Wednesday, August 12, 2026

ਡਿਊਟੀ ਨੂੰ ਦਿੱਤੀ ਪਹਿਲ, ਪਿਤਾ ਦੀਆਂ ਅਸਥੀਆਂ ਜਲ ਪ੍ਰਵਾਹ ਨਾ ਕਰ ਸਕੇ ਡਾ. ਬਲਵਿੰਦਰ ਸਿੰਘ

ਸਰਕਾਰ ਤੇ ਜ਼ਿਲਾ ਪ੍ਰਸ਼ਾਸ਼ਨ ਦੇ ਅਕਸ ਨੂੰ ਹੋਰ ਨਿਖਾਰਦੇ ਹਨ ਅਜਿਹੇ ਅਧਿਕਾਰੀ – ਡੀ.ਸੀ

ਹੁਸ਼ਿਆਰਪੁਰ, 6 ਅਪਰੈਲ (ਪੰਜਾਬ ਪੋਸਟ ਬਿਊਰੋ) – ਜਹਾਂ ਰਹੇਗਾ ਵਹੀਂ ਰੌਸ਼ਨੀ ਲੁਟਾਏਗਾ, ਕਿਸੀ ਚਿਰਾਗ ਕਾ ਅਪਨਾ ਮਕਾਂ ਨਹੀਂ ਹੋਤਾ। ਇਹ ਸਤਰਾਂ ਅੱਜ ਦੇ Corona Virusਦੌਰ ਵਿੱਚ ਹਰ ਉਸ ਵਿਅਕਤੀ, ਕਰਮਚਾਰੀ ਅਤੇ ਅਧਿਕਾਰੀ ਨੂੰ ਸਮਰਪਿਤ ਹਨ, ਜੋ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਆਪਣੇ ਨਿੱਜੀ ਹਿੱਤਾਂ ਨੂੰ ਨਜ਼ਰ-ਅੰਦਾਜ਼ ਕਰਕੇ ਸਮਾਜ ਅਤੇ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਅ ਰਿਹਾ ਹੈ।ਅਜਿਹੇ ਹੀ ਇਕ ਸ਼ਖਸ਼ ਹਨ ਹੁਸ਼ਿਆਰਪੁਰ ਦੇ ਹਾਜੀਪੁਰ ਬਲਾਕ ਦੇ ਐਸ.ਐਮ.ਓ ਡਾ. ਬਲਵਿੰਦਰ ਸਿੰਘ, ਜੋ ਪਿਤਾ ਦੀ ਮੌਤ ਹੋ ਜਾਣ ਤੋਂ ਬਾਅਦ ਵੀ ਉਨਾਂ ਦੀਆਂ ਅਸਥੀਆਂ ਜਲ ਪ੍ਰਵਾਹ ਨਹੀਂ ਕਰਨ ਜਾ ਸਕੇ, ਕਿਉਂਕਿ ਉਨਾਂ ਲਈ ਨਿੱਜੀ ਹਿੱਤ ਤੋਂ ਜ਼ਿਆਦਾ ਲੋਕਾਂ ਦੀ ਸਿਹਤ ਪਹਿਲਾਂ ਸੀ।
            ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਐਸ.ਐਮ.ਓ ਹਾਜੀਪੁਰ ਡਾ. ਬਲਵਿੰਦਰ ਸਿੰਘ ਵਰਗੇ ਅਧਿਕਾਰੀ ਸਮਾਜ ਲਈ ਪ੍ਰੇਰਣਾ ਸਰੋਤ ਹਨ।ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਨ ਨੂੰ ਅਜਿਹੇ ਮਿਹਨਤੀ ਅਧਿਕਾਰੀਆਂ `ਤੇ ਮਾਣ ਹੈ, ਜੋ ਨਾਜ਼ੁਕ ਦੌਰ ਵਿੱਚ ਆਪਣੀ ਅਤੇ ਪਰਿਵਾਰ ਦੀ ਫ਼ਿਕਰ ਛੱਡ ਕੇ ਜਨਤਾ ਦੀ ਸੇਵਾ ਕਰ ਰਹੇ ਹਨ। ਉਨਾਂ ਕਿਹਾ ਕਿ ਮੁਸ਼ਕਿਲ ਹਾਲਤਾਂ ਵਿੱਚ ਪੂਰੀ ਜ਼ਿੰਮੇਵਾਰੀ ਨਾਲ ਡਿਊਟੀ ਨਿਭਾਉਣ ਵਾਲੇ ਅਧਿਕਾਰੀ ਅਤੇ ਕਰਮਚਾਰੀ ਸਰਕਾਰ ਅਤੇ ਜ਼ਿਲਾ ਪ੍ਰਸ਼ਾਸ਼ਨ ਦੇ ਅਕਸ ਨੂੰ ਹੋਰ ਨਿਖਾਰਦੇ ਹਨ।
             ਡਾਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਦੇ ਪਿਤਾ ਉਨਾਂ ਕੋਲ ਰਹਿ ਰਹੇ ਸਨ, ਕੁੱਝ ਦਿਨ ਪਹਿਲਾਂ ਹੀ ਉਨਾਂ ਪਿਤਾ ਜੀ ਨੂੰ ਆਪਣੇ ਵੱਡੇ ਭਰਾ ਦੇ ਕੋਲ ਫਰੀਦਕੋਟ ਛੱਡਿਆ ਸੀ, ਕਿਉਂਕਿ ਕੋਰੋਨਾ ਵਾਇਰਸ ਦੇ ਚੱਲਦੇ ਉਹ ਪਿਤਾ ਜੀ ਦੀ ਦੇਖ-ਭਾਲ ਲਈ ਜ਼ਿਆਦਾ ਸਮਾਂ ਨਹੀਂ ਦੇ ਪਾਉਂਦੇ ਸੀ।ਉਨਾਂ ਦੱਸਿਆ ਕਿ ਉਨਾਂ ਦੇ ਪਿਤਾ ਜੀ ਦੀ ਉਮਰ 94 ਸਾਲ ਸੀ ਅਤੇ ਉਹ ਬਹੁਤ ਤੰਦਰੁਸਤ ਸਨ, ਪਰ ਅਚਾਨਕ 1 ਅਪ੍ਰੈਲ ਨੂੰ ਉਨਾਂ ਦੀ ਮੌਤ ਹੋ ਗਈ। ਉਨਾਂ ਦੀ ਮੌਤ ਦੀ ਸੂਚਨਾ ਜਦੋਂ ਉਨਾਂ ਨੂੰ ਮਿਲੀ ਤਾਂ ਉਹ ਡਿਊਟੀ `ਤੇ ਸਨ ਅਤੇ ਕੰਮ ਨਿਪਟਾ ਕੇ ਉਹ ਸ਼ਾਮ ਨੂੰ ਸਿੱਧਾ ਸ਼ਮਸ਼ਾਨਘਾਟ ਪਿਤਾ ਦੇ ਸੰਸਕਾਰ ਲਈ ਪਹੁੰਚੇ ਅਤੇ ਦੁਬਾਰਾ ਫਿਰ ਅਗਲੇ ਦਿਨ ਤੋਂ ਆਪਣੀ ਡਿਊਟੀ ਸੰਭਾਲ ਲਈ।ਉਨਾਂ ਪਿਤਾ ਜੀ ਦੀਆਂ ਅਸਥੀਆਂ ਪ੍ਰਵਾਹ ਕਰਨ ਲਈ ਵੱਡੇ ਭਰਾ ਨੂੰ ਕਿਹਾ, ਤਾਂ ਜੋ ਉਹ ਆਪਣੇ ਬਲਾਕ ਵਿੱਚ ਆਪਣੀ ਡਿਊਟੀ ਸੰਭਾਲ ਸਕੇ।
               ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਦੇ ਬਲਾਕ ਵਿੱਚ 25 ਸਬ ਸੈਂਟਰ ਹਨ ਅਤੇ ਜਿੰਨਾਂ ਵਿੱਚ ਉਨਾਂ ਨੇ ਸਾਰੇ ਕੇਂਦਰਾਂ ਦੀ ਬਕਾਇਦਾ ਜਾਂਚ ਕੀਤੀ ਹੈ।ਆਪਣੇ ਬਲਾਕ ਵਿੱਚ 143 ਘਰਾਂ ਨੂੰ ਕੁਆਰਨਟਾਈਨ ਕੀਤਾ ਹੈ ਅਤੇ ਇਨਾਂ ਦਾ ਨਿਯਮਿਤ ਤੌਰ `ਤੇ ਫਾਲੋਅੱਪ ਕੀਤਾ ਜਾ ਰਿਹਾ ਹੈ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …