Sunday, April 12, 2026

ਸਬਜ਼ੀ ਮੰਡੀ `ਚ ਪੁਲਿਸ ਮੁਲਾਜ਼ਮਾਂ `ਤੇ ਜਾਨਲੇਵਾ ਹਮਲਾ ਕਰਨ ਵਾਲੇ ਨਿਹੰਗ ਮਾਰੂ ਹਥਿਆਰਾਂ ਸਮੇਤ ਕਾਬੂ

ਮੁਕਾਬਲੇ ਦੌਰਾਨ ਮਹਿਲਾ ਸਮੇਤ 11 ਕਾਬੂ, ਮਾਰੂ ਹਥਿਆਰ ਤੇ 39 ਲੱਖ ਦੇ ਕਰੀਬ ਨਕਦੀ ਬਰਾਮਦ

ਰਾਜਪੁਰਾ / ਪਟਿਆਲਾ 12 ਅਪ੍ਰੈਲ (ਪੰਜਾਬ ਪੋਸਟ – ਡਾ. ਗੁਰਵਿੰਦਰ ਅਮਨ) – ਪਟਿਆਲਾ ਪੁਲਿਸ ਨੇ ਆਈ.ਜੀ ਜਤਿੰਦਰ ਸਿੰਘ ਔਲਖ ਅਤੇ ਜ਼ਿਲ੍ਹਾ ਪੁਲਿਸ ਮੁਖੀ Khichdi Sahibਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਪੇਸ਼ੇਵਰ ਢੰਗ ਨਾਲ ਕੀਤੇ ਸਫ਼ਲ ਉਪਰੇਸ਼ਨ ਮਗਰੋਂ ਇਥੇ ਸਬਜ਼ੀ ਮੰਡੀ ਵਿਖੇ ਪੁਲਿਸ ਮੁਲਾਜ਼ਮਾਂ ਉਪਰ ਜਾਨਲੇਵਾ ਹਮਲਾ ਕਰਕੇ ਪਟਿਆਲਾ-ਚੀਕਾ ਰੋਡ `ਤੇ ਸਥਿਤ ਪਿੰਡ ਬਲਬੇੜਾ ਵਿਖੇ ਗੁਰਦੁਆਰਾ ਖਿੱਚੜੀ ਸਾਹਿਬ ਦੇ ਰਿਹਾਇਸ਼ੀ ਕੁਆਰਟਰਾਂ ਵਿਚ ਲੁਕੇ ਹਮਲਾਵਰਾਂ ਨੂੰ ਮੁਕਾਬਲੇ ਮਗਰੋਂ ਮਾਰੂ ਹਥਿਆਰਾਂ ਸਮੇਤ ਕਾਬੂ ਕਰ ਲਿਆ ਹੈ।ਇਨ੍ਹਾਂ ਵਿੱਚ 1 ਮਹਿਲਾ ਸਮੇਤ 11 ਵਿਅਕਤੀ ਸ਼ਾਮਲ ਹਨ।
       ਜਿਕਰਯੋਗ ਹੈ ਕਿ ਅੱਜ ਸਵੇਰੇ ਸਵਾ ਕੁ 6 ਵਜੇ ਇਥੇ ਸਨੌਰ ਰੋਡ `ਤੇ ਸਥਿਤ ਸਬਜ਼ੀ ਮੰਡੀ ਵਿਖੇ ਕੋਰੋਨਾਵਾਇਰਸ ਕਰਕੇ ਲਗਾਏ ਗਏ ਕਰਫਿਊ ਦੇ ਮੱਦੇਨਜ਼ਰ ਪੁਲਿਸ ਵਲੋਂ ਡਿਊਟੀ ਦੌਰਾਨ ਸਬਜ਼ੀ ਮੰਡੀ ਵਿੱਚ ਬਿਨਾਂ ਪਾਸ ਦੇ ਦਾਖਲ ਹੋਣ ਵਾਲੇ ਵਿਅਕਤੀਆਂ ਨੂੰ ਰੋਕਿਆ ਗਿਆ ਤਾਂ ਬੈਰੀਕੇਡ ਤੋੜ ਕੇ ਨਿਹੰਗ ਬਾਣੇ ਵਿੱਚ ਆਏ ਇੱਕ ਗੱਡੀ `ਚ ਸਵਾਰ ਅਣਪਛਾਤਿਆਂ ਨੇ ਪੁਲਿਸ ਪਾਰਟੀ ਉਪਰ ਨੰਗੀਆਂ ਤਲਵਾਰਾਂ ਨਾਲ ਹਮਲਾ ਕਰ ਦਿੱਤਾ।ਹਮਲਾਵਰਾਂ ਨੇ ਪੁਲਿਸ ਦੇ ਡਿਊਟੀ ਦੇ ਰਹੇ ਏ.ਐਸ.ਆਈ ਹਰਜੀਤ ਸਿੰਘ ਦਾ ਹੱਥ ਗੁੱਟ ਤੋਂ ਅਲੱਗ ਕਰ ਦਿੱਤਾ ਜਦੋਂਕਿ ਮੰਡੀ ਬੋਰਡ ਦੇ 1 ਮੁਲਾਜ਼ਮ ਸਮੇਤ ਪੁਲਿਸ ਦੇ ਕੁੱਝ ਹੋਰ ਮੁਲਾਜ਼ਮ ਵੀ ਜਖਮੀ ਹੋਏ ਸਨ।
           ਇਸ ਸਾਰੇ ਉਪਰੇਸ਼ਨ ਨੂੰ ਸਫ਼ਲਤਾ ਪੂਰਵਕ ਮੁਕੰਮਲ ਕਰਨ ਮਗਰੋਂ ਬਲਬੇੜਾ ਵਿਖੇ ਕੀਤੀ ਪ੍ਰੈਸ ਕਾਨਫਰੰਸ ਮੌਕੇ ਆਈ.ਜੀ ਪਟਿਆਲਾ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਇਨ੍ਹਾਂ ਹਮਲਾਵਰਾਂ ਨੂੰ ਕਾਬੂ ਕਰਨ ਲਈ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਐਸ.ਪੀ ਸਿਟੀ ਵਰੁਣ ਸ਼ਰਮਾ, ਐਸ.ਪੀ (ਡੀ) ਹਰਮੀਤ ਸਿੰਘ ਹੁੰਦਲ, ਐਸ.ਪੀ ਸੁਰੱਖਿਆ ਤੇ ਟ੍ਰੈਫਿਕ ਪਲਵਿੰਦਰ ਸਿੰਘ ਚੀਮਾ ਦੀ ਦੇਖ-ਰੇਖ ਹੇਠਲੀਆਂ ਟੀਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਇਨ੍ਹਾਂ ਦਾ ਪਿੱਛਾ ਕੀਤਾ। ਔਲਖ ਨੇ ਦੱਸਿਆ ਕਿ ਇਹ ਸਾਰੇ ਹਮਲਾਵਰ ਪਟਿਆਲਾ-ਚੀਕਾ ਰੋਡ `ਤੇ ਸਥਿਤ ਪਿੰਡ ਬਲਬੇੜਾ ਵਿਖੇ ਗੁਰਦੁਆਰਾ ਖਿਚੜੀ ਸਾਹਿਬ ਦੇ ਰਿਹਾਇਸ਼ੀ ਕੁਆਟਰਾਂ ਵਿੱਚ ਲੁਕ ਗਏ ਸਨ, ਜਿਸ ਕਰਕੇ ਪੁਲਿਸ ਅਤੇ ਐਸ.ਓ.ਜੀ ਦੇ ਕਮਾਂਡੋ ਨੇ ਇਸ ਅਸਥਾਨ ਦੀ ਮਰਿਆਦਾ `ਚ ਬਿਨ੍ਹਾਂ ਕੋਈ ਵਿਘਨ ਪਾਇਆ ਇਸ ਦੀ ਘੇਰਾਬੰਦੀ ਕਰ ਲਈ।ਪੁਲਿਸ ਦੀ ਹੌਂਸਲਾ ਅਫ਼ਜਾਈ ਕਰਨ ਲਈ ਏ.ਡੀ.ਪੀ ਐਸ.ਓ.ਜੀ ਰਕੇਸ਼ ਚੰਦਰਾ ਅਤੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਵੀ ਮੌਕੇ `ਤੇ ਪੁੱਜ ਗਏ ਸਨ।
            ਆਈ.ਜੀ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਇਸ ਦੌਰਾਨ ਚਲਾਈ ਗਈ ਤਲਾਸ਼ੀ ਮੁਹਿੰਮ `ਚ ਚੱਲੇ ਕਾਰਤੂਸ ਤੇ ਇੱਕ ਏਅਰ ਗੰਨ, 1 ਪਿਸਤੌਲ ਦੇਸੀ 32 ਬੋਰ, ਤਿੰਨ ਜ਼ਿੰਦਾ ਰੌਂਦ ਤੇ ਇੱਕ ਖਾਲੀ, 1 ਪਿਸਤੌਲ 12 ਬੋਰ, 4 ਜ਼ਿੰਦਾ ਤੇ ਦੋ ਖਾਲੀ ਰੌਂਦ ਤੇ ਇੱਕ 9 ਐਮ.ਐਮ ਦਾ ਪਿਸਟਲ ਤੇ 3 ਰੌਂਦ ਜਿੰਦਾ, ਦੋ ਖੋਲ ਖਾਲੀ ਵੀ ਬਰਾਮਦ ਹੋਇਆ ਹੈ।ਇਸ ਤੋਂ ਬਿਨਾਂ 10 ਤਲਵਾਰਾਂ ਤੇ 4 ਖੰਡੇ, ਦੋ ਲੋਹੇ ਦੀਆਂ ਰਾਡਾਂ, 4 ਧਾਰੀ ਮੰਡਾਸਾ, 1 ਤੀਰ ਕਮਾਨ, 4 ਭਾਲੇ, 4 ਮੁਖੀਆ ਭਾਲਾ, 1 ਲੋਹੇ ਦਾ ਸੁੰਬਾ, 2 ਪੈਟਰੋਲ ਬੰਬ 10 ਡੱਬੀਆਂ ਮਾਚਿਸ, ਸ਼ੱਕੀ ਕੈਮੀਕਲ ਦੀਆਂ 38 ਬੋਤਲਾਂ, 8 ਗੈਸ ਸਿਲੰਡਰ, 39 ਲੱਖ ਰੁਪਏ ਦੇ ਕਰੀਬ ਨਗ਼ਦੀ, 1 ਇਸਜੂ ਮਾਰਕਾ ਗੱਡੀ ਸਮੇਤ ਭੰਗ ਦੀਆਂ ਸਾਢੇ 6 ਬੋਰੀਆਂ ਵੀ ਮਿਲੀਆਂ ਹਨ।

              ਐਸ.ਐਸ.ਪੀ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਪੁਲਿਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਨੂੰ ਹੱਥ ਪਾਇਆ ਗਿਆ ਤਾਂ ਬਹੁਤ ਧਮਾਕੇ ਹੋਣਗੇ।ਇਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਲੰਗਰ `ਚ ਮੌਜੂਦ ਗੈਸ ਸਿਲੰਡਰਾਂ ਨੂੰ ਅੱਗ ਲਾਉਣ ਲਈ ਵਰਤਣ ਅਤੇ ਪੈਟਰੋਲ ਬੰਬ ਤਿਆਰ ਕਰਕੇ ਧਮਾਕੇ ਕਰਨ ਦੀ ਯੋਜਨਾ ਤਿਆਰ ਕਰ ਲਈ ਅਤੇ ਨਾਲ ਹੀ ਨੇੜਲੇ ਖੇਤਾਂ ਵਿੱਚ ਖੜੀ ਕਣਕ ਦੀ ਫਸਲ ਨੂੰ ਅੱਗ ਲਗਾਉਣ ਦੀ ਪੂਰੀ ਤਿਆਰੀ ਕਰ ਲਈ ਸੀ।ਪਰੰਤੂ ਹਵਾ ਦਾ ਰੁਖ ਗੁਰਦੁਆਰੇ ਵੱਲ ਨੂੰ ਸੀ ਅਤੇ ਇਸੇ ਸਮੇਂ ਪੁਲਿਸ ਨੇ ਬਹੁਤ ਹੀ ਪੇਸ਼ੇਵਰ ਢੰਗ ਨਾਲ ਆਪਣੀ ਕਾਰਵਾਈ ਅਮਲ ਵਿੱਚ ਲਿਆਂਉਂਦਿਆਂ ਇਨ੍ਹਾਂ ਨੂੰ ਕਾਬੂ ਕਰ ਲਿਆ।
             ਪੁਲਿਸ ਵਲੋਂ ਕੀਤੇ ਗਏ ਇਸ ਉਪਰੇਸ਼ਨ `ਚ ਮੁੱਠਭੇੜ ਮਗਰੋਂ ਕਾਬੂ ਕੀਤੇ ਗਏ ਹਮਲਾਵਰਾਂ ਵਿੱਚ ਡੇਰਾ ਮੁਖੀ 50 ਸਾਲਾ ਬਲਵਿੰਦਰ ਸਿੰਘ ਪੁੱਤਰ ਭਾਗ ਸਿੰਘ ਵਾਸੀ ਕਰਹਾਲੀ, ਨਿਰਭੈ ਸਿੰਘ (ਗੋਲੀ ਨਾਲ ਜਖ਼ਮੀ), 50 ਸਾਲਾ ਬੰਤ ਸਿੰਘ ਕਾਲਾ ਪੁੱਤਰ ਅਜੈਬ ਸਿੰਘ, 22 ਸਾਲਾ ਜਗਮੀਤ ਸਿੰਘ ਪੁੱਤਰ ਬਲਵਿੰਦਰ ਵਾਸੀ ਅਮਰਗੜ੍ਹ, 24 ਸਾਲਾ ਗੁਰਦੀਪ ਸਿੰਘ ਪੁੱਤਰ ਰੋਸ਼ਨ ਲਾਲ ਵਾਸੀ ਜੈਨ ਮੁਹੱਲਾ ਸਮਾਣਾ, ਨੰਨਾ, 75 ਸਾਲਾ ਜਗੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪ੍ਰਤਾਪਗੜ੍ਹ, 29 ਸਾਲਾ ਮਨਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਮਹਿਮੂਦਪੁਰ, 55 ਸਾਲਾ ਜਸਵੰਤ ਸਿੰਘ ਪੁੱਤਰ ਭਿੰਦਰ ਸਿੰਘ ਵਾਸੀ ਚਮਾਰੂ, ਦਰਸ਼ਨ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਧੀਰੂ ਕੀ ਮਾਜਰੀ, 25 ਸਾਲਾ ਸੁਖਪ੍ਰੀਤ ਕੌਰ ਪਤਨੀ ਜਗਮੀਤ ਸਿੰਘ ਵਾਸੀ ਡੇਰਾ ਖਿਚੜੀ ਸਾਹਿਬ ਸ਼ਾਮਲ ਹਨ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …