ਰਾਜਿੰਦਰਾ ਹਸਪਤਾਲ ਤੋਂ ਕੀਤੀ ਛੁੱਟੀ, ਘਰ ਵਿਚ ਹੀ ਇਕਾਂਤਵਾਸ ‘ਚ ਰਹਿਣ ਲਈ ਕਿਹਾ
ਪਟਿਆਲਾ, 12 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਕਿਹਾ ਕਿ ਬੀਤੇ ਦਿਨੀਂ ਸਿਵਲ ਲਾਈਨ ਏਰੀਏ ਵਿਚ ਪੀ.ਸੀ.ਐਸ.
ਅਧਿਕਾਰੀ ਦੀ ਸਰਕਾਰੀ ਕੋਠੀ ਦੇ ਕੁਆਟਰ ਵਿਚ ਰਹਿਣ ਵਾਲੇ ਮਾਲੀ ਦੇ ਕੋਵਿਡ ਪਾਜ਼ਟਿਵ ਆਉਣ ਤੇ ਉਸ ਦੇ ਨੇੜੇ ਦੇ ਸੰਪਰਕ ਵਿਚ ਆਏ 7 ਵਿਅਕਤੀਆਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾ ਕੇ ਕੋਵਿਡ ਜਾਂਚ ਲਈ ਸੈਂਪਲ ਲੈ ਕੇ ਲੈਬ ਵਿਚ ਭੇਜੇ ਗਏ ਸਨ ਅਤੇ ਲੈਬ ਤੋਂ ਆਈ ਜਾਂਚ ਰਿਪੋਰਟ ਅਨੁਸਾਰ ਇਹ ਸਾਰੇ ਵਿਅਕਤੀ ਕੋਵਿਡ ਨੈਗੇਟਿਵ ਪਾਏ ਗਏ ਹਨ, ਜਿਸ ਵਿਚ ਕੋਵਿਡ ਪਾਜ਼ਟਿਵ ਵਿਅਕਤੀ ਦਾ ਭਾਈ, ਪਤਨੀ ਅਤੇ ਬੱਚਾ ਵੀ ਸ਼ਾਮਲ ਹਨ।
ਡਾ. ਮਲਹੋਤਰਾ ਨੇ ਦੱਸਿਆ ਕਿ ਨੈਗੇਟਿਵ ਆਏ ਕੇਸਾਂ ਨੂੰ ਰਾਜਿੰਦਰਾ ਹਸਪਤਾਲ ਵਿਚੋਂ ਛੁੱਟੀ ਕਰਕੇ ਘਰ ਭੇਜ ਦਿੱਤਾ ਗਿਆ ਅਤੇ ਇਹਨਾਂ ਨੂੰ ਘਰ ਵਿਚ ਹੀ ਇਕਾਂਤਵਾਸ ‘ਚ ਰਹਿ ਕੇ ਇਹਤਿਆਤ ਵਰਤਣ ਲਈ ਕਿਹਾ ਗਿਆ ਹੈ।ਬੁਖ਼ਾਰ, ਖਾਂਸੀ ਹੋਣ ਤੇ ਤੁਰੰਤ ਸਿਹਤ ਵਿਭਾਗ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਦੇਸੀ ਮਹਿਮਾਨਦਾਰੀ ਦਾ ਕੋਵਿਡ ਪਾਜ਼ੀਟਿਵ ਕੇਸ ਬਿਲਕੁੱਲ ਠੀਕ ਠਾਕ ਹੈ ਅਤੇ ਬੀਤੇ ਦਿਨੀਂ ਉਸ ਦਾ ਕੋਵਿਡ ਜਾਂਚ ਲਈ ਲਿਆ ਸੈਂਪਲ ਨੈਗੇਟਿਵ ਆਇਆ ਹੈ ਅਤੇ ਕੱਲ ਫਿਰ ਇੱਕ ਵਾਰ ਉਸ ਦਾ ਕੋਵਿਡ ਜਾਂਚ ਲਈ ਸੈਂਪਲ ਲਿਆ ਜਾਵੇਗਾ ਜੇਕਰ ਇਸ ਸੈਂਪਲ ਦੀ ਰਿਪੋਰਟ ਵੀ ਨੈਗੇਟਿਵ ਆਈ ਤਾਂ ਇਸ ਵਿਅਕਤੀ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਜਾਵੇਗਾ।
ਸਿਵਲ ਸਰਜਨ ਨੇ ਦੱਸਿਆ ਕਿ ਰਾਮਨਗਰ ਸੈਣੀਆ ਦਾ ਕੋਵਿਡ ਪਾਜ਼ਟਿਵ ਕੇਸ ਜੋ ਕਿ ਸਿਵਲ ਹਸਪਤਾਲ ਅੰਬਾਲਾ ਵਿਚ ਦਾਖਲ ਹੈ ਦੇ ਕੋਰੋਨਾ ਸਬੰਧੀ ਕਰਵਾਏ ਦੋਨੋਂ ਟੈਸਟ ਨੈਗੇਟਿਵ ਆਏ ਹਨ ਅਤੇ ਜਲਦੀ ਹੀ ਉਸ ਨੂੰ ਸਿਵਲ ਹਸਪਤਾਲ ਅੰਬਾਲਾ ਤੋਂ ਡਿਸਚਾਰਜ ਕਰਕੇ ਘਰ ਭੇਜ ਦਿੱਤਾ ਜਾਵੇਗਾ।ਕੋਵਿਡ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਦੱਸਿਆ ਕਿ ਹੁਣ ਤੱਕ ਕੋਰੋਨਾ ਜਾਂਚ ਲਈ ਜਿਲੇ ਦੇ 125 ਸੈਂਪਲਾਂ ਵਿਚੋਂ ਦੋ ਪਾਜ਼ਟਿਵ ਅਤੇ 121 ਸੈਂਪਲਾਂ ਦੀ ਰਿਪੋਰਟ ਨੈਗਟਿਵ ਪਾਈ ਗਈ ਹੈ ਅਤੇ 2 ਦੀ ਰਿਪੋਰਟ ਆਉਣੀ ਬਾਕੀ ਹੈ।
Punjab Post Daily Online Newspaper & Print Media