੁਰ ਵਿਖੇ ਇਨ੍ਹਾਂ ਔਰਤਾਂ ਦੇ ਸੰਪਰਕ ਵਿੱਚ ਆਏ 35 ਵਿਅਕਤੀਆਂ ਨੂੰ ਟਰੇਸ ਕਰਕੇ ਇਕਾਂਤਵਾਸ ਕੀਤਾ ਗਿਆ ਹੈ ਅਤੇ 03 ਸੈਂਪਲ ਲਏ ਗਏ ਹਨ।ਸੰਘੋਲ ਵਿਖੇ ਇਨ੍ਹਾਂ ਦੇ ਸੰਪਰਕ ਵਿੱਚ ਆਏ 64 ਵਿਅਕਤੀਆਂ ਨੂੰ ਟਰੇਸ ਕਰਕੇ ਇਕਾਂਤਵਾਸ ਕੀਤਾ ਗਿਆ ਹੈ ਤੇ 09 ਸੈਂਪਲ ਲਏ ਗਏ ਹਨ।ਪਿੰਡ ਮਨੈਲੀ ਵਿਖੇ ਇਨ੍ਹਾਂ ਦੇ ਸੰਪਰਕ `ਚ ਆਏ 46 ਵਿਅਕਤੀਆਂ ਨੂੰ ਟਰੇਸ ਕਰਕੇ ਇਕਾਂਤਵਾਸ ਕੀਤਾ ਗਿਆ ਹੈ ਅਤੇ 05 ਸੈਂਪਲ ਲਏ ਗਏ ਹਨ।ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਾਰੇ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ ਅਤੇ ਉਪਰੋਕਤ ਪਿੰਡਾਂ ਸਮੇਤ ਜ਼ਿਲ੍ਹੇ ਦੇ ਸਾਰੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਸ਼ੇਸ਼ ਤੌਰ `ਤੇ ਸੈਨੀਟਾਈਜੇਸ਼ਨ ਵੀ ਕਰਵਾਈ ਜਾ ਰਹੀ ਹੈ।
Punjab Post Daily Online Newspaper & Print Media