136000 ਕਾਮਿਆਂ ਨੂੰ 7 ਅਪ੍ਰੈਲ ਤੱਕ ਦਿੱਤੀ ਬਣਦੀ ਉਜ਼ਰਤ
ਚੰਡੀਗੜ, 10 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਮਗਨਰੇਗਾ ਸਕੀਮ ਤਹਿਤ ਕੰਮ ਕਰਨ ਵਾਲੇ ਸੂਬੇ ਦੇ
136000 ਕਾਮਿਆਂ ਦੀ 7 ਅਪ੍ਰੈਲ ਤੱਕ ਬਣਦੀ ਸਾਰੀ ਉਜ਼ਰਤ ਦੀ 92 ਕਰੋੜ ਰੁਪਏ ਦੀ ਰਾਸ਼ੀ ਕੱਲ ਉਨਾਂ ਦੇ ਬੈਂਕ ਖਾਤਿਆਂ ਵਿਚ ਪਾ ਦਿੱਤੀ ਗਈ ਹੈ ਤਾਂ ਕਿ ਇਸ ਸੰਕਟ ਦੇ ਦੌਰ ਵਿਚ ਉਹਨਾਂ ਨੂੰ ਆਪਣਾ ਘਰ ਚਲਾਉਣ ਵਿਚ ਮਦਦ ਮਿਲ ਸਕੇ।
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਵਿਭਾਗ ਵਲੋਂ ਇਸ ਸਕੀਮ ਤਹਿਤ 226 ਕਰੋੜ ਰੁਪਏ ਹਾਸਲ ਕੀਤੇ ਗਏ ਸਨ।ਬਾਜਵਾ ਨੇ ਕਿਹਾ ਕਿ ਉਹਨਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਸਪੱਸ਼ਟ ਹਿਦਾਇਤਾਂ ਦਿੱਤੀਆਂ ਹਨ ਕਿ ਮਗਨਰੇਗਾ ਸਕੀਮ ਇਸ ਸੰਕਟ ਦੇ ਸਮੇਂ ਵਿਚ ਗਰੀਬ ਵਰਗ ਲਈ ਬੜੀ ਵੱਡੀ ਰਾਹਤ ਦੇ ਸਕਦੀ ਹੈ, ਇਸ ਲਈ ਇਸ ਸਕੀਮ ਤਹਿਤ ਕਾਮਿਆਂ ਨੂੰ ਵੱਧ ਤੋਂ ਵੱਧ ਕੰਮ ਦਿੱਤਾ ਜਾਵੇ।
ਇਥੇ ਇਹ ਵਰਨਣਯੋਗ ਹੈ ਕਿ ਮਗਨਰੇਗਾ ਸਕੀਮ ਤਹਿਤ ਸੂਬੇ ਵਿਚ ਕੁੱਲ 28.23 ਲੱਖ ਕਾਮੇ ਰਜਿਸਟਰਡ ਹਨ ਜਿਨਾਂ ਨੂੰ ਸਾਲ ਵਿਚ ਇੱਕ ਸੌ ਦਿਨ ਦਾ ਰੁਜ਼ਗਾਰ ਮੁਹੱਈਆ ਕਰਾਇਆ ਜਾ ਸਕਦਾ ਹੈ।ਪੰਜਾਬ ਵਿਚ ਮਗਨਰੇਗਾ ਕਾਮਿਆਂ ਦੀ ਉਜਰਤ ਇਸ ਅਪ੍ਰੈਲ ਮਹੀਨੇ ਤੋਂ ਵੱਧ ਕੇ 263 ਰੁਪਏ ਹੋ ਗਈ ਹੈ।
ਪੰਚਾਇਤ ਮੰਤਰੀ ਨੇ ਇਹ ਵੀ ਦਸਿਆ ਕਿ ਵਿਭਾਗ ਨੇ ਜ਼ਿਲਾ ਪ੍ਰੀਸ਼ਦਾਂ ਅਤੇ ਪੰਚਾਇਤ ਸੰਮਿਤੀਆਂ ਦੇ ਮੁਲਾਜ਼ਮਾਂ ਦੀਆਂ ਪਿਛਲੇ ਸਾਲ ਅਕਤੂਬਰ ਤੋਂ ਇਸ ਸਾਲ ਦੇ ਮਾਰਚ ਮਹੀਨੇ ਤੱਕ ਦੀਆਂ ਤਨਖ਼ਾਹਾਂ ਦੀ ਅਦਾਇਗੀ ਕਰ ਦਿੱਤੀ ਹੈ।ਉਹਨਾਂ ਕਿਹਾ ਕਿ ਜ਼ਿਲਾ ਪ੍ਰੀਸ਼ਦਾਂ ਅਤੇ ਪੰਚਾਇਤ ਸੰਮਿਤੀਆਂ ਦੇ ਸੇਵਾ ਮੁਕਤ ਮੁਲਾਜ਼ਮਾਂ ਦੀਆਂ ਫ਼ਰਵਰੀ ਅਤੇ ਮਾਰਚ ਮਹੀਨਿਆਂ ਦੀਆਂ ਬਕਾਇਆ ਪੈਨਸ਼ਨਾਂ ਵੀ ਅਦਾ ਕਰ ਦਿੱਤੀਆਂ ਗਈਆਂ ਹਨ।
Punjab Post Daily Online Newspaper & Print Media